‘ਐਸਮਾ’ ਖ਼ਿਲਾਫ਼ ਚੜ੍ਹਿਆ ਸਰਕਾਰੀ ਮੁਲਾਜ਼ਮਾਂ ਦਾ ‘ਪਾਰਾ’
ਸ਼ਗਨ ਕਟਾਰੀਆ
ਬਠਿੰਡਾ, 5 ਸਤੰਬਰ
ਸੇਵਾਵਾਂ ਰੈਗੂਲਰ ਕਰਨ ਅਤੇ ‘ਐਸਮਾ’ ਕਾਨੂੰਨ ਖਿਲਾਫ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਕਾਰਕੁਨਾਂ ਵੱਲੋਂ ਸੂਬਾ ਸਰਕਾਰ ਦਾ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਰਜਿੰਦਰ ਸਿੰਘ, ਗੁਰਵਿੰਦਰ ਪਨੂੰ, ਚੰਦਰ ਕੁਮਾਰ, ਸੰਦੀਪ ਖ਼ਾਨ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਕੱਚੇ ਕਾਮਿਆਂ ਨੂੰ ਰੈਗੂਲਰ ਵੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ’ਚੋਂ ਰੈਗੂਲਰ ਨੌਕਰੀਆਂ ਲੋਪ ਹੋ ਰਹੀਆਂ ਹਨ ਅਤੇ ਕੱਚੇ ਮੁਲਾਜ਼ਮਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਭਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਕੱਚੇ ਮੁਲਾਜ਼ਮਾਂ ਵਿੱਚ ਪੈਦਾ ਹੋਣ ਵਾਲੀ ਬੇਚੈਨੀ ਰੋਕਣ ਲਈ ਸਰਕਾਰ ਵੱਲੋਂ ਪਟਵਾਰੀਆਂ ਬਹਾਨੇ ‘ਐਸਮਾ’ ਦੇ ਪੈਰ ਹੋਰ ਪਸਾਰਨ ਲਈ ਰਾਹ ਮੋਕਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਸਰਕਾਰ ਹੱਕ ਮੰਗਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਦੇ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਲਈ ਐਸਮਾ ਦੀ ਦੁਰਵਰਤੋਂ ਕਰ ਸਕਦੀ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਜਿਹੇ ਬੇਯਕੀਨੀ ਵਾਲੇ ਮਾਹੌਲ ਨੂੰ ਠੱਲ੍ਹਣ ਲਈ ਪੇਸ਼ਕਦਮੀ ਕਰੇ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇ ਸਰਕਾਰ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਸਖ਼ਤ ਸੰਘਰਸ਼ ਕੀਤਾ ਜਾਵੇਗਾ।
ਬਰਨਾਲਾ (ਪਰਸ਼ੋਤਮ ਬੱਲੀ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਉਪਰੰਤ ‘ਐਸਮਾ’ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂਂ। ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ ਤੇ ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ‘ਐਸਮਾ’ ਵਰਗੇ ਕਾਲੇ ਕਾਨੂੰਨ ਲਗਾ ਕੇ ਮੁਲਾਜ਼ਮਾਂ ਦੇ ਮੌਲਿਕ ਤੇ ਸੰਵਿਧਾਨਿਕ ਹੱਕਾਂ ’ਤੇ ਡਾਕਾ ਮਾਰਿਆ ਹੈ। ਪ੍ਰਧਾਨ ਰੇਸ਼ਮ ਸਿੰਘ ਅਤੇ ਜਨਰਲ ਸਕੱਤਰ ਨਿਰਮਲ ਸਿੰਘ, ਵਿੱਕੀ ਡਾਬਲਾ, ਰਣਜੀਤ ਸਿੰਘ ਭੰਮ, ਗੁਰਵਿੰਦਰ ਸਿੰਘ ਨੇ ਕਿਹਾ ‘ਐਸਮਾ’ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭੁੱਚੋ ਮੰਡੀ (ਪਵਨ ਗੋਇਲ): ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮੁੱਖ ਗੇਟ ਅੱਗੇ ਰੈਗੂਲਰ ਅਤੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਐਸਮਾ ਕਾਨੂੰਨ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜੀਐਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਪ੍ਰਧਾਨ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਜਗਸੀਰ ਸਿੰਘ ਭੰਗੂ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਸਿੱਧੂ, ਟੀਐੱਸਯੂ ਭੰਗਲ ਦੇ ਸਬ-ਡਿਵੀਜ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਅਤੇ ਹਰਬੰਸ ਸਿੰਘ ਅਤੇ ਐਂਪਲਾਈਜ਼ ਫੈੱਡਰੇਸ਼ਨ ਪੰਜਾਬ ਦੇ ਮਹਿਰਾਜ ਡਿਵੀਜ਼ਨ ਦੇ ਪ੍ਰਧਾਨ ਹਰਜਸ ਸਿੰਘ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਭੁੱਚੋ ਕਲਾਂ ਦੇ ਬਿਜਲੀ ਗਰਿੱਡ ’ਤੇ ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਪ੍ਰਧਾਨ ਰਾਜ ਮਹੇਸ਼ ਸਿੰਘ ਦੀ ਅਗਵਾਈ ਹੇਠ ਐਸਮਾ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰਾਜ ਮਹੇਸ਼ ਸਿੰਘ, ਜਨਰਲ ਸਕੱਤਰ ਅੰਗਰੇਜ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਅਤੇ ਡਿਵੀਜ਼ਨ ਪ੍ਰਧਾਨ ਹਰਮੇਲ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਐਸਮਾ ਦੀ ਨਿਖੇਧੀ ਕੀਤੀ। ਉਨ੍ਹਾਂ ਬਿਜਲੀ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਤਾਮਮੇਲ ਕਮੇਟੀ ਦੇ ਝੰਡੇ ਹੇਠ 12 ਸਤੰਬਰ ਨੂੰ ਰਾਮਪੁਰਾ ਵਿੱਚ ਦਿੱਤੇ ਜਾਣ ਵਾਲੇ ਰੋਸ ਧਰਨੇ ਵਿੱਚ ਸ਼ਾਮਲ ਹੋਣ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਪਾਵਰਕੌਮ ਅਤੇ ਟਰਾਂਕਸੋ ਪੈਨਸ਼ਨ ਯੂਨੀਅਨ ਵੱਲੋਂ ਸਾਥੀ ਮੋਹਨ ਸਿੰਘ ਕੋਠੇ ਗਾਦੜੀਵਾਲਾ ਦੀ ਪ੍ਰਧਾਨਗੀ ਹੇਠ ਸਰਕਾਰ ਵੱਲੋਂ ਐਸਮਾ ਲਾਗੂ ਕਰਨ ਅਤੇ ਲਾਏ ਗਏ 200 ਰੁਪਏ ਦੇ ਜੰਝੂਆ ਟੈਕਸ ਦਾ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਸਰਕਲ ਆਗੂ ਸੁਖਦੇਵ ਸਿੰਘ, ਸੁਰਜੀਤ ਸਿੰਘ ਮੱਲੋਕੇ, ਕਰਨੈਲ ਸਿੰਘ ਮੀਤ ਪ੍ਰਧਾਨ ਮੱਖੂ, ਜੱਜ ਸਿੰਘ ਅਕਾਲੀਆਂ ਵਾਲਾ ਤੇ ਨਿਰਵੈਲ ਸਿੰਘ ਹਾਜ਼ਰ ਸਨ।