For the best experience, open
https://m.punjabitribuneonline.com
on your mobile browser.
Advertisement

ਸੰਘਰਸ਼ ਕਮੇਟੀ ਤੇ ਫੈਕਟਰੀ ਮਾਲਕ ’ਚ ਮੀਟਿੰਗ ਬੇਸਿੱਟਾ

10:42 AM Jul 13, 2024 IST
ਸੰਘਰਸ਼ ਕਮੇਟੀ ਤੇ ਫੈਕਟਰੀ ਮਾਲਕ ’ਚ ਮੀਟਿੰਗ ਬੇਸਿੱਟਾ
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਜੁਲਾਈ
ਪਿੰਡਾਂ ਅਖਾੜਾ ਅਤੇ ਭੂੰਦੜੀ ਵਿੱਚ ਲੱਗ ਰਹੀਆਂ ਬਾਇਓ ਗੈਸ ਫੈਕਟਰੀਆਂ ਦਾ ਮਸਲਾ ਹਾਲੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ। ਦੋਵੇਂ ਪਿੰਡਾਂ ’ਚ ਪੱਕੇ ਮੋਰਚੇ ਜਾਰੀ ਹਨ। ਪਿੰਡ ਅਖਾੜਾ ਵਿੱਚ ਗੈਸ ਫੈਕਟਰੀ ਵਿਰੋਧੀ ਸੰਘਰਸ਼ ਮੋਰਚਾ 72ਵੇਂ ਦਿਨ ’ਚ ਦਾਖ਼ਲ ਹੋ ਗਿਆ। ਮਾਮਲਾ ਸੁਲਝਾਉਣ ਲਈ ਅੱਜ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੂੰ ਪੁਲੀਸ ਜ਼ਿਲ੍ਹਾ ਦਿਹਾਤੀ ਦੇ ਪੁਲੀਸ ਕਪਤਾਨ ਮਨਵਿੰਦਰਬੀਰ ਸਿੰਘ ਵੱਲੋਂ ਮੁੜ ਮਸਲਾ ਸੁਲਝਾਉਣ ਲਈ ਆਪਣੇ ਦਫ਼ਤਰ ਸੱਦਿਆ ਗਿਆ। ਮੀਟਿੰਗ ’ਚ ਉਸਾਰੀ ਅਧੀਨ ਫੈਕਟਰੀ ਦੇ ਮਾਲਕ ਕਰਮਜੀਤ ਸਿੰਘ ਵੀ ਸ਼ਾਮਲ ਹੋਏ। ਦੋਹਾਂ ਧਿਰਾਂ ਨੇ ਆਪਣਾ ਪੱਖ ਰੱਖਿਆ। ਪਿੰਡ ਵਾਸੀਆਂ ਵੱਲੋਂ ਇਹ ਨੁਕਤਾ ਉਭਾਰਿਆ ਗਿਆ ਕਿ ਭਾਵੇਂ ਇਸ ਸਮੇਂ ਮਾਲਕ ਵੱਲੋਂ ਫੈਕਟਰੀ ’ਚ ਗੋਹੇ ਰਾਹੀਂ ਗੈਸ ਪੈਦਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਨਾ ਤਾਂ ਇਲਾਕੇ ’ਚ ਲੋੜੀਂਦਾ ਗੋਹਾ ਉਪਲਬਧ ਹੈ ਅਤੇ ਨਾ ਹੀ ਭਰੋਸਾ ਹੈ ਕਿ ਮਾਲਕ ਵੱਲੋਂ ਨੈਪੀਅਰ ਘਾਹ, ਗੰਨੇ ਦੀ ਵੇਸਟ ਵਰਤ ਕੇ ਗੈਸ ਪੈਦਾ ਕੀਤੀ ਜਾਵੇਗੀ। ਸੰਘਰਸ਼ ਕਮੇਟੀ ਦੇ ਇਨ੍ਹਾਂ ਖ਼ਦਸ਼ਿਆਂ ਦਾ ਮਾਲਕ ਵੱਲੋਂ ਯੋਗ ਉੱਤਰ ਨਹੀਂ ਦਿੱਤਾ ਜਾ ਸਕਿਆ। ਸੰਘਰਸ਼ ਕਮੇਟੀ ਵੱਲੋਂ ਮਾਲਕ ਨੂੰ ਇਸ ਥਾਂ ’ਤੇ ਕੋਈ ਹੋਰ ਪ੍ਰਾਜੈਕਟ ਲਗਾ ਕੇ ਚਿਰ ਤੋਂ ਚੱਲੇ ਆ ਰਹੇ ਮਸਲੇ ਦਾ ਭਾਈਚਾਰਕ ਹੱਲ ਕਰਨ ਦਾ ਸੁਝਾਅ ਦਿੱਤਾ ਗਿਆ। ਪੁਲੀਸ ਕਪਤਾਨ ਨੇ ਮਾਲਕ ਤੋਂ ਮਸਲੇ ਦੇ ਪੱਕੇ ਹੱਲ ਤੱਕ ਕੋਈ ਵੀ ਉਸਾਰੀ ਨਾ ਕਰਨ ਦਾ ਲਿਖਤੀ ਭਰੋਸਾ ਲਿਆ।
ਕਮੇਟੀ ਆਗੂ ਗੁਰਤੇਜ ਸਿੰਘ ਅਖਾੜਾ ਨੇ ਦੱਸਿਆ ਕਿ ਭਲਕੇ 13 ਜੁਲਾਈ ਨੂੰ ਅਖਾੜਾ ਸੰਘਰਸ਼ ਮੋਰਚੇ ’ਚ ਬੀਕੇਯੂ (ਡਕੌਂਦਾ) ਦੇ ਮਰਹੂਮ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਮਨਾਈ ਜਾਵੇਗੀ। ਇਸ ਸਮੇਂ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement