ਖਣਨ ਵਿਭਾਗ ਪੁਰਾਣੇ ਟੋਇਆਂ ਦੇ ਆਧਾਰ ’ਤੇ ਵਾਰ-ਵਾਰ ਕਰਨ ਲੱਗਾ ਕਾਰਵਾਈ
ਜਗਮੋਹਨ ਸਿੰਘ
ਰੂਪਨਗਰ, 28 ਅਕਤੂਬਰ
ਖਣਨ ਵਿਭਾਗ ਰੂਪਨਗਰ ਵੱਲੋਂ ਕਥਿਤ ਤੌਰ ’ਤੇ ਪੁਰਾਣੇ ਖੱਡਿਆਂ ਨੂੰ ਆਧਾਰ ਬਣਾ ਕੇ ਹੀ ਵਾਰ-ਵਾਰ ਗੈਰ-ਕਾਨੂੰਨੀ ਖਣਨ ਦੇ ਪਰਚੇ ਦਰਜ ਕਰਵਾਏ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਕੋਈ ਵਿਅਕਤੀ ਖਣਨ ਵਿਭਾਗ ਕੋਲ ਗੈਰ-ਕਾਨੂੰਨੀ ਖਣਨ ਹੋਣ ਦੀ ਸ਼ਿਕਾਇਤ ਕਰਦਾ ਹੈ ਤਾਂ ਖਣਨ ਵਿਭਾਗ ਵੱਲੋਂ ਤੁਰੰਤ ਕੇਸ ਦਰਜ ਕਰਵਾ ਦਿੱਤਾ ਜਾਂਦਾ ਹੈ। ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ਵਿੱਚ ਪੈਂਦੇ ਕਸਬਾ ਪੁਰਖਾਲੀ ਦੇ ਆਲੇ-ਦੁਆਲੇ ਅਜਿਹੇ ਕਈ ਕੇਸ ਹੋ ਚੁੱਕੇ ਹਨ। ਤਾਜ਼ਾ ਮਾਮਲਾ ਪਿੰਡ ਕੁਦਸਪੁਰ ਬੜੀ ਦਾ ਸਾਹਮਣੇ ਆਇਆ ਹੈ ਜਿੱਥੇ ਸ਼ਿਕਾਇਤਕਰਤਾ ਵੱਲੋਂ ਖਣਨ ਵਿਭਾਗ ਨੂੰ ਦਿਖਾਈ ਗਈ ਜਗ੍ਹਾ ’ਤੇ ਘਾਹ ਉੱਗਿਆ ਹੋਇਆ ਹੈ ਅਤੇ ਇੱਥੇ ਤਾਜ਼ਾ ਖਣਨ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ। ਇਸੇ ਤਰ੍ਹਾਂ ਰਾਮਪੁਰ ਤੇ ਹੋਰਨਾਂ ਥਾਵਾਂ ’ਤੇ ਵੀ ਇੱਕੋ ਟੋਏ ਦੇ ਆਧਾਰ ’ਤੇ ਇੱਕ ਤੋਂ ਵੱਧ ਪਰਚੇ ਦਰਜ ਕੀਤੇ ਜਾ ਚੁੱਕੇ ਹਨ। ਪਿੰਡ ਕੁਦਸਪੁਰ ਬੜੀ ਵਿੱਚ ਗੈਰ-ਕਾਨੂੰਨੀ ਖਣਨ ਦੇ ਸਬੰਧ ਵਿੱਚ ਪੁਲੀਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਨੰਬਰ-89, ਮਿਤੀ 26-09-2023 ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਐਫਆਈਆਰ ਵਿੱਚ ਖਣਨ ਵਿਭਾਗ ਦੇ ਜੂਨੀਅਰ ਇੰਜਨੀਅਰ-ਕਮ-ਖਣਨ ਇੰਸਪੈਕਟਰ ਸੋਬਤ ਵੱਲੋਂ ਲਿਖਵਾਏ ਬਿਆਨਾਂ ਅਨੁਸਾਰ ਉਨ੍ਹਾਂ ਨੂੰ ਸ਼ਿਕਾਇਤਕਰਤਾ ਰਵਿੰਦਰ ਸਿੰਘ ਨੇ 26 ਸਤੰਬਰ ਨੂੰ ਪਿੰਡ ਕੁਦਸਪੁਰ ਬੜੀ ਵਿੱਚ ਨਾਜਾਇਜ਼ ਖਣਨ ਸਬੰਧੀ ਮੌਕਾ ਦਿਖਾਇਆ ਸੀ ਅਤੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਪਏ ਪੁਰਾਣੇ ਖੱਡੇ ਦਿਖਾਉਂਦਿਆਂ ਕਿਹਾ ਗਿਆ ਕਿ ਇਹ ਖੱਡੇ ਪਿੰਡ ਦੇ ਸਰਪੰਚ ਵੱਲੋਂ ਕਰਵਾਏ ਗਏ ਹਨ। ਉਨ੍ਹਾਂ ਮੁਤਾਬਿਕ ਸ਼ਿਕਾਇਤਕਰਤਾ ਨਾ ਤਾਂ ਇਹ ਦੱਸ ਸਕਿਆ ਕਿ ਖੱਡੇ ਕਦੋਂ ਦੇ ਪਏ ਹੋਏ ਹਨ ਅਤੇ ਨਾ ਹੀ ਕਿਸੇ ਟਿੱਪਰ ਜਾਂ ਟਰਾਲੀ ਦੇ ਰਜਿਸਟਰੇਸ਼ਨ ਨੰਬਰ ਜਾਂ ਰੰਗ ਸਬੰਧੀ ਕੋਈ ਜਾਣਕਾਰੀ ਦੇ ਸਕਿਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਤਾਜ਼ਾ ਖਣਨ ਦਾ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਖਣਨ ਵਿਭਾਗ ਨੇ ਪਰਚਾ ਦਰਜ ਕਰਵਾ ਦਿੱਤਾ। ਇਸ ਸਬੰਧੀ ਪਿੰਡ ਦੀ ਸਰਪੰਚ ਪੁਸ਼ਪਾ ਦੇਵੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਕਿਧਰੇ ਵੀ ਖਣਨ ਨਹੀਂ ਹੋ ਰਿਹਾ। ਸ਼ਿਕਾਇਤਕਰਤਾ ਰਵਿੰਦਰ ਸਿੰਘ ਨੇ ਇਸ ਸਬੰਧੀ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਕੀ ਕਹਿੰਦੇ ਨੇ ਅਧਿਕਾਰੀ
ਉੱਧਰ, ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਖਣਨ ਅਫਸਰ ਰੂਪਨਗਰ ਹਰਸ਼ਾਂਤ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ।