For the best experience, open
https://m.punjabitribuneonline.com
on your mobile browser.
Advertisement

ਖਣਨ ਮਾਫੀਆ ਨੇ ਰਾਵੀ ਦਰਿਆ ਵਿੱਚ ਬਣਾਇਆ ਪੁਲ

07:18 AM Apr 29, 2024 IST
ਖਣਨ ਮਾਫੀਆ ਨੇ ਰਾਵੀ ਦਰਿਆ ਵਿੱਚ ਬਣਾਇਆ ਪੁਲ
ਰਾਵੀ ਦਰਿਆ ’ਤੇ ਬਣਾਏ ਪੁਲ ਤੋਂ ਪੰਜਾਬ ’ਚ ਦਾਖਲ ਹੋ ਰਿਹਾ ਟਿੱਪਰ।
Advertisement

ਐਨਪੀ ਧਵਨ
ਪਠਾਨਕੋਟ, 28 ਅਪਰੈਲ
ਖਣਨ ਮਾਫੀਆ ਨੇ ਆਪਣੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਜਾਰੀ ਰੱਖਣ ਲਈ ਰਾਵੀ ਦਰਿਆ ਵਿੱਚ ਬੇਹੜੀਆਂ, ਛੰਨੀ ਸ਼ਹਿਰ ਖੇਤਰ ਵਿੱਚ ਚੋਰ ਰਸਤਾ ਬਣਾ ਲਿਆ ਹੈ। ਇਹ ਰਸਤਾ ਪੰਜਾਬ ਖੇਤਰ ਦੇ ਪਿੰਡ ਛੰਨੀ ਸ਼ਹਿਰ ਦੇ ਬਿਲਕੁਲ ਸਾਹਮਣੇ ਪੈਂਦੇ ਰਾਵੀ ਦਰਿਆ ਵਿੱਚ ਪਾਈਪਾਂ ਦਾ ਪੁਲ ਵਿਛਾ ਕੇ ਬਣਾਇਆ ਗਿਆ ਹੈ। ਇੱਥੇ ਚਾਰ ਮਹੀਨੇ ਪਹਿਲਾਂ ਪੁਲੀਸ ਨੇ ਆਵਾਜਾਈ ਬੰਦ ਕਰਵਾ ਦਿੱਤੀ ਸੀ। ਖਣਨ ਵਿਭਾਗ ਦਾ ਦਰਿਆ ਕਿਨਾਰੇ ਲੱਗਿਆ ਹੋਇਆ ਨਾਕਾ ਬੰਦ ਪਿਆ ਹੈ। ਰਾਵੀ ਦਰਿਆ ਦਾ ਇੱਕ ਕਿਨਾਰਾ ਪੰਜਾਬ ਜਦੋਂਕਿ ਦੂਜਾ ਜੰਮੂ-ਕਸ਼ਮੀਰ ਖੇਤਰ ਵਿੱਚ ਪੈਂਦਾ ਹੈ। ਪੰਜਾਬ ’ਚ ਖਣਨ ਬੰਦ ਹੈ ਪਰ ਜੰਮੂ-ਕਸ਼ਮੀਰ ਵਾਲੇ ਪਾਸੇ ਮਸ਼ੀਨਾਂ ਖਣਨ ਕਰ ਰਹੀਆਂ ਹਨ। ਉੱਥੋਂ ਟਿੱਪਰ ਬਿਨਾ ਰੋਕ-ਟੋਕ ਪੰਜਾਬ ਦੇ ਬੇਹੜੀਆਂ ਖੇਤਰ ਵਿੱਚ ਲੱਗੇ ਸਟੋਨ ਕਰੈਸ਼ਰਾਂ ’ਤੇ ਜਾ ਰਹੇ ਹਨ। ਇੱਥੋਂ ਰੇਤਾ ਤੇ ਬੱਜਰੀ ਨਾਲ ਭਰੇ ਹੋਏ ਟਿੱਪਰ ਵੀ ਪੰਜਾਬ ਦੇ ਦੂਜੇ ਸ਼ਹਿਰਾਂ ਨੂੰ ਜਾਂਦੇ ਹਨ। ਪਿੰਡਾਂ ਸ਼ਹਿਰ ਛੰਨੀ, ਅੱਤੇਪੁਰ, ਭੂਰਚੱਕ, ਫਿਰੋਜ਼ਪੁਰ ਕਲਾਂ ਆਦਿ ਦੇ ਸਰਪੰਚਾਂ ਨੇ ਸੁਜਾਨਪੁਰ ਥਾਣੇ ਦੀ ਪੁਲੀਸ ਨੂੰ ਲਿਖਤੀ ਦਰਖ਼ਾਸਤ ਦੇ ਕੇ ਰਾਤ ਸਮੇਂ ਲੰਘਦੇ ਟਿੱਪਰਾਂ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਸੀ।
ਬੇਹੜੀਆਂ, ਛੰਨੀ ਸ਼ਹਿਰ ਆਦਿ ਇਲਾਕੇ ਦਾ ਦੌਰਾ ਕਰਨ ’ਤੇ ਦੇਖਿਆ ਕਿ ਰਾਵੀ ਦਰਿਆ ਵਿੱਚ 7 ਵੱਡੀਆਂ ਪਾਈਪਾਂ ਪਾ ਕੇ ਪੁਲ ਬਣਾਇਆ ਹੋਇਆ ਸੀ ਤੇ ਜੰਮੂ ਕਸ਼ਮੀਰ ਦੀ ਤਰਫ਼ ਪੋਕਲੇਨ ਮਸ਼ੀਨਾਂ ਖਣਨ ਕਰ ਰਹੀਆਂ ਸਨ। ਰਾਵੀ ਦਰਿਆ ਦੇ ਉਰਲੇ ਪਾਸੇ ਪੰਜਾਬ ਖੇਤਰ ਅੰਦਰ ਖਣਨ ਬੰਦ ਹੋਣ ਕਾਰਨ ਇੱਧਰ ਦੇ ਟਿੱਪਰ ਉਨ੍ਹਾਂ ਮਸ਼ੀਨਾਂ ਤੋਂ ਕੱਚਾ ਮਾਲ ਭਰਵਾ ਕੇ ਵਾਪਸ ਪੰਜਾਬ ਖੇਤਰ ਅੰਦਰ ਆ ਰਹੇ ਸਨ।
ਜਾਣਕਾਰੀ ਮੁਤਾਬਕ ਇਹ ਪੁਲ 4 ਮਹੀਨੇ ਪਹਿਲਾਂ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ ਸੀ। ਤਤਕਾਲੀ ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਤੇ ਡੀਐੱਸਪੀ ਰਾਜਿੰਦਰ ਮਿਨਹਾਸ ਨੇ ਇਸ ਚੋਰ ਰਸਤੇ ਵਿੱਚ ਵੱਡਾ ਟੋਆ ਪੁੱਟ ਕੇ ਇਸ ਨੂੰ ਬੰਦ ਕਰ ਦਿੱਤਾ ਸੀ।
ਖਣਨ ਵਿਭਾਗ ਦੇ ਐਕਸੀਅਨ-ਕਮ-ਜ਼ਿਲ੍ਹਾ ਖਣਨ ਅਫ਼ਸਰ ਆਕਾਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਆਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜੰਮੂ ਕਸ਼ਮੀਰ ਦੀ ਤਰਫੋਂ ਖਣਨ ਸਮੱਗਰੀ ਪੰਜਾਬ ’ਚ ਨਹੀਂ ਆ ਸਕਦੀ, ਇਸ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਉੱਥੇ ਲੱਗੇ ਨਾਕੇ ’ਤੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ।
ਜ਼ਿਲ੍ਹਾ ਪੁਲੀਸ ਮੁਖੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਉਹ ਜਾਂਚ ਕਰਵਾ ਲੈਂਦੇ ਹਨ ਤੇ ਹਰ ਹਾਲਤ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×