For the best experience, open
https://m.punjabitribuneonline.com
on your mobile browser.
Advertisement

ਆੜ੍ਹਤੀਆਂ ਨੇ ਮਾਰਕੀਟ ਕਮੇਟੀ ਦਫ਼ਤਰਾਂ ਅੱਗੇ ਡੇਰੇ ਲਾਏ

07:35 AM Apr 02, 2024 IST
ਆੜ੍ਹਤੀਆਂ ਨੇ ਮਾਰਕੀਟ ਕਮੇਟੀ ਦਫ਼ਤਰਾਂ ਅੱਗੇ ਡੇਰੇ ਲਾਏ
ਸਿਰਸਾ ਵਿੱਚ ਮਾਰਕੀਟ ਕਮੇਟੀ ਦੇ ਦਫ਼ਰਤ ਅੱਗੇ ਧਰਨਾ ਦਿੰਦੇ ਹੋਏ ਆੜ੍ਹਤੀ।
Advertisement

ਪ੍ਰਭੂ ਦਿਆਲ
ਸਿਰਸਾ, 1 ਅਪਰੈਲ
ਆੜ੍ਹਤੀ ਐਸੋਸੀਏਸ਼ਨ ਦੇ ਬੈਨਰ ਹੇਠ ਆੜ੍ਹਤੀਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਦੇ ਆਗੂਆਂ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ ਤਿੱਖਾ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਤੇ ਸਰਕਾਰ ਦੀਆਂ ਆੜ੍ਹਤੀ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ। ਧਰਨੇ ’ਤੇ ਬੈਠੇ ਆੜ੍ਹਤੀਆਂ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਪ੍ਰਧਾਨ ਮਨੋਹਰ ਮਹਿਤਾ ਨੇ ਕਿਹਾ ਕਿ ਸਰਕਾਰ ਕਮਿਸ਼ਨ ਏਜੰਟਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਉਨ੍ਹਾਂ ਦਾ ਕਾਰੋਬਾਰ ਬੰਦ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰ ਕਿਸਾਨਾਂ, ਕਮਿਸ਼ਨ ਏਜੰਟਾਂ ਅਤੇ ਮਜ਼ਦੂਰਾਂ ਦੇ ਰਿਸ਼ਤੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਕਮਿਸ਼ਨ ਏਜੰਟਾਂ ਦਾ ਕੰਮ ਬੰਦ ਹੋ ਗਿਆ ਤਾਂ ਹਰਿਆਣਾ ਦੇ 25000 ਕਮਿਸ਼ਨ ਏਜੰਟ ਅਤੇ ਉਨ੍ਹਾਂ ਦੇ ਨਾਲ-ਨਾਲ ਲੱਖਾਂ ਮੁਨੀਮ ਤੇ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ। ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਸਿਰਫ਼ ਕਮਿਸ਼ਨ ਏਜੰਟਾਂ ਰਾਹੀਂ ਹੀ ਖ਼ਰੀਦੀਆਂ ਜਾਣ ਅਤੇ ਪੂਰਾ ਕਮਿਸ਼ਨ 2.5 ਫ਼ੀਸਦੀ ਆੜ੍ਹਤੀਆਂ ਨੂੰ ਦਿੱਤਾ ਜਾਏ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰੇਮ ਬਜਾਜ, ਸਕੱਤਰ ਦੀਪਕ ਮਿੱਤਲ, ਖਜ਼ਾਨਚੀ ਕੁਨਾਲ ਜੈਨ ਤੇ ਸਹਿ ਸਕੱਤਰ ਮਹਾਵੀਰ ਸ਼ਰਮਾ ਆਦਿ ਹਾਜ਼ਰ ਸਨ।
ਏਲਨਾਬਾਦ (ਪੱਤਰ ਪ੍ਰੇਰਕ): ਹਰਿਆਣਾ ਸਟੇਟ ਅਨਾਜ ਮੰਡੀ ਐਸੋਸੀਏਸ਼ਨ ਦੀ ਅਪੀਲ ’ਤੇ ਸਥਾਨਕ ਕੱਚਾ ਆੜ੍ਹਤੀ ਐਸੋਸੀਏਸ਼ਨ ਦਾ ਪੰਜ ਰੋਜ਼ਾ ਧਰਨਾ ਅੱਜ ਮਾਰਕੀਟ ਕਮੇਟੀ ਦਫ਼ਤਰ ਸਾਹਮਣੇ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਆੜ੍ਹਤੀਆਂ ਨੇ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਝੋਰੜ ਨੇ ਆਖਿਆ ਕਿ ਪਿਛਲੇ ਤਿੰਨ ਸਾਲ ਤੋਂ ਆੜ੍ਹਤੀਆਂ ਨੂੰ 46 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦਾਮੀ ਦਿੱਤੀ ਜਾ ਰਹੀ। ਮਾਰਕੀਟਿੰਗ ਬੋਰਡ ਵਲੋਂ ਕਣਕ ਤੇ ਆੜ੍ਹਤੀਆਂ ਨੂੰ ਦਾਮੀ 2.5 ਫੀਸਦ ਦੇ ਹਿਸਾਬ ਨਾਲ ਦਿਵਾਈ ਜਾਵੇ। ਆੜ੍ਹਤੀਆਂ ਨੇ ਕਿਹਾ ਕਿ ਰਾਜਸਥਾਨ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਹਰਿਆਣਾ ਵਿੱਚ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਲਈ ਮੇਰੀ ਫ਼ਸਲ, ਮੇਰਾ ਬਿਊਰਾ ਪੋਰਟਲ ਨੂੰ ਖਤਮ ਕਰਕੇ ਰਾਜਸਥਾਨ ਦੇ ਕਿਸਾਨਾਂ ਨੂੰ ਵੀ ਹਰਿਆਣਾ ਵਿੱਚ ਆਪਣੀਆਂ ਫ਼ਸਲਾਂ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ।

Advertisement

Advertisement
Author Image

Advertisement
Advertisement
×