ਕੌਮੀ ਰਾਜਧਾਨੀ ਵਿੱਚ ਤਿੰਨ ਡਿਗਰੀ ਪਾਰਾ ਡਿੱਗਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਕੌਮੀ ਰਾਜਧਾਨੀ ਵਿੱਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਸੀਜ਼ਨ ਦੀ ਔਸਤ ਤੋਂ ਤਿੰਨ ਡਿਗਰੀ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਆਸਪਾਸ ਦਰਜ ਕੀਤਾ ਗਿਆ। ਰਾਤ ਸਮੇਂ ਹਲਕੀ ਗਰਜ ਨਾਲ ਮੀਂਹ ਦੇ ਛਿੱਟੇ ਪਏ ਹਨ, ਜਿਸ ਨਾਲ ਪਾਰਾ ਕੁਝ ਹੇਠਾਂ ਆ ਗਿਆ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਸਵੇਰੇ 8.30 ਵਜੇ ਨਮੀ 67 ਫੀਸਦੀ ਦਰਜ ਕੀਤੀ ਗਈ ਹੈ। ਵਿਭਾਗ ਨੇ ਦੱਸਿਆ ਕਿ 25-35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦਿਨ ਵੇਲੇ ਤੇਜ਼ ਹਵਾਵਾਂ ਚੱਲੀਆਂ। ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ਵਿੱਚ ਮੌਸਮੀ ਤਬਦੀਲੀਆਂ ਤੇਜ਼ੀ ਨਾਲ ਬਦਲਣਗੀਆਂ।
ਸ਼ਨਿਚਰਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 41.8 ਡਿਗਰੀ ਸੈਲਸੀਅਸ ‘ਤੇ ਰਿਹਾ, ਜੋ ਸੀਜ਼ਨ ਦੀ ਔਸਤ ਤੋਂ ਦੋ ਡਿਗਰੀ ਜ਼ਿਆਦਾ ਸੀ, ਜਦੋਂਕਿ ਘੱਟੋ-ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ‘ਤੇ ਰਿਹਾ, ਜੋ ਸੀਜ਼ਨ ਦੀ ਔਸਤ ਤੋਂ ਇਕ ਡਿਗਰੀ ਘੱਟ ਸੀ। ਦਿੱਲੀ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਵਧਣ ਦੇ ਆਸਾਰ ਹਨ। ਵਿਭਾਗ ਨੇ ਦਿੱਲੀ ਵਿੱਚ ਅਗਲੇ ਕੁਝ ਦਿਨਾਂ ਵਿੱਚ ਸਾਫ਼ ਅਸਮਾਨ ਅਤੇ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਘੱਟੋ-ਘੱਟ ਇੱਕ ਹਫ਼ਤੇ ਤੱਕ ਲੂ ਚੱਲਣ ਦੀ ਭਵਿੱਖਬਾਣੀ ਨਹੀਂ ਕੀਤੀ ਪਰ ਅਜਿਹੇ ਹਾਲਾਤ ਵੱਖ-ਵੱਖ ਥਾਵਾਂ ‘ਤੇ ਨਜ਼ਰ ਆ ਸਕਦੇ ਹਨ।