For the best experience, open
https://m.punjabitribuneonline.com
on your mobile browser.
Advertisement

ਮਸੀਹਾ

08:02 AM Aug 31, 2024 IST
ਮਸੀਹਾ
Advertisement

ਸ਼ਿਵੰਦਰ ਕੌਰ

ਪੰਜਾਬ ਅਤਿਵਾਦ ਦੇ ਦੌਰ ਵਿੱਚੋਂ ਲੰਘ ਰਿਹਾ ਸੀ। ਲੋਕ ਦਿਨ ਛਿਪਣ ਤੋਂ ਪਹਿਲਾਂ ਹੀ ਆਪੋ ਆਪਣੇ ਘਰਾਂ ਵਿੱਚ ਵੜ ਬਹਿੰਦੇ ਸਨ। ਹਰ ਪਾਸੇ ਡਰ ਦਾ ਮਾਹੌਲ ਸੀ। ਜ਼ਿੰਦਗੀ ਦੀ ਰਫ਼ਤਾਰ ਮੱਠੀ ਜ਼ਰੂਰ ਹੋ ਗਈ ਸੀ ਪਰ ਰੁਕੀ ਨਹੀਂ ਸੀ। ਅੱਜ ਵੀ ਜਦੋਂ ਉਸ ਦਿਨ ਦੀ ਘਟਨਾ ਯਾਦ ਆਉਂਦੀ ਹੈ ਜਿਸ ਦੇ ਨਕਸ਼ ਸਾਲਾਂ ਦੀ ਧੂੜ ਵੀ ਮੱਧਮ ਨਹੀਂ ਪਾ ਸਕੀ ਤਾਂ ਉਸ ਫਰਿਸ਼ਤੇ ਵਰਗੇ ਇਨਸਾਨ ਨੂੰ ਯਾਦ ਕਰਕੇ ਮੇਰਾ ਸਿਰ ਸਤਿਕਾਰ ਵਜੋਂ ਆਪਣੇ ਆਪ ਝੁਕ ਜਾਂਦਾ ਹੈ ਜਿਸ ਨੇ ਔਖੇ ਸਮੇਂ ਮਸੀਹਾ ਬਣ ਕੇ ਸਾਡੀ ਡੁੱਬਦੀ ਬੇੜੀ ਨੂੰ ਪਾਰ ਲਗਾਇਆ ਸੀ।
ਗੱਲ ਇਉਂ ਹੋਈ ਮੈਂ ਤੇ ਮੇਰੀ ਇੱਕ ਕੁਲੀਗ ਛੁੱਟੀ ਮਿਲਦਿਆਂ ਸਾਰ ਸ੍ਰੀ ਮੁਕਤਸਰ ਸਾਹਿਬ ਵਾਲੀ ਬੱਸ ਚੜ੍ਹ ਗਈਆਂ। ਮਹੀਨੇ ਕੁ ਬਾਅਦ ਪਿੰਡ ਜਾਣ ਦੇ ਚਾਅ ਕਾਰਨ ਅਸੀਂ ਇਹ ਵੀ ਨਾ ਸੋਚਿਆ ਕਿ ਸਮੇਂ ਦੀ ਮਾਰ ਝੱਲਦੀਆਂ ਬੱਸਾਂ ਵੀ ਜਲਦੀ ਬੰਦ ਹੋ ਜਾਂਦੀਆਂ ਹਨ। ਬਸ ਆਪਣਾ ਹੀ ਹਿਸਾਬ ਕਿਤਾਬ ਲਾ ਲਿਆ ਕਿ ਆਖ਼ਰੀ ਬੱਸ ਦੇ ਸਮੇਂ ਨੂੰ ਪਹੁੰਚ ਹੀ ਜਾਵਾਂਗੀਆਂ। ਮੁਕਤਸਰ ਤੋਂ ਕੋਟਕਪੂਰੇ ਵਾਲੀ ਜੋ ਬੱਸ ਮਿਲੀ ਢੀਚਕ ਢੀਚਕ ਕਰਦੀ ਨੇ ਰਾਹ ਵਿੱਚ ਹੀ ਬਹੁਤ ਸਮਾਂ ਲਗਾ ਦਿੱਤਾ। ਕੋਟਕਪੂਰੇ ਪਹੁੰਚ ਕੇ ਮੋਗੇ ਨੂੰ ਜਾਣ ਵਾਲੀਆਂ ਬੱਸਾਂ ਖੜ੍ਹਨ ਵਾਲੀ ਥਾਂ ਗਈਆਂ ਤਾਂ ਆਖ਼ਰੀ ਬੱਸ ਛੇ ਵਜੇ ਹੀ ਨਿਕਲ ਗਈ ਸੀ। ਪਤਾ ਲੱਗਦਿਆਂ ਹੀ ਸਾਡੇ ਸਾਹ ਸੁੱਕ ਗਏ। ਰੋਣੀ ਸੂਰਤ ਬਣਾਈ ਅਸੀਂ ਇੱਕ ਦੂਜੀ ਦੇ ਮੂੰਹ ਵੱਲ ਤੱਕ ਰਹੀਆਂ ਸੀ।
ਚਿੱਟਾ ਕੁੜਤਾ, ਚਿੱਟਾ ਚਾਦਰਾ, ਸਿਰ ’ਤੇ ਚਿੱਟੀ ਪੱਗ, ਦਗ-ਦਗ ਕਰਦਾ ਚਿਹਰਾ, ਹੱਥ ਵਿੱਚ ਖੂੰਡਾ ਫੜੀ ਖੜ੍ਹਾ ਇੱਕ ਬਜ਼ੁਰਗ ਸਾਡੇ ਚਿਹਰਿਆਂ ਵੱਲ ਧਿਆਨ ਨਾਲ ਤੱਕ ਰਿਹਾ ਸੀ। ਉਸ ਨੇ ਕੋਲ ਆ ਕੇ ਪੁੱਛਿਆ, ‘‘ਕੀ ਗੱਲ ਹੋ ਗਈ ਪੁੱਤ?’’ “ਬਾਬਾ ਜੀ, ਅਸੀਂ ਮੋਗੇ ਜਾਣਾ ਸੀ ਪਰ ਸਾਡੀ ਬੱਸ ਲੰਘ ਗਈ।’’ ਉਸ ਦੇ ਹਮਦਰਦੀ ਭਰੇ ਬੋਲ ਸੁਣ ਕੇ ਸਾਡੇ ਕੋਲੋਂ ਝੱਟ ਦੱਸਿਆ ਗਿਆ। ‘‘ਕੋਈ ਨਾ ਪੁੱਤ, ਮੈਂ ਵੀ ਮੋਗੇ ਹੀ ਜਾਣਾ, ਕਰਦੇ ਐਂ ਕੋਈ ਹੀਲਾ। ਇੱਥੇ ਖੜ੍ਹਿਆਂ ਤਾਂ ਆਪਣਾ ਕੁਝ ਨਹੀਂ ਬਣਨਾ। ਆਪਾਂ ਮੋਗੇ ਵਾਲੀ ਸੜਕ ’ਤੇ ਜਾ ਕੇ ਖੜ੍ਹਦੇ ਹਾਂ।’’
ਉਹ ਸਮਾਂ ਹੀ ਅਜਿਹਾ ਸੀ ਕਿ ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ਅੱਜ-ਕੱਲ੍ਹ ਵਾਂਗ ਨਿੱਘਰੀਆਂ ਨਹੀਂ ਸਨ। ਇਸ ਲਈ ਅਸੀਂ ਝੱਟ ਬਜ਼ੁਰਗਾਂ ’ਤੇ ਵਿਸ਼ਵਾਸ ਕਰਕੇ ਉਨ੍ਹਾਂ ਨਾਲ ਸੜਕ ’ਤੇ ਆ ਗਈਆਂ। ਐਨੇ ਨੂੰ ਇੱਕ ਟਰੱਕ ਵਾਲਾ ਆਉਂਦਾ ਦਿਸਿਆ। ਬਾਬਾ ਜੀ ਨੇ ਹੱਥ ਦੇ ਕੇ ਉਸ ਨੂੰ ਖੜ੍ਹਾ ਲਿਆ ਅਤੇ ਉਸ ਅੱਗੇ ਇੱਕ ਬੇਨਤੀ ਕੀਤੀ ਕਿ ‘ਮੇਰੇ ਨਾਲ ਮੇਰੀਆਂ ਪੋਤੀਆਂ ਹਨ, ਸਾਡੀ ਆਖ਼ਰੀ ਬੱਸ ਨਿਕਲ ਗਈ ਹੈ। ਸਾਊ ਸਾਨੂੰ ਮੋਗੇ ਤੱਕ ਲੈ ਚੱਲ।’ ਟਰੱਕ ਵਾਲਾ ਮੰਨ ਗਿਆ। ਉਸ ਨੇ ਬਾਰੀ ਖੋਲ੍ਹ ਦਿੱਤੀ। ਅਸੀਂ ਉਸ ਨਾਲ ਬੈਠ ਗਏ। ਹੁਣ ਸਾਨੂੰ ਇਹ ਫ਼ਿਕਰ ਸ਼ੁਰੂ ਹੋ ਗਿਆ ਕਿ ਅਸੀਂ ਤਾਂ ਰਾਹ ਵਿੱਚ ਮੋਗੇ ਤੋਂ ਪਹਿਲਾਂ ਉਤਰਨਾ ਸੀ, ਬਾਬਾ ਜੀ ਨੂੰ ਕਿਵੇਂ ਦੱਸੀਏ। ਮੈਂ ਹੌਲੀ ਦੇਣੇ ਆਪਣੀ ਸਾਥਣ ਨੂੰ ਕਿਹਾ ਕਿ ਉਹ ਮੇਰੇ ਨਾਲ ਹੀ ਸਾਡੇ ਪਿੰਡ ਚਲੀ ਚੱਲੇ ਕਿਉਂਕਿ ਅੱਗੇ ਮੋਗੇ ਤੋਂ ਉਸ ਨੂੰ ਆਪਣੇ ਪਿੰਡ ਜਾਣ ਲਈ ਕੋਈ ਸਾਧਨ ਨਹੀਂ ਸੀ ਮਿਲਣਾ। ਜਿਉਂ ਹੀ ਸਾਡੇ ਪਿੰਡ ਨੂੰ ਜਾਣ ਵਾਲੇ ਰਾਹ ਵਾਲਾ ਬੱਸ ਅੱਡਾ ਨੇੜੇ ਆਇਆ ਤਾਂ ਅਸੀਂ ਬਜ਼ੁਰਗਾਂ ਨੂੰ ਕਿਹਾ, “ਬਾਬਾ ਜੀ, ਅਸੀਂ ਇਸ ਬੱਸ ਅੱਡੇ ’ਤੇ ਉਤਰ ਕੇ ਪਿੰਡ ਚਲੀਆਂ ਜਾਵਾਂਗੀਆਂ, ਤੁਸੀਂ ਮੋਗੇ ਚਲੇ ਜਾਉ।’’ ਬਾਬਾ ਜੀ ਗੱਲ ਸਮਝ ਗਏ। ਉਹ ਕਹਿਣ ਲੱਗੇ, ‘‘ਠੀਕ ਹੈ ਪੁੱਤ, ਤੁਸੀਂ ਚੱਲੋ ਘਰੇ, ਮੈਨੂੰ ਮੋਗੇ ਜ਼ਰੂਰੀ ਕੰਮ ਹੈ, ਮੈਂ ਭਲਕੇ ਆ ਜਾਵਾਂਗਾ।” ਟਰੱਕ ਰੁਕਣ ’ਤੇ ਅਸੀਂ ਉਤਰ ਗਈਆਂ, ਪਰ ਅਫ਼ਸੋਸ ਕਿ ਪੋਤੀਆਂ ਬਣੀਆਂ ਹੋਣ ਕਰ ਕੇ ਅਸੀਂ ਉਸ ਮਸੀਹੇ ਦਾ ਧੰਨਵਾਦ ਵੀ ਨਾ ਕਰ ਸਕੀਆਂ। ਇੱਥੋਂ ਸਾਡਾ ਪਿੰਡ ਚਾਰ ਕਿਲੋਮੀਟਰ ਦੂਰ ਸੀ। ਅੱਧਾ ਕੁ ਕਿਲੋਮੀਟਰ ’ਤੇ ਪਹਿਲਾਂ ਇੱਕ ਪਿੰਡ ਆਉਂਦਾ ਸੀ। ਸਾਡੇ ਪਿੰਡ ਦੀ ਜੂਹ ਇਸ ਪਿੰਡ ਨਾਲ ਲੱਗਦੀ ਸੀ। ਸਾਡੇ ਘਰਾਂ ਦੇ ਖੇਤ ਇਸ ਪਿੰਡ ਦੇ ਨਾਲ ਹੀ ਲੱਗਦੇ ਹੋਣ ਕਰ ਕੇ ਖੇਤਾਂ ਵਿੱਚ ਕੰਮ ਕਰਨ ਇਸ ਪਿੰਡ ਦੇ ਕਿਰਤੀ ਕਾਮੇ ਜਾਂਦੇ ਸਨ। ਸਾਡੇ ਆਪਣੇ ਚਾਚੇ, ਤਾਇਆਂ ਵਾਂਗ ਅਸੀਂ ਉਨ੍ਹਾਂ ਨੂੰ ਵੀ ਚਾਚੇ ਤਾਏ ਹੀ ਸਮਝਦੀਆਂ ਸੀ। ਸਾਡੇ ਘਰਦਿਆਂ ਨੇ ਸਾਨੂੰ ਉਨ੍ਹਾਂ ਦੇ ਚਾਰ ਘਰ, ਜੋ ਪਿੰਡ ਵੜਦਿਆਂ ਸਭ ਤੋਂ ਪਹਿਲਾਂ ਆਉਂਦੇ ਸਨ, ਦਿਖਾਏ ਹੋਏ ਸਨ ਕਿ ਜੇ ਕਦੇ ਵੇਲਾ ਕੁਵੇਲਾ ਹੋ ਜਾਵੇ ਤਾਂ ਜਿਹੜੇ ਮਰਜ਼ੀ ਘਰ ਦਾ ਕੁੰਡਾ ਖੜਕਾ ਦੇਣਾ ਆਪੇ ਇਹ ਤਹਾਨੂੰ ਪਿੰਡ ਛੱਡ ਜਾਣਗੇ। ਉਸ ਸਮੇਂ ਪਿੰਡ ਦੀਆਂ ਨੂੰਹਾਂ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਸਨ।
ਅਸੀਂ ਬਿਨਾਂ ਕੋਈ ਡਰ ਮਹਿਸੂਸ ਕੀਤਿਆਂ ਰਵਾਂ ਰਵੀਂ ਤੁਰੀਆਂ ਆਈਆਂ। ਹਨੇਰਾ ਵਾਹਵਾ ਹੋ ਗਿਆ ਸੀ। ਅਸੀਂ ਚਾਚੇ ਤਾਰਾ ਸਿੰਘ ਦੇ ਘਰ ਦਾ ਕੁੰਡਾ ਆਣ ਖੜਕਾਇਆ। ਸਬੱਬੀ ਦਰਵਾਜ਼ਾ ਚਾਚੇ ਨੇ ਹੀ ਖੋਲ੍ਹਿਆ। ਸਾਨੂੰ ਦੇਖ ਕੇ ਹੈਰਾਨੀ ਨਾਲ ਪੁੱਛਣ ਲੱਗਾ, “ਕੁੜੀਓ, ਐਨਾ ਲੇਟ ਹੋ ਗਈਆਂ ਭਾਈ?’’ ਮੈਂ ਕਿਹਾ, “ਚਾਚਾ, ਬੱਸਾਂ ਨੇ ਲੇਟ ਕਰਤਾ। ਹੁਣ ਅਸੀਂ ਪਿੰਡ ਜਾਣਾ ਹੈ।’’ ‘‘ਠਹਿਰੋ ਪੁੱਤ, ਮੈਂ ਅੰਦਰੋਂ ਡਾਂਗ ਚੁੱਕ ਲਿਆਵਾਂ।’’ ਅੱਗੇ ਚਾਚਾ ਅਤੇ ਪਿੱਛੇ ਅਸੀਂ ਤੁਰਦੀਆਂ ਪਿੰਡ ਪਹੁੰਚ ਗਈਆਂ। ਚਾਚੇ ਨੇ ਆਵਾਜ਼ ਦੇ ਕੇ ਸਾਡੇ ਸੁੱਤੇ ਪਏ ਪਰਿਵਾਰ ਨੂੰ ਜਾ ਜਗਾਇਆ। ਉਹ ਮੁੜਨ ਹੀ ਲੱਗਾ ਸੀ ਕਿ ਮੇਰੇ ਬਾਪੂ ਜੀ ਨੇ ਬਾਹੋਂ ਫੜ ਕੇ ਬਿਠਾ ਲਿਆ, ‘‘ਬੈਠ ਛੋਟੇ ਵੀਰ, ਦੁੱਧ ਪੀ ਕੇ ਜਾਈਂ।’’ ਮੇਰੀ ਮਾਂ ਨੇ ਦੁੱਧ ਦਾ ਗਲਾਸ ਗਰਮ ਕਰ ਕੇ ਚਾਚੇ ਨੂੰ ਫੜਾ ਦਿੱਤਾ। ਦੁੱਧ ਪੀ ਕੇ ਉਹ ਵਾਪਸ ਚਲਾ ਗਿਆ।
ਅੱਜ ਭਾਵੇਂ ਅਸੀਂ ਆਪਣੀ ਆਪਣੀ ਨੌਕਰੀ ਤੋਂ ਫਾਰਗ ਹੋ ਚੁੱਕੀਆਂ ਹਾਂ ਪਰ ਜਦੋਂ ਵੀ ਚੇਤਿਆਂ ਦੀ ਚੰਗੇਰ ਵਿੱਚੋਂ ਨਿਕਲ ਕੇ ਆਪਣੇ ਨਾਲ ਬੀਤੀ ਘਟਨਾ ਯਾਦ ਆ ਜਾਂਦੀ ਹੈ ਤਾਂ ਸੋਚਦੀ ਹਾਂ ਕਿ ਹੁਣ ਵਾਲੇ ਧੋਖੇਧੜੀਆਂ ਤੇ ਬੇਵਿਸਾਹੀ ਨਾਲ ਭਰੇ ਸਮੇਂ ਵਿੱਚ ਕੀ ਕੋਈ ਕਿਸੇ ਅਣਜਾਣ ਵਿਅਕਤੀ ’ਤੇ ਵਿਸ਼ਵਾਸ ਕਰ ਕੇ ਰਾਤ ਨੂੰ ਟਰੱਕ ’ਤੇ ਬੈਠ ਸਕਦਾ ਹੈ?

ਸੰਪਰਕ: 76260-63596

Advertisement

Advertisement
Author Image

sukhwinder singh

View all posts

Advertisement