ਮੈਡੀਕਲ ਐਸੋਸੀਏਸ਼ਨ ਹੜਤਾਲ ਦੇ ਫੈਸਲੇ ’ਤੇ ਕਾਇਮ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 2 ਸਤੰਬਰ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ 9 ਸਤੰਬਰ ਤੋਂ ਐਲਾਨੀ ਕਲਮਛੋੜ ਹੜਤਾਲ ਦੇ ਫ਼ੈਸਲੇ ਨੂੰ ਕਾਇਮ ਰੱਖਣ ਦਾ ਫ਼ੈਸਲਾ ਲਿਆ ਹੈ। ਡਾਇਰੈਕੋਰੇਟ ਨੂੰ ਭੇਜੇ ਮੰਗ ਪੱਤਰ ਕਿਹਾ ਗਿਆ ਕਿ ਪਿਛਲੇ 15 ਦਿਨਾਂ ਤੋਂ ਪੰਜਾਬ ਸਰਕਾਰ ਅਤੇ ਸਰਕਾਰੀ ਡਾਕਟਰਾਂ ਵਿਚਾਲੇ ਚੱਲ ਰਹੀ ਗੱਲਬਾਤ ਤੋਂ ਬਾਅਦ ਵੀ ਸਰਕਾਰ ਵਲੋਂ ਹੁਣ ਤੱਕ ਏਸੀਪੀ (ਸਮਾਂਬੱਧ ਤਰੱਕੀ) ਦੇ ਮੁੱਦੇ ’ਤੇ ਨਾ ਤਾਂ ਕੋਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿਚ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਗਾਰਡ ਰੱਖੇ ਗਏ ਹਨ। ਸਿਹਤ ਮੰਤਰੀ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਕੋਈ ਪ੍ਰਬੰਧ ਨਾ ਹੁੰਦੇ ਵੇਖ ਡਾਕਟਰਾਂ ਅੰਦਰ ਰੋਸ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ. ਕਰਤਾਰ ਸਿੰਘ ਅਤੇ ਜਨਰਲ ਸਕੱਤਰ ਡਾ. ਮੁਨੀਸ਼ ਕੁਮਾਰ ਨੇ ਸਿਵਲ ਸਰਜਨ ਡਾ. ਪਵਨ ਕੁਮਾਰ ਨੂੰ ਮੰਗ ਪੱਤਰ ਮਗਰੋਂ ਕਿਹਾ ਕਿ ਸਰਕਾਰੀ ਡਾਕਟਰ ਮਹੀਨਾਵਾਰ ਰਿਪੋਰਟਾਂ ਅਤੇ ਹੋਰ ਦਫ਼ਤਰੀ ਕੰਮਾਂ ਦਾ ਬਾਈਕਾਟ ਕਰਨਗੇ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਡਾ. ਹਰਪੁਨੀਤ ਕੌਰ, ਡਾ. ਜਗਦੀਪ ਸਿੰਘ, ਡਾ. ਸਾਹਿਲਦੀਪ, ਡਾ. ਸਨਮ ਸੰਧੂ, ਡਾ. ਨਵਜੋਤ ਸੰਧੂ, ਡਾ. ਸੁਸ਼ਾਂਤ, ਡਾ. ਸੌਰਵ ਸ਼ਰਮਾ, ਡਾ. ਹਿਤੇਸ਼ ਅਗਰਵਾਲ ਆਦਿ ਮੌਜੂਦ ਸਨ।