ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਜਲੰਧਰ, 21 ਜੁਲਾਈ
4ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਅੱਜ ਕੰਧਾਲਾ ਗੁਰੂ ਨਿਵਾਸੀਆਂ ਵੱਲੋਂ ਆਪਣੇ ਪਿੰਡ ਵਿੱਚ ਪ੍ਰਸਤਾਵਿਤ ਸੀਐੱਨਜੀ ਫੈਕਟਰੀ ਵਿਰੁੱਧ ਕੀਤੇ ਜਾ ਰਹੇ ਵਿਰੋਧ ਦੀ ਹਮਾਇਤ ਕੀਤੀ। ਕੈਬਨਿਟ ਮੰਤਰੀ ਨੇ ਕੰਧਾਲਾ ਗੁਰੂ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਲੋਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨਗੇ ਤਾਂ ਜੋ ਪ੍ਰਸਤਾਵਿਤ ਸੀਐੱਨਜੀ ਫੈਕਟਰੀ ਉਨ੍ਹਾਂ ਦੇ ਪਿੰਡ ਵਿੱਚ ਕੰਮ ਕਰਨਾ ਸ਼ੁਰੂ ਨਾ ਕਰੇ।
ਕੰਧਾਲਾ ਗੁਰੂ ਤੇ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਵਿਸਥਾਰਤ ਗੱਲਬਾਤ ਦੌਰਾਨ ਮੰਤਰੀ ਨੇ ਫੈਕਟਰੀ ਦੇ ਸਿਹਤ ਅਤੇ ਵਾਤਾਵਰਨ ਸਬੰਧੀ ਸੰਭਾਵੀ ਜੋਖਮ ਬਾਰੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਪਿੰਡ ਵਾਲਿਆਂ ਨੇ ਮੰਤਰੀ ਨੂੰ ਦੱਸਿਆ ਕਿ ਬਾਇਓ ਸੀਐੱਨਜੀ ਫੈਕਟਰੀ ਉਨ੍ਹਾਂ ਦੇ ਖੇਤਾਂ ਦੀ ਮਿੱਟੀ, ਪਾਣੀ ਤੇ ਹਵਾ ਦੀ ਗੁਣਵੱਤਾ ਲਈ ਬਹੁਤ ਵੱਡਾ ਖ਼ਤਰਾ ਹੈ।
ਉਨ੍ਹਾਂ ਫੈਕਟਰੀ ਦਾ ਸੰਚਾਲਨ ਰੋਕਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਸ਼ਿਕਾਇਤਾਂ ਸੁਣਨ ਮਗਰੋਂ ਕੈਬਨਿਟ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦੀ ਆਵਾਜ਼ ਸਰਬਉੱਚ ਹੁੰਦੀ ਹੈ।ਉਨ੍ਹਾਂ ਪਿੰਡ ਵਾਸੀਆਂ ਨੂੰ ਸਾਥ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਫੈਕਟਰੀ ਨੂੰ ਕੰਮ ਸ਼ੁਰੂ ਕਰਨ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਮੰਤਰੀ ਨੇ ਕੰਧਾਲਾ ਗੁਰੂ ਦੇ ਵਸਨੀਕਾਂ ਦੀ ਸਿਹਤ ਅਤੇ ਵਾਤਾਵਰਨ ਦੀ ਰਾਖੀ ਲਈ ਆਪਣੀ ਵਚਨਬੱਧਤਾ ਦੁਹਰਾਈ।