ਸੰਘਣੀ ਬੱਦਲਵਾਈ ਤੇ ਮੀਂਹ ਕਾਰਨ ਪਾਰਾ ਡਿੱਗਿਆ
ਸਤਵਿੰਦਰ ਬਸਰਾ
ਲੁਧਿਆਣਾ, 17 ਸਤੰਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਐਤਵਾਰ ਸੰਘਣੀ ਬੱਦਲਵਾਈ ਰਹੀ ਅਤੇ ਸਾਰਾ ਦਿਨ ਪਏ ਮੀਂਹ ਨੇ ਤਾਪਮਾਨ ਵਿੱਚ ਭਾਰੀ ਕਮੀ ਲਿਆ ਦਿੱਤੀ। ਇਸ ਰਚਵੇਂ ਮੀਂਹ ਕਾਰਨ ਭਾਵੇਂ ਆਵਾਜਾਈ ਪ੍ਰਭਾਵਿਤ ਹੋਈ ਹੈ ਪਰ ਲੁਧਿਆਣਵੀਆਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ।
ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਰੀਬ 3-4 ਦਿਨਾਂ ਤੋਂ ਵੱਖ ਵੱਖ ਥਾਵਾਂ ’ਤੇ ਮੀਂਹ ਪੈਂਦਾ ਆ ਰਿਹਾ ਹੈ ਜਿਸ ਕਰਕੇ ਮੌਸਮ ਪਹਿਲਾਂ ਦੇ ਮੁਕਾਬਲੇ ਕਾਫੀ ਠੰਢਾ ਚੱਲ ਰਿਹਾ ਹੈ। ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਵੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਹੈ। ਇਸ ਮੀਂਹ ਕਾਰਨ ਪੀਏਯੂ ਵਿੱਚ 14 ਅਤੇ 15 ਸਤੰਬਰ ਨੂੰ ਦੋ ਦਿਨ ਲੱਗਾ ਕਿਸਾਨ ਮੇਲਾ ਵੀ ਕਾਫੀ ਪ੍ਰਭਾਵਿਤ ਹੋਇਆ ਸੀ। ਪਰ ਐਤਵਾਰ ਸਵੇਰੇ ਤੋਂ ਹੋਈ ਸੰਘਣੀ ਬੱਦਲਵਾਈ ਅਤੇ ਸ਼ਾਮ ਤੱਕ ਪੈਂਦੇ ਰਹੇ ਮੀਂਹ ਨੇ ਤਾਪਮਾਨ ਵਿੱਚ ਕਰੀਬ ਪੰਜ ਡਿਗਰੀ ਸੈਲਸੀਅਸ ਤੱਕ ਕਮੀ ਲਿਆ ਦਿੱਤੀ ਹੈ ਜਿਹੜਾ ਤਾਪਮਾਨ ਵੀਰਵਾਰ ਤੱਕ 33-34 ਡਿਗਰੀ ਸੈਲਸੀਅਸ ਤੱਕ ਸੀ ਅੱਜ ਘੱਟ ਕਿ 28 ਡਿਗਰੀ ਸੈਲਸੀਅਸ ਤੱਕ ਥੱਲੇ ਆ ਗਿਆ। ਐਤਵਾਰ ਸਵੇਰੇ ਕਰੀਬ 8 ਕੁ ਵਜੇ ਕਿਣਮਿਣ ਦੇ ਰੂਪ ਵਿੱਚ ਸ਼ੁਰੂ ਹੋਇਆ ਮੀਂਹ ਦਿਹਾੜੀ ਵਿੱਚ ਕਈ ਵਾਰ ਛਰਾਟਿਆਂ ਦੇ ਰੂਪ ’ਚ ਤੇਜ਼ ਵੀ ਹੋਇਆ।
ਇਸ ਮੀਂਹ ਨੇ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਦੀਆਂ ਮੁੱਖ ਲਿੰਕ ਸੜਕਾਂ ਅਤੇ ਗਲੀਆਂ ਵਿੱਚ ਸਾਰਾ ਦਿਨ ਹੀ ਚਿੱਕੜ ਕਰੀ ਰੱਖਿਆ। ਸਥਾਨਕ ਟ੍ਰਾਂਸਪੋਰਟ ਨਗਰ, ਫਿਰੋਜ਼ਪੁਰ ਰੋਡ, ਹੈਬੋਵਾਲ ਕਲਾਂ, ਗਊਸ਼ਾਲਾ ਰੋਡ, ਸੁਭਾਸ਼ ਨਗਰ, ਟ੍ਰੀਟਮੈਂਟ ਪਲਾਂਟ, ਤਾਜਪੁਰ ਰੋਡ, ਰਾਹੋਂ ਰੋਡ ਆਦਿ ਸੜਕਾਂ ਦੀ ਹਾਲਤ ਖਸਤਾ ਅਤੇ ਥਾਂ-ਥਾਂ ਪਏ ਟੋਇਆਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਰਕੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਅੱਜ ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਮੀਂਹ ਕਾਰਨ ਲੋਕਾਂ ਨੇ ਬਾਜ਼ਾਰਾਂ ਵਿੱਚ ਘੁੰਮਣ ਦੀ ਥਾਂ ਘਰ ਬੈਠਣ ਵਿੱਚ ਵਧੇਰੇ ਰੁਚੀ ਦਿਖਾਈ। ਬਾਜ਼ਾਰਾਂ ਵਿੱਚ ਵੀ ਰੌਣਕ ਆਮ ਦਿਨਾਂ ਨਾਲੋਂ ਕਾਫੀ ਘੱਟ ਰਹੀ।
ਅਗਲੇ ਦੋ ਦਿਨਾਂ ’ਚ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ
ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਪੀਕੇ ਕਿੰਗਰਾ ਨੇ ਕਿਹਾ ਕਿ ਅਗਸਤ ਮਹੀਨੇ ਤੱਕ ਔਸਤਨ 190 ਐਮਐਮ ਮੀਂਹ ਪੈਂਦਾ ਸੀ ਪਰ ਇਸ ਵਾਰ ਸਿਰਫ 77 ਐਮਐਮ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਮੌਨਸੂਨ ਸੀਜ਼ਨ 20 ਸਤੰਬਰ ਤੱਕ ਖਤਮ ਹੋ ਜਾਵੇਗਾ ਪਰ ਇਸ ਵਾਰ ਮੌਨਸੂਨ ਸੀਜ਼ਨ ’ਚ ਪਿਛਲੇ ਸਾਲਾਂ ਦੇ ਮੁਕਾਬਲੇ ਮੀਂਹ ਘੱਟ ਪਿਆ ਹੈ। ਅੱਜ ਐਤਵਾਰ ਵੀ ਭਾਵੇਂ ਸਾਰਾ ਦਿਨ ਬੱਦਲਵਾਈ ਰਹੀ ਅਤੇ ਕਿਣਮਿਣ ਵੀ ਹੁੰਦੀ ਰਹੀ ਪਰ 2.6 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਆਉਂਦੇ 1-2 ਦਿਨ ਵੀ ਬੱਦਲਵਾਈ ਰਹਿਣ ਅਤੇ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ।