ਸਮਾਂ ਦੇ ਕੇ ਮੀਟਿੰਗ ਵਿੱਚ ਨਾ ਪੁੱਜੇ ਟਰਾਂਸਪੋਰਟ ਮੰਤਰੀ
ਕੁਲਦੀਪ ਸਿੰਘ
ਚੰਡੀਗੜ੍ਹ, 22 ਅਕਤੂਬਰ
ਪੰਜਾਬ ਰੋਡਵੇਜ਼ ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਦੀ ਮੀਟਿੰਗ ਅੱਜ ਟਰਾਂਸਪੋਰਟ ਮੰਤਰੀ ਨਾਲ ਹੋਣੀ ਤੈਅ ਹੋਈ ਸੀ। ਇਸ ਵਿੱਚ ਯੂਨੀਅਨ ਅਤੇ ਵਿਭਾਗ ਦੇ ਉੱਚ ਅਧਿਕਾਰੀ ਤਾਂ ਪਹੁੰਚੇ ਪਰ ਟਰਾਂਸਪੋਰਟ ਮੰਤਰੀ ਨਾ ਪਹੁੰਚੇ। ਮੰਤਰੀ ਦੇ ਨਾ ਪਹੁੰਚਣ ’ਤੇ ਯੂਨੀਅਨ ਆਗੂ ਖਫ਼ਾ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਪਹਿਲਾਂ ਤੋਂ ਮੁਲਤਵੀ ਕੀਤੇ ਸੰਘਰਸ਼ ਨੂੰ ਚਾਲੂ ਰੱਖਣ ਦਾ ਐਲਾਨ ਕਰ ਦਿੱਤਾ। ਯੂਨੀਅਨ ਆਗੂਆਂ ਵਿੱਚ ਪ੍ਰਧਾਨ ਰੇਸ਼ਮ ਸਿੰਘ ਗਿੱਲ, ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਹਿਲੀ ਜੁਲਾਈ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਯੂਨੀਅਨ ਦੀਆਂ ਮੰਗਾਂ ਦਾ ਮਹੀਨੇ ਵਿੱਚ ਹੱਲ ਕੱਢਿਆ ਜਾਵੇਗਾ ਪਰ ਚਾਰ ਮਹੀਨੇ ਬੀਤਣ ’ਤੇ ਵੀ ਕੋਈ ਹੱਲ ਨਹੀਂ ਹੋਇਆ ਅਤੇ ਅੱਜ ਦੀ ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ ਨਾ ਆਏ।
ਅੱਜ ਪੰਜਾਬ ਦੇ ਸਾਰੇ ਬੱਸ ਅੱਡੇ ਦੋ ਘੰਟੇ ਲਈ ਬੰਦ ਰੱਖਣ ਦਾ ਐਲਾਨ
ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਹਮਾਇਤ ਨਾਲ ਸਾਂਝੇ ਤੌਰ ’ਤੇ ਮੁਲਤਵੀ ਕੀਤੇ ਸੰਘਰਸ਼ ਨੂੰ ਮੁੜ ਚਾਲੂ ਕਰਦਿਆਂ 23 ਅਕਤੂਬਰ ਨੂੰ ਸਵੇਰ 10 ਤੋਂ ਦੁਪਹਿਰ 12 ਵਜੇ ਤੱਕ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ ਕੀਤੇ ਜਾਣਗੇ। ਜੇ 29 ਅਕਤੂਬਰ ਨੂੰ ਰੱਖੀ ਗਈ ਅਗਲੀ ਮੀਟਿੰਗ ਵਿੱਚ ਵੀ ਟਰਾਂਸਪੋਰਟ ਮੰਤਰੀ ਨੇ ਆ ਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਜ਼ਿਮਨੀ ਚੋਣਾਂ ਵਿੱਚ ਸਰਕਾਰ ਖ਼ਿਲਾਫ਼ ਝੰਡਾ ਮਾਰਚ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।