ਵੈਟਰਨਰੀ ਯੂਨੀਵਰਸਿਟੀ ਦੀ ਕਨਵੈਨਸ਼ਨ ’ਚ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਦਾ ਸੁਨੇਹਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਵੈਟਰਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਵੱਲੋਂ ਸਾਂਝੇ ਸਹਿਯੋਗ ਨਾਲ ਇਕ ਜੁਲਾਈ ਨੂੰ ਸ਼ੁਰੂ ਕੀਤੀ ਗਈ ਦੋ ਰੋਜ਼ਾ 21ਵੀਂ ਕਨਵੋਕੇਸ਼ਨ ਅਤੇ ਵਿਗਿਆਨਕ ਕਨਵੈਨਸ਼ਨ ਅੱਜ ‘ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਨੀਤੀਆਂ’ ਸਬੰਧੀ ਅਹਿਮ ਵਿਚਾਰ ਵਟਾਂਦਰਾ ਕਰਦਿਆਂ ਸੰਪੂਰਨ ਹੋ ਗਈ।
ਅੱਜ ਸਮਾਪਨ ਸਮਾਗਮ ਵਿਚ ਸੰਯੁਕਤ ਸਕੱਤਰ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਭਾਰਤ ਸਰਕਾਰ ਡਾ. ਓ ਪੀ ਚੌਧਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ, ਡਾ. ਡੀ ਵੀ ਆਰ ਪ੍ਰਕਾਸ਼ ਰਾਓ, ਅਕਾਦਮੀ ਦੇ ਪ੍ਰਧਾਨ ਅਤੇ ਮੇਜਰ ਜਨਰਲ (ਸੇਵਾ ਮੁਕਤ) ਐਮ ਐਲ ਸ਼ਰਮਾ, ਸਕੱਤਰ ਜਨਰਲ ਨੇ ਸਮਾਗਮ ਦੀ ਸੋਭਾ ਵਧਾਈ।
ਇਸ ਕਨਵੈਨਸ਼ਨ ਵਿੱਚ ਉੱਘੇ ਮਾਹਿਰਾਂ, ਉਦਯੋਗਿਕ, ਪੇਸ਼ੇਵਰਾਂ ਅਤੇ ਮੁਲਕ ਭਰ ਤੋਂ ਪਹੁੰਚੇ ਵਿਗਿਆਨੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਨਵੈਨਸ਼ਨ ਦੌਰਾਨ ਛੇ ਵਿਭਿੰਨ ਸੈਸ਼ਨ ਵਿਚ ਨਸਲ ਸੁਧਾਰ, ਪ੍ਰਜਣਨ, ਸਿਹਤ, ਪੌਸ਼ਟਿਕਤਾ, ਪ੍ਰਬੰਧਨ ਅਤੇ ਪਸਾਰ ਵਿਸ਼ੇ ਸ਼ਾਮਿਲ ਸਨ, ਰਾਹੀਂ ਪਸ਼ੂਆਂ ਦਾ ਉਤਪਾਦਨ ਵਧਾਉਣ ਸੰਬੰਧੀ ਚਰਚਾ ਹੋਈ।
ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਕਰਵਾਏ ਜਾ ਰਹੇ ਵਿਚਾਰ ਵਟਾਂਦਰਿਆਂ ਦੌਰਾਨ ਬਹੁਤ ਮਹੱਤਵਪੂਰਨ ਅਤੇ ਵਿਹਾਰਕ ਗਿਆਨ ਇਕੱਠਾ ਕੀਤਾ ਗਿਆ ਜੋ ਕਿ ਭਵਿੱਖ ਵਿਚ ਪਸ਼ੂ ਹਿਤਾਂ ਲਈ ਕੰਮ ਆਵੇਗਾ।
ਡਾ. ਚੌਧਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਗਿਆਨ ਦੇ ਨਵੇਂ ਢਾਂਚੇ ਅਤੇ ਨੁਕਤਿਆਂ ਦੇ ਰੂ-ਬ-ਰੂ ਹੋਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਰਲ ਢੰਗ ਵਿਚ ਉਨ੍ਹਾਂ ਦੀਆਂ ਬਰੂਹਾਂ ’ਤੇ ਸੇਵਾਵਾਂ ਪਹੁੰਚਾ ਕੇ ਹੀ ਉਨ੍ਹਾਂ ਦਾ ਫਾਇਦਾ ਕੀਤਾ ਜਾ ਸਕਦਾ ਹੈ।
ਡਾ. ਪ੍ਰਕਾਸ਼ ਰਾਓ ਨੇ ਕਿਹਾ ਕਿ ਇਹ ਰਾਸ਼ਟਰੀ ਅਕਾਦਮੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਬਾਕੀ ਭਾਈਵਾਲ ਧਿਰਾਂ ਨੂੰ ਸ਼ਾਮਲ ਕਰ ਕੇ ਭਾਰਤ ਸਰਕਾਰ ਨੂੰ ਡੇਅਰੀ ਖੇਤਰ ਵਿਚ ਬਿਹਤਰੀ ਲਿਆਉਣ ਸੰਬੰਧੀ ਨੀਤੀ ਪੱਤਰ ਤਿਆਰ ਕਰਕੇ ਦੇਵੇਗੀ। ਮੇਜਰ ਜਨਰਲ ਸ਼ਰਮਾ ਨੇ ਪਸ਼ੂ ਪਾਲਣ ਖੇਤਰ ਵਿਚ ਅਕਾਦਮੀ ਦੀ ਭੂਮਿਕਾ ਨੂੰ ਚਿੰਨ੍ਹਤ ਕਰਦੇ ਹੋਏ ਪ੍ਰਬੰਧਕਾਂ ਅਤੇ ਪ੍ਰਤੀਭਾਗੀਆਂ ਦੀ ਸ਼ਲਾਘਾ ਕੀਤੀ। ਪ੍ਰਬੰਧਕੀ ਸਕੱਤਰ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਇਸ ਕਨਵੈਨਸ਼ਨ ਨੂੰ ਸਫ਼ਲ ਕਰਨ ਲਈ ਸਾਰੇ ਪ੍ਰਤੀਭਾਗੀਆਂ ਦੇ ਯੋਗਦਾਨ ਦੀ ਚਰਚਾ ਕੀਤੀ। ਡਾ. ਯਸ਼ਪਾਲ ਸਿੰਘ ਮਲਿਕ ਨੇ ਸਾਰਿਆਂ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।