ਜੇਈਆਰਸੀ ਦੀ ਮੀਟਿੰਗ ਸਿਆਸਤ ਦੀ ਭੇਟ ਚੜ੍ਹੀ
ਮੁਕੇਸ਼ ਕੁਮਾਰ
ਚੰਡੀਗੜ੍ਹ, 21 ਜੂਨ
ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਵੱਲੋਂ ਚੰਡੀਗੜ੍ਹ ਵਿੱਚ ਬਿਜਲੀ ਦੀਆਂ ਕੀਮਤਾਂ ’ਚ ਵਾਧੇ ’ਤੇ ਇਤਰਾਜ਼ ਦਰਜ ਕਰਨ ਲਈ ਅੱਜ ਸੱਦੀ ਗਈ ਜਨਤਕ ਮੀਟਿੰਗ ਸਿਆਸਤ ਦੀ ਭੇਟ ਚੜ੍ਹ ਗਈ। ਇਸ ਦੌਰਾਨ ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ (ਕਰਾਫੈਡ) ਨੇ ਜੇਈਆਰਸੀ ਤੋਂ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਬਿਨਾਂ ਮੁੜ ਮੀਟਿੰਗ ਸੱਦਣ ਦੀ ਅਪੀਲ ਕੀਤੀ ਹੈ।
ਇੱਥੇ ਸੈਕਟਰ-10 ਸਥਿਤ ਆਰਟ ਗੈਲਰੀ ਦੇ ਆਡੀਟੋਰੀਅਮ ਵਿੱਚ ਜੇਈਆਰਸੀ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ। ਇਸ ਵਿੱਚ ਬਿਜਲੀ ਦੀਆਂ ਦਰਾਂ ’ਚ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਆਮ ਲੋਕਾਂ ਤੋਂ ਇਤਰਾਜ਼ ਮੰਗੇ ਗਏ ਸਨ। ਮੀਟਿੰਗ ਦੌਰਾਨ ਸਵਾਲ-ਜਵਾਬ ਦੌਰਾਨ ਮੌਕੇ ’ਤੇ ਹਾਜ਼ਰ ਸਿਆਸੀ ਆਗੂਆਂ ਵਿਚਾਲੇ ਹੋਈ ਬਹਿਸਬਾਜ਼ੀ ਤੋਂ ਬਾਅਦ ਮੀਟਿੰਗ ਦਾ ਮਾਹੌਲ ਖਰਾਬ ਹੋ ਗਿਆ ਅਤੇ ਜੇਈਆਰਸੀ ਦੇ ਅਧਿਕਾਰੀਆਂ ਨੂੰ ਮੀਟਿੰਗ ਵਿਚਾਲੇ ਹੀ ਛੱਡਣੀ ਪਈ। ਇਸ ਤੋਂ ਬਾਅਦ ਲੋਕ ਕੁਝ ਦੇਰ ਉੱਥੇ ਹੀ ਬੈਠੇ ਰਹੇ ਪਰ ਜਦੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਚੰਡੀਗੜ੍ਹ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ’ਤੇ ਭੜਕ ਗਏ। ਉਨ੍ਹਾਂ ਇਸ ਨੂੰ ਲੈ ਕੇ ਸ਼ਹਿਰ ਦੀਆਂ ਸਿਆਸੀ ਪਾਰਟੀਆਂ ਸਾਰੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਦੂਜੇ ਪਾਸੇ ਮੀਟਿੰਗ ਵਿੱਚ ਹਾਜ਼ਰ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ. ਐੱਸਐੱਸ ਆਹਲੂਵਾਲੀਆ ਨੇ ਮੀਟਿੰਗ ਦਾ ਮਾਹੌਲ ਖ਼ਰਾਬ ਕਰਨ ਲਈ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ’ਤੇ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸ਼ਹਿਰ ਵਾਸੀ ਜੇਈਆਰਸੀ ਵਲੋਂ ਬਿਜਲੀ ਦਰਾਂ ਵਿੱਚ ਵਾਧੇ ਨੂੰ ਲੈਕੇ ਸੱਦੀ ਗਈ ਮੀਟਿੰਗ ਕਰ ਰਹੇ ਸਨ ਤਾਂ ਇੱਕ ਸਾਜ਼ਿਸ਼ ਤਹਿਤ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ 15-20 ਲੋਕਾਂ ਨਾਲ ਉੱਥੇ ਪੁੱਜੇ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਅਧਿਕਾਰੀ ਲੋਕਾਂ ਦੀ ਰਾਏ ਲੈ ਰਹੇ ਸਨ ਤਾਂ ਅਰੁਣ ਸੂਦ ਨੇ ਗਲਤ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਸਾਰੀ ਮੀਟਿੰਗ ਦਾ ਮਾਹੌਲ ਖਰਾਬ ਹੋ ਗਿਆ ਤੇ ਅਧਿਕਾਰੀਆਂ ਨੂੰ ਮੀਟਿੰਗ ਵਿਚਾਲੇ ਹੀ ਛੱਡਣੀ ਪਈ।
ਚੰਡੀਗੜ੍ਹ ਦੀਆਂ ਵੱਖ ਵੱਖ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੀ ਸਿਰਮੌਰ ਸੰਸਥਾ ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ (ਕਰਾਫੈਡ) ਦੇ ਚੇਅਰਮੈਨ ਹਿਤੇਸ਼ ਪੁਰੀ ਨੇ ਕਿਹਾ ਕਿ ਉਨ੍ਹਾਂ ਇਸ ਮੀਟਿੰਗ ਦੌਰਾਨ ਬਿਜਲੀ ਦਰਾਂ ਵਿੱਚ 19.44 ਫ਼ੀਸਦ ਵਾਧੇ ’ਤੇ ਵਿਰੋਧ ਦਰਜ ਕਰਵਾਉਣਾ ਸੀ ਪਰ ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਜੇਈਆਰਸੀ ਨੂੰ ਸਿਆਸੀ ਪਾਰਟੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਮੁੜ ਮੀਟਿੰਗ ਸੱਦਣ ਦੀ ਅਪੀਲ ਕੀਤੀ ਹੈ।
ਸੰਸਦ ਮੈਂਬਰ ਤਿਵਾੜੀ ਰਹੇ ਗੈਰਹਾਜ਼ਰ
ਮੀਟਿੰਗ ਦੌਰਾਨ ਚੰਡੀਗੜ੍ਹ ਦੇ ਨਵੇਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨਹੀਂ ਪਹੁੰਚੇ। ਇਸ ’ਤੇ ਵਿਰੋਧੀ ਧਿਰ ਵਲੋਂ ਉਨ੍ਹਾਂ ’ਤੇ ਸਵਾਲ ਉਠਾਏ ਗਏ। ਮਨੀਸ਼ ਤਿਵਾੜੀ ਨੇ ਸੋਸ਼ਲ ਮੀਡੀਆ ’ਤੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੱਤੇਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲੇ ਤੱਕ ਅਹੁਦੇ ਦੀ ਸਹੁੰ ਨਹੀਂ ਚੁੱਕੀ। ਇਸ ਕਾਰਨ ਉਨ੍ਹਾਂ ਨੇ ਇਸ ਵਿੱਚ ਹਿੱਸਾ ਨਹੀਂ ਲਿਆ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੱਸਿਆ ਕਿ ਹਾਲ ਹੀ ਵਿੱਚ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ। ਉਹ ਮੁਲਾਕਾਤ ਗੈਰ-ਰਸਮੀ ਸੀ ਪਰ ਸਹੁੰ ਚੁੱਕਣ ਤੱਕ ਉਹ ਕਿਸੇ ਵੀ ਸਰਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਚ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਸ ਨੂੰ ਬਿਨਾ ਮਤਲਬ ਦਾ ਮੁੱਦਾ ਬਣਾ ਰਹੀ ਹੈ।