ਸਿਹਤ ਮੰਤਰੀ ਨਾਲ ਡਾਕਟਰਾਂ ਦੀ ਮੀਟਿੰਗ ਬੇਸਿੱਟਾ, ਅੱਜ ਤੋਂ ਓਪੀਡੀ ਸੇਵਾਵਾਂ ਮੁਕੰਮਲ ਬੰਦ
ਕੁਲਦੀਪ ਸਿੰਘ
ਚੰਡੀਗੜ੍ਹ, 11 ਸਤੰਬਰ
ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ 9 ਸਤੰਬਰ ਤੋਂ ਤਿੰਨ ਘੰਟੇ ਓਪੀਡੀਜ਼ ਬੰਦ ਰੱਖਣ ਦੀ ਸ਼ੁਰੂ ਕੀਤੀ ਗਈ ਹੜਤਾਲ ਦੇ ਚਲਦਿਆਂ ਅੱਜ ਐਸੋਸੀਏਸ਼ਨ ਦੇ ਅਹੁਦੇਦਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਮੀਟਿੰਗ ਤੋਂ ਸੰਤੁਸ਼ਟ ਨਾ ਹੋਏ। ਅੱਜ ਵੀ ਹੜਤਾਲ ਕਰਕੇ ਪੂਰੇ ਪੰਜਾਬ ਦੇ ਹਸਪਤਾਲਾਂ ਵਿੱਚ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੁੰਦੇ ਰਹੇ।
ਡਾਕਟਰਾਂ ਨੇ ਹੜਤਾਲ ਨੂੰ ਦੂਜੇ ਪੜਾਅ ਵਿੱਚ ਸ਼ਾਮਲ ਕਰਦਿਆਂ 12 ਸਤੰਬਰ ਤੋਂ ਸੂਬੇ ਦੇ ਸਰਕਾਰੀ ਹਸਪਤਾਲਾਂ, ਪੀਐੱਚਸੀਜ਼, ਸੀਐੱਚਸੀਜ਼ ਸਣੇ ਸਾਰੇ ਸਿਹਤ ਕੇਂਦਰਾਂ ਵਿੱਚ ਓਪੀਡੀਜ਼ ਮੁਕੰਮਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਦੱਸਿਆ ਕਿ ਸਾਰੀਆਂ ਓਪੀਡੀਜ਼ ਵਿੱਚ ਕੰਮ-ਕਾਜ ਪੂਰਾ ਦਿਨ ਕੰਮ ਬੰਦ ਰੱਖਿਆ ਜਾਵੇਗਾ ਅਤੇ ਕੋਈ ਮਰੀਜ਼ ਨਹੀਂ ਦੇਖੇ ਜਾਣਗੇ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ।
ਡਾ. ਅਖਿਲ ਸਰੀਨ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਕੈਬਨਿਟ ਸਬ-ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਸੁਰੱਖਿਆ ਅਤੇ ਏਸੀਪੀਜ਼ ਦੀਆਂ ਮੰਗਾਂ ਨੂੰ ਪੁਰਜ਼ੋਰ ਤਰੀਕੇ ਨਾਲ ਕਮੇਟੀ ਸਾਹਮਣੇ ਰੱਖਿਆ। ਕੈਬਨਿਟ ਸਬ-ਕਮੇਟੀ ਨੇ ਮੰਗਾਂ ਨੂੰ ਜਾਇਜ਼ ਮੰਨਦਿਆਂ ਸਿਧਾਂਤਕ ਤੌਰ ’ਤੇ ਪੀਸੀਐੱਮਐੱਸ ਕਾਡਰ ਵਿੱਚ ਰੁਕੇ ਹੋਏ ਏਸੀਪੀ ਨੂੰ ਬਹਾਲ ਕਰਨ ਨੂੰ ਪ੍ਰਵਾਨਗੀ ਦਿੱਤੀ ਅਤੇ ਇਸ ਨੂੰ ਜਲਦੀ ਅਤੇ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ ਬਿਨਾਂ ਸ਼ਰਤ ਸਹਿਮਤੀ ਦਿੱਤੀ। ਮੀਟਿੰਗ ਦੇ ਅੰਤ ਵਿੱਚ ਵਿਭਾਗ ਵੱਲੋਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਅੱਜ ਹੀ ਸਰਕਾਰ ਵੱਲੋਂ ਅਧਿਕਾਰਤ ਪੱਤਰ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਏਸੀਪੀ ਦੀ ਬਹਾਲੀ ਬਾਰੇ ਕੈਬਨਿਟ ਸਬ-ਕਮੇਟੀ ਦੇ ਫੈਸਲੇ ਅਤੇ ਨਿਸ਼ਚਿਤ ਰੂਪ-ਰੇਖਾ ਸਣੇ ਮੀਟਿੰਗ ਦੇ ਹੋਰ ਮਹੱਤਵਪੂਰਨ ਫੈਸਲਿਆਂ ਬਾਰੇ ਦੱਸਿਆ ਜਾਵੇਗਾ।
ਪੱਤਰ ਜਾਰੀ ਨਾ ਹੋਣ ਕਾਰਨ ਹੜਤਾਲ ਜਾਰੀ ਰੱਖਣ ਦਾ ਐਲਾਨ: ਸਰੀਨ
ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਖਿਲ ਸਰੀਨ ਦੱਸਿਆ ਕਿ ਸਰਕਾਰ ਵੱਲੋਂ ਪੱਤਰ ਜਾਰੀ ਕਰਨ ਦੇ ਵਾਅਦੇ ਉਪਰੰਤ ਅੱਜ ਸ਼ਾਮ ਤੱਕ ਕੋਈ ਵੀ ਪੱਤਰ ਜਾਰੀ ਨਾ ਕੀਤੇ ਜਾਣ ਕਰਕੇ ਐਸੋਸੀਏਸ਼ਨ ਨੇ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ ਜਿਸ ਦੇ ਚਲਦਿਆਂ ਹੜਤਾਲ ਦਾ 12 ਸਤੰਬਰ ਨੂੰ ਅਗਲਾ ਪੜਾਅ ਸ਼ੁਰੂ ਹੋ ਜਾਵੇਗਾ। ਸਿਰਫ ਐਮਰਜੈਂਸੀ ਮਰੀਜ਼ਾਂ ਦੀ ਲੋੜ ਨੂੰ ਦੇਖਦੇ ਹੋਏ ਸੇਵਾ ਬਹਾਲ ਰੱਖੀ ਜਾਵੇਗੀ। ਇਸ ਤੋਂ ਬਾਅਦ ਵੀ 16 ਸਤੰਬਰ ਨੂੰ ਜੇ ਨੌਬਤ ਆਈ ਤਾਂ ਹਰ ਤਰ੍ਹਾਂ ਦੀਆਂ ਮੈਡੀਕੋ ਲੀਗਲ ਸੇਵਾਵਾਂ ਵੀ ਡਾਕਟਰ ਮਜਬੂਰ ਹੋ ਕੇ ਛੱਡ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਦੇ ਮੰਗ ਪੱਤਰ ਮੁਤਾਬਕ ਸਮੱਸਿਆਵਾਂ ਦੇ ਜਲਦ ਹੱਲ ਕੱਢੇ ਜਾਣ ਤਾਂ ਜੋ ਹੜਤਾਲ ਖ਼ਤਮ ਕੀਤੀ ਜਾ ਸਕੇ ਅਤੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਹੜਤਾਲ ਲਈ ਸਹਿਯੋਗ ਮੰਗਿਆ।