For the best experience, open
https://m.punjabitribuneonline.com
on your mobile browser.
Advertisement

ਮੌਸਮ ਵਿਭਾਗ ਵੱਲੋਂ ਦਿੱਲੀ ਤੇ ਹੋਰ ਇਲਾਕਿਆਂ ਲਈ ‘ਰੈੱਡ ਅਲਰਟ’ ਜਾਰੀ

08:35 AM May 23, 2024 IST
ਮੌਸਮ ਵਿਭਾਗ ਵੱਲੋਂ ਦਿੱਲੀ ਤੇ ਹੋਰ ਇਲਾਕਿਆਂ ਲਈ ‘ਰੈੱਡ ਅਲਰਟ’ ਜਾਰੀ
ਗਰਮੀ ਤੋਂ ਰਾਹਤ ਪਾਉਣ ਲਈ ਯਮੁਨਾ ਦਰਿਆ ’ਤੇ ਬਣੇ ਪੁਲ ਦੀ ਛਾਂ ਹੇਠ ਆਰਾਮ ਕਰਦੇ ਹੋਏ ਲੋਕ। -ਫੋਟੋ: ਰਾਇਟਰਜ਼
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਈ
ਮੌਸਮ ਵਿਭਾਗ ਨੇ ਚੱਲ ਰਹੀਆਂ ਗਰਮ ਹਵਾਵਾਂ ਦੇ ਮੱਦੇਨਜ਼ਰ ਵਧ ਰਹੀ ਤਪਸ਼ ਕਾਰਨ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਵਿਭਾਗ ਵੱਲੋਂ ਜਾਰੀ ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਚੱਲ ਰਹੇ ਹਫ਼ਤੇ ਵਿੱਚ 48 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਮੌਸਮ ਵਿਭਾਗ ਨੇ ਅੱਜ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਗਰਮੀ ਵਧਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਹੈ।
ਨਜ਼ਫਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ, ਦਿੱਲੀ ਵਿੱਚ ਬੀਤੇ ਦਿਨ ਦੇ ਮੁਕਾਬਲੇ ਤਾਪਮਾਨ ਵਿੱਚ ਕੁਝ ਗਿਰਾਵਟ ਨਜ਼ਰ ਆਈ ਅਤੇ ਅੱਜ ਦਿੱਲੀ ਦੇ ਵੱਖ-ਵੱਖ ਮੌਸਮ ਜਾਂਚ ਕੇਂਦਰਾਂ ਵਿੱਚ ਔਸਤਨ ਤਾਪਮਾਨ 41 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ। ਕਰਾੜੀ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ, ਜਦੋਂਕਿ ਘੱਟੋ-ਘੱਟ ਤਾਪਮਾਨ 31 ਡਿਗਰੀ ਰਿਹਾ। ਅੱਜ ਵੀ ਰਾਜਸਥਾਨ ਵੱਲੋਂ ਗਰਮ ਹਵਾਵਾਂ ਆਈਆਂ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਵੇਲੇ ਸੜਕਾਂ ’ਤੇ ਲੋਕਾਂ ਦੀ ਆਵਾਜਾਈ ਘੱਟ ਨਜ਼ਰ ਆਈ।
ਸਥਾਨਕ ਮੌਸਮ ਵਿਭਾਗ ਨੇ ਕਿਹਾ ਕਿ ਤੇਜ਼ ਗਰਮੀ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਤੱਕ ਵਧ ਸਕਦਾ ਹੈ ਅਤੇ ਪਾਰਾ ਆਮ ਨਾਲੋਂ ਕਾਫ਼ੀ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਆਈਐੱਮਡੀ ਨੇ ਆਪਣੇ ਕਿਹਾ ਹੈ ਕਿ ਉੱਤਰੀ ਸੂਬਿਆਂ ਵਿੱਚ ਗਰਮ ਹਵਾਵਾਂ ਕਾਰਨ ਗਰਮੀ ਵਧਣ ਕਾਰਨ
ਮੌਸਮੀ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਦਿੱਲੀ ਵਿੱਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਕੌਮੀ ਰਾਜਧਾਨੀ ਵਿੱਚ ਵੱਧਦੇ ਤਾਪਮਾਨ ਅਤੇ ਮੌਸਮ ਵਿਭਾਗ ਵੱਲੋਂ ਸ਼ਹਿਰ ਵਿੱਚ ਰੈੱਡ ਅਲਰਟ ਜਾਰੀ ਕਰਨ ਦੇ ਮੱਦੇਨਜ਼ਰ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ’ਤੇ ਗਰਮੀ ਨੂੰ ਹਰਾਉਣ ਲਈ ਬੁਨਿਆਦੀ ਪ੍ਰਬੰਧਾਂ ਦੀ ਮੰਗ ਕਰ ਰਹੀਆਂ ਹਨ।

Advertisement

ਬਿਜਲੀ ਦੀ ਸਪਲਾਈ ਵਿੱਚ ਕੋਈ ਸਮੱਸਿਆ ਨਹੀਂ: ਆਤਿਸ਼ੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਨੇ ਮਈ ’ਚ ਹੀ ਬਿਜਲੀ ਦੀ ਖਪਤ ਦੇ ਮਾਮਲੇ ’ਚ ਆਪਣਾ 15 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇੱਥੇ ਬਿਜਲੀ ਦੀ ਮੰਗ ਸੱਤ ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਇਸ ਦੇ ਬਾਵਜੂਦ ਕੇਜਰੀਵਾਲ ਸਰਕਾਰ ਆਪਣੇ ਨਾਗਰਿਕਾਂ ਨੂੰ 24 ਘੰਟੇ ਬਿਜਲੀ ਦੇ ਰਹੀ ਹੈ। ਬਿਜਲੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਸ ਸਮੇਂ ਦਿੱਲੀ ਨੂੰ ਤੇਜ਼ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ 21 ਮਈ ਨੂੰ ਬਿਜਲੀ ਦੀ ਮੰਗ 7717 ਮੈਗਾਵਾਟ ਤੱਕ ਪਹੁੰਚ ਗਈ। ਗਰਮੀ ਅਤੇ ਭਾਰੀ ਮੰਗ ਦੇ ਬਾਵਜੂਦ ਦਿੱਲੀ ਵਿੱਚ ਬਿਜਲੀ ਸਪਲਾਈ ਵਿੱਚ ਕੋਈ ਸਮੱਸਿਆ ਨਹੀਂ ਹੈ ਤੇ ਕਿਤੇ ਵੀ ਬਿਜਲੀ ਦੇ ਕੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਜੁਲਾਈ-ਅਗਸਤ ਵਿੱਚ ਹੁੰਮਸ ਭਰੀ ਗਰਮੀ ਕਾਰਨ ਬਿਜਲੀ ਦੀ ਖਪਤ ਵੱਧ ਜਾਂਦੀ ਹੈ ਪਰ ਇਸ ਵਾਰ ਮਈ ਵਿੱਚ ਹੀ ਮੰਗ ਕਾਫੀ ਵਧ ਗਈ ਹੈ। ਜੁਲਾਈ-ਅਗਸਤ ’ਚ ਬਿਜਲੀ ਦੀ ਮੰਗ ਅੱਠ ਹਜ਼ਾਰ ਮੈਗਾਵਾਟ ਤੱਕ ਪਹੁੰਚ ਸਕਦੀ ਹੈ ਅਤੇ ਦਿੱਲੀ ਸਰਕਾਰ ਇਸ ਸਬੰਧੀ ਪਹਿਲਾਂ ਹੀ ਤਿਆਰ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਗੁਆਂਢੀ ਰਾਜਾਂ ਵਿੱਚ ਜਿੱਥੇ ਭਾਜਪਾ ਦੀ ਸੱਤਾ ਹੈ, ਵਿੱਚ ਲੰਬੇ ਸਮੇਂ ਤੋਂ ਬਿਜਲੀ ਕੱਟ ਲੱਗ ਰਹੇ ਹਨ। ਯੂਪੀ ਦੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਭਾਰੀ ਬਿਜਲੀ ਕੱਟ ਹੈ। ਦਿੱਲੀ ਦੇ ਬਿਜਲੀ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਦਿੱਲੀ ਸਕੱਤਰੇਤ ’ਚ ਪ੍ਰੈੱਸ ਕਾਨਫਰੰਸ ਕੀਤੀ ਅਤੇ ਤੇਜ਼ ਗਰਮੀ ’ਚ ਬਿਜਲੀ ਦੀ ਵਧਦੀ ਮੰਗ ਦੇ ਬਾਵਜੂਦ 24 ਘੰਟੇ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ’ਚ ਤਾਪਮਾਨ 48 ਡਿਗਰੀ ਤੱਕ ਪਹੁੰਚ ਗਿਆ। ਵਧਦੀ ਗਰਮੀ ਕਾਰਨ 15 ਸਾਲਾਂ ’ਚ ਪਹਿਲੀ ਵਾਰ ਮਈ ’ਚ ਬਿਜਲੀ ਦੀ ਮੰਗ ਸਿਖਰ ’ਤੇ ਪਹੁੰਚ ਗਈ ਹੈ। ਦਿੱਲੀ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ ਆਮ ਤੌਰ ’ਤੇ ਜੁਲਾਈ-ਅਗਸਤ ਦੇ ਮਹੀਨਿਆਂ ਵਿੱਚ ਹੁੰਦੀ ਹੈ। 2014 ਦੀਆਂ ਗਰਮੀਆਂ ਨੂੰ ਯਾਦ ਕਰਦਿਆਂ ਬਿਜਲੀ ਮੰਤਰੀ ਆਤਿਸ਼ੀ ਨੇ ਕਿਹਾ ਕਿ 2014 ਵਿੱਚ ਬਿਜਲੀ ਦੀ ਸਿਖਰ ਮੰਗ 5925 ਮੈਗਾਵਾਟ ਤੱਕ ਪਹੁੰਚ ਗਈ ਸੀ।

Advertisement
Author Image

joginder kumar

View all posts

Advertisement
Advertisement
×