ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੇਤਿਆਂ ਦੀ ਕਾਤਰ

06:18 AM Aug 03, 2024 IST

ਅਰਤਿੰਦਰ ਸੰਧੂ

Advertisement

ਮਨੁੱਖ ਦੇ ਜੰਗਲ ਵਿਚ ਰਹਿਣ ਸਮੇਂ ਹੀ ਪਰਿਵਾਰ ਬਣਨ ਲੱਗ ਪਏ ਸਨ ਤੇ ਸਮੇਂ ਨਾਲ ਉਸ ਨੇ ਸਮੂਹਾਂ ਵਿਚ ਰਹਿਣਾ ਵੀ ਸਿੱਖ ਲਿਆ ਸੀ। ਹੌਲੀ-ਹੌਲੀ ਇਹ ਸਬੰਧ ਵਿਕਸਿਤ ਹੁੰਦੇ ਗਏ ਤੇ ਆਪਸੀ ਲੜਾਈ-ਝਗੜਿਆਂ ਦੇ ਬਾਵਜੂਦ ਸਦੀਆਂ ਤੋਂ ਰਿਸ਼ਤੇ ਵਧਦੇ ਫੁਲਦੇ ਰਹਿਣ ਲੱਗ ਪਏ ਸਨ। ਹੋਰ ਸਭਿਅਕ ਹੋਣ ਨਾਲ ਇਹ ਆਪਸੀ ਰਿਸ਼ਤੇ ਸਮਾਜ ਵੀ ਸਿਰਜਣ ਲੱਗ ਪਏ। ਹੁਣ ਭਾਵੇਂ ਸੁੰਗੜਦੇ ਸਮਾਜਿਕ ਰਿਸ਼ਤਿਆਂ ਨੇ ਬਹੁਤ ਕੁਝ ਨਿਗਲ ਲਿਆ ਹੈ ਪਰ ਕੁਝ ਦਹਾਕੇ ਪਹਿਲਾਂ ਦੇ ਆਪਸੀ ਮੋਹ ਤੇ ਵਿਸ਼ਵਾਸ ਵਾਲੇ ਚੇਤੇ ਅਜੇ ਮਨ ਵਿਚ ਉਸੱਲਵੱਟੇ ਲੈਂਦੇ ਰਹਿੰਦੇ ਹਨ।
ਗੱਲ ਤਕਰੀਬਨ ਉੱਨੀ ਸੌ ਬਵਿੰਜਾ ਜਾਂ ਤਰਵਿੰਜਾ ਦੀ ਹੋਵੇਗੀ। ਮੈਂ ਤਰਨ ਤਾਰਨ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੀ ਸਾਂ ਤੇ ਆਪਣੇ ਨਾਨੀ ਜੀ ਕੋਲ ਰਹਿੰਦੀ ਸਾਂ। ਪਾਕਿਸਤਾਨ ਬਣੇ ਨੂੰ ਕੁਝ ਹੀ ਸਾਲ ਹੋਏ ਸਨ। ਵੱਡੀ ਉਥਲ ਪੁਥਲ ਕਾਰਨ ਪੰਜਾਬ ਦੇ ਪਾਕਿਸਤਾਨ ਬਣ ਗਏ ਹਿੱਸੇ ਤੋਂ ਆਏ ਬਹੁਤ ਸਾਰੇ ਪਰਿਵਾਰ ਅਜੇ ਵੀ ਆਪਣੇ ਪੈਰ ਟਿਕਾਉਣ ਵਾਸਤੇ ਹੱਥ ਪੈਰ ਮਾਰ ਰਹੇ ਸਨ। ਆਪਣੇ ਘਰਾਂ ਵਿਚ ਘੁੱਗ ਵੱਸਦੇ ਉਹ ਲੋਕ ਬਿਨਾ ਕਿਸੇ ਕਸੂਰ ਦੇ ਬੇਘਰ ਹੋ ਕੇ ਪਨਾਹਗੀਰ ਅਖਵਾਉਣ ਲੱਗ ਪਏ ਸਨ।
ਇੱਕ ਦਿਨ ਮੇਰੇ ਨਾਨੀ ਜੀ ਬਾਜ਼ਾਰ ਤੋਂ ਆ ਰਹੇ ਸਨ। ਸੜਕ ਦੇ ਇੱਕ ਪਾਸੇ ਬਜ਼ੁਰਗ ਜੋੜਾ ਆਪਸ ਵਿਚ ਗੱਲਾਂ ਕਰਦਿਆਂ ਰੋ ਵੀ ਰਿਹਾ ਸੀ। ਵੱਡੇ ਬੀਜੀ, ਮੇਰੇ ਨਾਨੀ ਜੀ ਨੇ ਖਲੋ ਕੇ ਉਨ੍ਹਾਂ ਨੂੰ ਪੁੱਛ ਲਿਆ ਕਿ ਕੀ ਗੱਲ ਹੈ? ਉਦੋਂ ਲੋਕਾਂ ਦੇ ਮਨਾਂ ਵਿਚ ਅੱਜ ਵਰਗੀਆਂ ਵੰਡੀਆਂ ਨਹੀਂ ਸਨ ਪਈਆਂ! ਉਨ੍ਹਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਤੋਂ ਆਏ ਹਨ, ਰਸਤੇ ਵਿਚ ਇੱਕ ਪੁੱਤਰ ਮਾਰਿਆ ਗਿਆ ਸੀ। ਉਹ ਦੋਵੇਂ ਆਪ, ਇੱਕ ਪੁੱਤਰ ਤੇ ਧੀ ਬਚ ਕੇ ਆ ਸਕੇ ਹਨ। ਅਜੇ ਤੱਕ ਇਥੇ ਕੋਈ ਕੰਮ-ਕਾਰ ਸੂਤ ਨਹੀਂ ਬੈਠ ਸਕਿਆ। ਜਿਹੜੀ ਜਵਾਨ ਧੀ ਨਾਲ ਹੈ, ਉਸ ਦਾ ਘਰ ਵਾਲਾ ਵੀ ਰਸਤੇ ਵਿੱਚ ਮਾਰਿਆ ਗਿਆ। ਉਸ ਦੀਆਂ ਤੇਰਾਂ ਤੇ ਚੌਦਾਂ ਵਰ੍ਹਿਆਂ ਦੀਆਂ ਦੋ ਲੜਕੀਆਂ ਹਨ। ਹੁਣ ਅਸੀਂ ਦੋਵੇਂ ਆਪਣੇ ਪੁੱਤਰ ਨਾਲ ਕਾਨ੍ਹਪੁਰ ਰਹਿੰਦੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਾਂ ਤਾਂ ਕਿ ਲੜਕਾ ਉੱਥੇ ਉਨ੍ਹਾਂ ਦੀ ਮਦਦ ਨਾਲ ਕੋਈ ਕੰਮ-ਕਾਰ ਕਰ ਸਕੇ। ਮਸਲਾ ਧੀ ਤੇ ਦੋਹਾਂ ਦੋਹਤੀਆਂ ਦਾ ਹੈ ਕਿਉਂਕਿ ਸਾਡੀ ਧੀ ਨੂੰ ਇਥੇ ਹੀ ਪ੍ਰਾਇਮਰੀ ਸਕੂਲ ਵਿਚ ਨੌਕਰੀ ਮਿਲ ਗਈ ਹੈ, ਉਹ ਨਾਲ ਨਹੀਂ ਜਾ ਸਕਦੀ। ਉਂਝ ਵੀ ਖਾਲੀ ਹੱਥ ਰਿਸ਼ਤੇਦਾਰਾਂ ਦੇ ਸਿਰ ’ਤੇ ਇੰਨੇ ਜਣਿਆਂ ਦਾ ਸਮਾ ਸਕਣਾ ਬਹੁਤ ਮੁਸ਼ਕਿਲ ਹੈ। ਅਸੀਂ ਜਿਸ ਕਮਰੇ ਵਿਚ ਹੁਣ ਤੱਕ ਕਿਰਾਏ ’ਤੇ ਰਹਿੰਦੇ ਰਹੇ ਸਾਂ, ਉਨ੍ਹਾਂ ਨੇ ਜਵਾਨ ਔਰਤ ਤੇ ਕੁੜੀਆਂ ਨੂੰ ਆਪਣੇ ਕਮਰੇ ਵਿਚ ਰੱਖਣ ਤੋਂ ਨਾਂਹ ਕਰ ਦਿੱਤੀ ਹੈ। ਅਸੀਂ ਤਿੰਨਾਂ ਦਿਨਾਂ ਨੂੰ ਕਾਨ੍ਹਪੁਰ ਚਲੇ ਜਾਣਾ ਹੈ ਤੇ ਹੁਣ ਸਮਝ ਨਹੀਂ ਲਗਦੀ ਕਿ ਇਨ੍ਹਾਂ ਤਿੰਨਾਂ ਮਾਵਾਂ ਧੀਆਂ ਨੂੰ ਕਿਸ ਦੇ ਆਸਰੇ ਛੱਡ ਕੇ ਜਾਈਏ!
ਮੇਰੇ ਵੱਡੇ ਬੀਜੀ ਬੜੀ ਜਲਦੀ ਪਸੀਜ ਜਾਂਦੇ ਸਨ। ਉਂਝ ਵੀ ਉਦੋਂ ਲੋਕਾਂ ਦੇ ਦਿਲਾਂ ਵਿਚ ਇੱਕ ਦੂਜੇ ਦੇ ਕੰਮ ਆਉਣ ਦਾ ਮਾਦਾ ਮਰਿਆ ਨਹੀਂ ਸੀ। ਬੀਜੀ ਨੇ ਕਿਹਾ ਕਿ ਉਹ ਤੇ ਉਹਦੀ ਦੋਹਤੀ ਦੋਵੇਂ ਹੀ ਇਥੇ ਰਹਿੰਦੀਆਂ ਹਾਂ, ਜਦੋਂ ਤੱਕ ਤੁਹਾਡੀ ਧੀ ਤੇ ਦੋਹਤੀਆਂ ਦਾ ਕੋਈ ਹੋਰ ਇੰਤਜ਼ਾਮ ਨਹੀਂ ਹੁੰਦਾ, ਓਨੀ ਦੇਰ ਇਹ ਸਾਡੇ ਕੋਲ ਰਹਿ ਲੈਣ। ਇਹ ਸੁਣ ਕੇ ਉਸ ਜੋੜੇ ਦਾ ਫਿ਼ਕਰ ਲੱਥ ਗਿਆ ਤੇ ਅਗਲੇ ਦਿਨ ਆਪਣੀ ਧੀ ਤੇ ਦੋਹਤੀਆਂ ਸਾਡੇ ਨਾਲ ਰਹਿਣ ਵਾਸਤੇ ਆ ਗਈਆਂ। ਪਿਸ਼ੌਰੀਆਂ ਦੇ ਪਰਿਵਾਰ ਦੀ ਭਰ ਜੁਆਨ ਉਹ ਔਰਤ ਬਹੁਤ ਸੋਹਣੀ ਸੀ, ਗੋਰਾ ਸੂਹਾ ਰੰਗ ਤੇ ਬਿੱਲੀਆਂ ਅੱਖਾਂ ਸਨ ਉਸ ਦੀਆਂ। ਕੁੜੀਆਂ ਛੇਵੀਂ ਤੇ ਸਤਵੀਂ ਜਮਾਤ ਵਿਚ ਪੜ੍ਹਦੀਆਂ ਸਨ। ਬਚਪਨ ਹੋਣ ਕਰ ਕੇ ਠੀਕ-ਠੀਕ ਸਮੇਂ ਦਾ ਪਤਾ ਨਹੀਂ ਕਿ ਉਹ ਕਿੰਨੇ ਮਹੀਨੇ ਸਾਡੇ ਨਾਲ ਰਹੀਆਂ ਪਰ ਇੱਕ ਸਰਦੀ ਤੇ ਇੱਕ ਗਰਮੀ ਰਹਿਣਾ ਯਾਦ ਹੈ।
ਅੰਮ੍ਰਿਤਸਰ ਜਾਂਦੀ ਸੜਕ ਦੇ ਕਿਨਾਰੇ ਵਾਲੇ ਉਸ ਘਰ ਉੱਪਰਲੀ ਮੰਜਿ਼ਲ ’ਤੇ ਦੋ ਵੱਡੇ-ਵੱਡੇ ਕਮਰੇ ਸਨ। ਸੜਕ ਵਾਲੇ ਪਾਸੇ ਦੇ ਕਮਰੇ ਵਿਚ ਸੌਣ ਬਹਿਣ ਤੇ ਅੰਦਰਲੇ ਪਾਸੇ ਵਾਲੇ ਵਿਚ ਚੁੱਲ੍ਹਾ ਸੀ ਜਿਸ ’ਤੇ ਵਾਰੀ-ਵਾਰੀ ਦੋਵੇਂ ਧਿਰਾਂ ਆਪੋ-ਆਪਣੀ ਰੋਟੀ ਬਣੀ ਲੈਂਦੀਆਂ ਸਨ। ਸੌਂਦੇ ਸਾਰੇ ਜਣੇ ਸੜਕ ਵੱਲ ਖੁੱਲ੍ਹਦੀਆਂ ਬਾਰੀਆਂ ਵਾਲੇ ਕਮਰੇ ਵਿਚ ਹੀ ਸਾਂ। ਇੱਕ ਪਾਸੇ ਸਾਡੀ, ਬੀਜੀ ਦੀ ਤੇ ਮੇਰੀ ਇੱਕ ਮੰਜੀ, ਤੇ ਦੂਜੇ ਪਾਸੇ ਉਨ੍ਹਾਂ ਮਾਵਾਂ ਧੀਆਂ ਦੀਆਂ ਦੋ ਮੰਜੀਆਂ ਹੁੰਦੀਆਂ। ਗਰਮੀਆਂ ਨੂੰ ਛੱਤ ’ਤੇ ਬਰਾਬਰ ਮੰਜੇ ਡਾਹ ਕੇ ਸਾਰੇ ਸੌਂ ਜਾਂਦੇ ਸਾਂ। ਫਿਰ ਉਸ ਔਰਤ ਕੋਲ ਕੋਈ ਮਿਲਟਰੀ ਵਾਲਾ ਆਉਣ ਲੱਗਿਆ ਜਿਸ ਨਾਲ ਉਸ ਨੇ ਵਿਆਹ ਕਰਾ ਲਿਆ।
ਫਿਰ ਉਹ ਤਿੰਨੇ ਉਸੇ ਮਿਲਟਰੀ ਵਾਲੇ ਦੇ ਘਰ ਰਹਿਣ ਚਲੀਆਂ ਗਈਆਂ। ਉਹ ਪਹਿਲਾਂ ਵੀ ਵਿਆਹਿਆ ਸੀ ਤੇ ਉਸ ਘਰ ਦੀ ਹੇਠਲੀ ਮੰਜਿ਼ਲ ’ਤੇ ਉਸ ਦੀ ਪਤਨੀ ਤੇ ਉਸ ਦੇ ਦੋ ਲੜਕੇ ਵੀ ਰਹਿੰਦੇ ਸਨ। ਉੱਪਰ ਮਿਆਨੀ ਸੀ ਜਿਸ ਵਿੱਚ ਉਹ ਤਿੰਨੇ ਮਾਵਾਂ ਧੀਆਂ ਰਹਿਣ ਲੱਗ ਪਈਆਂ ਪਰ ਜਿੰਨਾ ਚਿਰ ਵੀ ਇਕੱਠੇ ਰਹੇ, ਸਾਡਾ ਆਪਸੀ ਰਿਸ਼ਤਾ ਇਸ ਤਰ੍ਹਾਂ ਗਹਿਰਾ ਹੋ ਗਿਆ ਸੀ ਕਿ ਬਾਅਦ ਵਿਚ ਹਮੇਸ਼ਾ ਰਾਬਤਾ ਬਣਿਆ ਰਿਹਾ।
ਹੁਣ ਖਿ਼ਆਲ ਆਉਂਦਾ ਹੈ ਕਿ ਹੁਣ ਵਾਲੇ ਧੋਖਾਧੜੀਆਂ ਤੇ ਬੇਯਕੀਨੀਆਂ ਨਾਲ ਭਰੇ ਸਮੇਂ ਵਿੱਚ ਕੀ ਕੋਈ ਇਸ ਤਰ੍ਹਾਂ ਕਿਸੇ ਅਨਜਾਣ ਨੂੰ ਨਾਲ ਰੱਖ ਸਕਦਾ ਹੈ ਤੇ ਕੀ ਕੋਈ ਇਸ ਤਰ੍ਹਾਂ ਰਹਿਣ ਵਾਸਤੇ ਕਿਸੇ ’ਤੇ ਯਕੀਨ ਵੀ ਕਰ ਸਕਦਾ ਹੈ?
ਸੰਪਰਕ: 98153-02081

Advertisement
Advertisement
Advertisement