ਨਗਰ ਕੌਂਸਲ ਕੁਰਾਲੀ ਦੀ ਮੀਟਿੰਗ ਹੰਗਾਮਾ ਭਰਪੂਰ ਰਹੀ
ਮਿਹਰ ਸਿੰਘ
ਕੁਰਾਲੀ, 29 ਜੁਲਾਈ
ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਪ੍ਰਧਾਨਗੀ ਹੇਠ ਹੋਈ ਸਥਾਨਕ ਨਗਰ ਕੌਂਸਲ ਦੀ ਮੀਟਿੰਗ ਹੰਗਾਮਾ ਭਰਪੂਰ ਰਹੀ। ਕਰੀਬ ਸਾਢੇ ਚਾਰ ਮਹੀਨਿਆਂ ਦੇ ਅੰਤਰਾਲ ਬਾਅਦ ਹੋਈ ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਅਤੇ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਜਿਵੇਂ ਹੀ ਪਿਛਲੀ ਮੀਟਿੰਗ ਦੀ ਪੁਸ਼ਟੀ ਦਾ ਮਤਾ ਆਇਆ ਤਾਂ ‘ਆਪ’ ਕੌਂਸਲਰਾਂ ਬਹਾਦਰ ਸਿੰਘ ਓਕੇ, ਨੰਦੀ ਪਾਲ ਬਾਂਸਲ ਤੇ ਖੁਸ਼ਬੀਰ ਸਿੰਘ ਨੇ ਪਿਛਲੀ ਮੀਟਿੰਗ ਵਿੱਚ ਪਾਸ ਕੀਤੇ ਤਖਮੀਨੇ ਹਾਊਸ ਵਿੱਚ ਨਾ ਲਿਆਉਣ ਨੂੰ ਲੈ ਕੇ ਪੁਸ਼ਟੀ ਕਰਨ ਦੇ ਮਤੇ ਦਾ ਵਿਰੋਧ ਕੀਤਾ। ‘ਆਪ’ ਕੌਂਸਲਰਾਂ ਨੇ ਚਾਰ ਮਹੀਨੇ 18 ਦਿਨ ਬਾਅਦ ਮੀਟਿੰਗ ਕਰਨ ਨੂੰ ਮਿਉਂਸਿਪਲ ਐਕਟ ਅਤੇ ਲੋਕ ਹਿੱਤਾਂ ਤੇ ਸ਼ਹਿਰ ਦੇ ਵਿਕਾਸ ਦੇ ਖ਼ਿਲਾਫ਼ ਦੱਸਿਆ। ਮੀਟਿੰਗ ਦੌਰਾਨ ਜਦੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ 80 ਤਖਮੀਨੇ ਪੇਸ਼ ਕੀਤੇ ਗਏ ਤਾਂ ‘ਆਪ’ ਕੌਂਸਲਰਾਂ ਬਹਾਦਰ ਸਿੰਘ ਓਕੇ, ਨੰਦੀ ਪਾਲ ਬਾਂਸਲ ਤੇ ਹੋਰਨਾਂ ਨੇ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਕੌਂਸਲ ’ਤੇ ਕਾਬਜ਼ ਧਿਰ ਸ਼ਹਿਰ ਦਾ ਕਾਗਜ਼ਾਂ ਤੇ ਮਤਿਆਂ ਵਿੱਚ ਹੀ ਵਿਕਾਸ ਕਰ ਰਹੀ ਹੈ ਜਦਕਿ ਪਿਛਲੀਆਂ ਮੀਟਿੰਗਾਂ ਵਿੱਚ ਪਾਸ ਕੀਤੇ ਕਰੋੜਾਂ ਰੁਪਏ ਦੇ ਵਿਕਾਸ ਦੇ ਟੈਂਡਰ ਲਗਾਏ ਹੀ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਅੱਜ ਵੀ 10 ਕਰੋੜ ਦੇ ਤਖਮੀਨੇ ਪਾਸ ਕਰ ਕੇ ਸ਼ਹਿਰੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ।
ਕਾਂਗਰਸੀ ਕੌਂਸਲਰ ਭਾਰਤ ਭੂਸ਼ਨ ਨੇ ਵੀ ਆਪਣਾ ਇਤਰਾਜ਼ ਦਰਜ ਕਰਵਾਇਆ। ਨੰਦੀ ਪਾਲ ਬਾਂਸਲ ਨੇ 2021 ਵਿੱਚ ਪਾਸ ਹੋਏ ਵਾਰਡ ਨੰਬਰ 6 ਦੇ ਕਮਿਊਨਿਟੀ ਸੈਂਟਰ ਦਾ ਟੈਂਡਰ ਨਾ ਲਾਏ ਜਾਣ ਦਾ ਮਾਮਲਾ ਚੁੱਕਿਆ ਜਦਕਿ ਹੋਰਨਾਂ ਕੌਂਸਲਰਾਂ ਨੇ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦੇ ਮੰਦੇ ਹਾਲ ਦਾ ਮਸਲਾ ਉਭਾਰਿਆ। ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਵਿਰੋਧੀ ਕੌਂਸਲਰਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਾਰੇ ਵਾਰਡਾਂ ਦਾ ਬਿਨਾ ਵਿਤਕਰੇ ਤੋਂ ਵਿਕਾਸ ਕਰਵਾਇਆ ਜਾ ਰਿਹਾ ਹੈ।
ਮੀਟਿੰਗ ਵਿੱਚ ਦੇਰੀ ਸਬੰਧੀ ਉਨ੍ਹਾਂ ਕਿਹਾ ਕਿ ਅਫ਼ਸਰਾਂ ਵਲੋਂ ਏਜੰਡਾ ਸਮੇਂ ਸਿਰ ਤਿਆਰ ਨਾ ਕੀਤੇ ਜਾਣ ਕਾਰਨ ਮੀਟਿੰਗ ਵਿੱਚ ਦੇਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ 10 ਕਰੋੜ ਤੋਂ ਵੱਧ ਦੇ ਮਤੇ ਪਾਸ ਕੀਤੇ ਗਏ ਹਨ। ਦੂਜੇ ਪਾਸੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵਿਕਾਸ ਕਾਰਜਾਂ ਵਿੱਚ ਵਿਤਕਰਾ ਨਾ ਕਰਨ ਅਤੇ ਸਾਰੇ ਸ਼ਹਿਰ ਦਾ ਬਰਾਬਰ ਵਿਕਾਸ ਕਰਨ ਲਈ ਕਿਹਾ। ਉਨ੍ਹਾਂ ਵਿਕਾਸ ਦੇ ਕੰਮਾਂ ਦੀ ਸਮੀਖਿਆ ਲਈ ਜਲਦੀ ਫਿਰ ਮੀਟਿੰਗ ਰੱਖਣ ਦੀ ਗੱਲ ਵੀ ਕਹੀ।