ਵਿਚੋਲਾ
ਗੱਜਣਵਾਲਾ ਸੁਖਮਿੰਦਰ
ਤਵੀਲ ਅਰਸਾ ਪਹਿਲਾਂ ਲਵ ਮੈਰਿਜਾਂ ਮੂਰਜਾਂ ਦਾ ਰਿਵਾਜ਼ ਹੈ ਨਹੀਂ ਸੀ। ਸਾਰਾ ਜੋੜ ਬੰਨ੍ਹ ਵਿਚੋਲੇ ਰਾਹੀਂ ਹੁੰਦਾ ਸੀ। ਸਮਾਜਿਕ ਵਜੂਦ ਹੀ ਉਦੋਂ ਇਸ ਤਰ੍ਹਾਂ ਦਾ ਸੀ ਕਿ ਪਿੰਡਾਂ ਵਿੱਚ ਕਹਿੰਦੇ ਕਹਾਉਂਦੇ ਗੱਭਰੂ ਛੜੇ ਰਹਿ ਜਾਂਦੇ। ਜਿਨ੍ਹਾਂ ਦਾ ਵਿਆਹ ਆਨੰਦ ਕਾਰਜਾਂ ਨਾਲ ਹੋ ਜਾਂਦਾ, ਉਸ ਦੀ ਪਿੰਡ ਵਿਚ ਭਲ ਬਣ ਜਾਂਦੀ। ਮੁੰਡੇ ਦੀ ਵਿਆਹ ਦੀ ਉਮਰ ਦੀ ਵੱਤ ਲੰਘਦੀ ਦਿਸਦੀ ਤਾਂ ਮਾਪਿਆਂ ਨੂੰ ਫਿ਼ਕਰ ਹੋ ਜਾਂਦਾ; ਮਾਵਾਂ ਬਿਨਾਂ ਸੰਗ ਸ਼ਰਮ ਦੇ ਆਪ ਕਿਸੇ ਦੇ ਘਰ ਜਾ ਕੇ ਪੁੱਤ ਦੇ ਸਾਕ ਲਈ ਅਰਜੋਈ ਕਰਨ ਜਾਂਦੀਆਂ।
ਬੁੜ੍ਹੀ ਭਾਨੀ ਦੇ ਕੰਨੀਂ ਗੱਲ ਪਈ- ਬਸਰੇ ਵਾਲੀ ਬਚਿੰਤੋ ਆਪਣੀ ਭਤੀਜੀ ਦਾ ਸਾਕ ਪਿੰਡ ’ਚ ਲਿਆਉਣ ਨੂੰ ਫਿਰਦੀ ਐ। ਕਿਉਂ ਨਾ ਮੈਂ ਮਿੰਨਤ-ਤਰਲਾ ਕਰ ਕੇ ਉਮਰ ਟੱਪਦੇ ਜਾਂਦੇ ਆਪਣੇ ਵੱਡੇ ਮੁੰਡੇ ਘੁੱਦੇ ਵਾਸਤੇ ਗੱਲ ਕਰ ਕੇ ਦੇਖ ਲਵਾਂ। ਕਿੰਨਾ ਕੁ ਚਿਰ ਮੈਂ ਚੁੱਲ੍ਹੇ ’ਚ ਫੂਕਾਂ ਮਾਰਦੀ ਧੂੰਏ ਨਾਲ ਅੱਖਾਂ ਗਾਲਦੀ ਰਹੂੰਗੀ।... ਸਿਰ ’ਤੇ ਚੁੰਨੀ ਸੂਤ ਕੀਤੀ ਤੇ ਉਹ ਵੀਹੋ-ਵੀਹੀ ਹੁੰਦੀ ਹੋਈ ਬਚਿੰਤੋ ਕੋਲ ਚਲੀ ਗਈ। ਬਚਿੰਤੋ ਕਣਕ ਦੀ ਬੋਰੀ ਢੇਰੀ ਕਰੀ ਪੀਹਣ ਬਣਾਈ ਜਾਂਦੀ ਸੀ। ਇੱਧਰ ਉੱਧਰ ਦੀਆਂ ਕਰਨ ਪਿਛੋਂ ਭਾਨੀ ਨੇ ਦਿਲ ਦੀ ਭੋਲ ਭੰਨਦਿਆਂ ਆਖਿਆ- “ਬਚਿੰਤ ਕੁਰੇ, ਮੈਂ ਉਡਦੀ-ਉਡਦੀ ਸੁਣੀ ਆ, ਭਾਈ ਤੂੰ ਆਵਦੀ ਭਤੀਜੀ ਦਾ ਐਥੇ ਸਾਕ ਲਿਆਉਣ ਲਈ ਗੱਲ ਤੋਰੀ ਹੋਣੀ... ਮੈਂ ਤਾਂ ਤੇਰੇ ਕੋਲ ਵੱਡੇ ਮੁੰਡੇ ਘੁੱਦੇ ਬਾਰੇ ਆਈ ਆਂ। ਚਾਹੇ ਛੋਟਾ ਵੀ ਹੈਗਾ। ਤੈਨੂੰ ਪਤਾ ਈ ਐ, ਉਹ ਤਾਂ ਸਿੱਧਾ ਜਿਹਾ ਈ ਐ; ਪੈਲੀ ਪੱਠਾ ਤਾਂ ਓੜਕ ਘੁੱਦੇ ਨੂੰ ਮਿਲਣਾ। ਜੇ ਸਾਕ ਕਰਾ ਦੇਵੇਂ ਤਾਂ ਸਾਰੀ ਉਮਰ ਭਾਈ ਤੇਰਾ ਦੇਣ ਨਾ ਦੇ ਸਕੂੰ।”
ਸੁਣ ਕੇ ਬਚਿੰਤੋ ਬੋਲੀ- “ਮਾਂ ਜੀ! ਮੈਂ ਤਾਂ ਸਰਸਰੀ ਜਿਹੀ ਗੱਲ ਕੀਤੀ ਸੀ ਪਰ ਕੁੜੀ ਤਾਂ ਅਜੇ ਛੋਟੀ ਐ। ਘੱਟੋ-ਘਟ ਪੰਜਾਂ ਚਹੁੰ ਸਾਲਾਂ ਨੂੰ ਵਿਆਹੁਣ ਜੋਗੀ ਹੋਊਗੀ।” ਭਾਨੀ ਨੇ ਸਹਿਜ-ਭਾਅ ਬਚਿੰਤੋ ਦੇ ਹੋਰ ਨੇੜੇ ਹੋ ਕੇ ਆਖਿਆ- “ਛੱਡ ਨੀ ਬਚਿੰਤ ਕੁਰੇ! ਪੰਜ ਚਾਰ ਸਾਲ ਕਿੰਨੇ ਕੁ ਹੁੰਦੇ ਆ, ਐਥੇ ਤੂੰ ਤੇ ਐਥੇ ਮੈਂ। ਵਿੰਹਦਿਆਂ-ਵਿੰਹਦਿਆਂ ਨਿਕਲ ਜਾਣੇ ਆ। ਜੇ ਤੂੰ ਮੇਰੇ ਪੁੱਤ ਦਾ ਬੇੜਾ ਸਿਰੇ ਲਾ ਦੇਵੇਂ ਤਾਂ ਤੇਰਾ ਬਾਹਲਾ ਈ ਵੱਡਾ ਪੁੰਨ ਹੋਊ।” ਬੱਸ ਫਿਰ ਕੀ ਸੀ, ਪਤਾਸੇ ਵੰਡੇ ਗਏ ਮੰਗਣੇ ਦੇ। ਪੱਕ-ਠੱਕ ਹੋਣ ਦੀ ਦੇਰ ਸੀ ਕਿ ਘੁੱਦਾ ਤਾਂ ਜਾਣੋ ਬਚਿੰਤੋ ਕੇ ਘਰ ਦਾ ਗੋਲਾ (ਗ਼ੁਲਾਮ) ਹੀ ਬਣ ਗਿਆ। ਬਚਿੰਤੋ ਕੇ ਵਾਹੀ ਬੀਜੀ ਦੇ ਕੰਮ ਲਈ ਬੰਦੇ ਦੀ ਲੋੜ ਪੈਂਦੀ ਤਾਂ ਘੁੱਦੇ ਨੂੰ ਆਵਾਜ਼ ਵੱਜਦੀ। ਦਾਣੇ ਕਢਾਉਣ, ਪਾਣੀ ਲਾਉਣ, ਕਮਾਦ ਗੁਡਾਉਣ ਤੱਕ ਦੇ ਸਾਰੇ ਕੰਮਾਂ ਲਈ ਘੁੱਦਾ ਹਾਜ਼ਰ ਹੁੰਦਾ। ਜਿੰਨਾ ਚਿਰ ਕੁੜੀ ਵਿਆਹ ਦੇ ਕਾਬਲ ਨਹੀਂ ਨਾ ਹੋਈ, ਘੁੱਦਾ ਇਕ ਤਰ੍ਹਾਂ ਨਾਲ ਵਿਚੋਲਿਆਂ ਦਾ ਕਾਮਾ ਬਣਿਆ ਰਿਹਾ।
ਬਈ ਵਿਚੋਲੇ ਦੀ ਕਦਰ ਉਦੋਂ ਐਨੀ ਹੁੰਦੀ ਸੀ ਕਿ ਘਰੀਂ ਤਾਂ ਵਿਚੋਲੇ ਦੇ ਅਹਿਸਾਨ ਨੂੰ ਦੂਜੀ ਤੀਜੀ ਪੀੜ੍ਹੀ ਤੱਕ ਵੀ ਭੁਲਾਇਆ ਨਾ ਜਾਂਦਾ; ਪੁੱਤ ਪੋਤੇ ਅਦਬ ਕਰਦੇ, ਤੌੜੀ ਦਾ ਦੁੱਧ ਪਿਆਏ ਬਗੈਰ ਅੱਗੇ ਨਾ ਜਾਣ ਦਿੰਦੇ। ਵਿਚ-ਵਿਚ ਭਾਵੇਂ ਅੱਜ ਵੀ ਲੋਕ ਵਿਚੋਲੇ ਦੀ ਕਦਰ ਕਰਦੇ ਹੋਣਗੇ ਪਰ ਹੁਣ ਤਾਂ ਚਹੁੰ ਫੇਰਿਆਂ ਤੋਂ ਬਾਅਦ ਵਿਚੋਲੇ ਨੂੰ ਵਿਸਾਰ ਦਿੱਤਾ ਜਾਂਦਾ। ਵਿਚੋਲਾ ਜੋ ਉਦੋਂ ਦੋਹਾਂ ਧਿਰਾਂ ਨੂੰ ਰਿਸ਼ਤੇਦਾਰ ਜਿਹਾ ਲੱਗਣ ਲੱਗ ਪੈਂਦਾ ਸੀ, ਅੱਜ ਦੇ ਤਜਾਰਤੀ ਦੌਰ ਨੇ ਉਸ ਮਹਿਕ/ਅਪਣੱਤ ਨੂੰ ਫਿੱਕਾ ਹੀ ਪਾ ਦਿਤਾ ਜਾਪਦਾ ਹੈ।
ਉਨ੍ਹਾਂ ਵੇਲਿਆਂ ਵਿਚ ਲੜਕਿਆਂ ਦੇ ਨਾ ਵਿਆਹੇ ਜਾਣ ਦਾ ਕਾਰਨ ਮੁਗਲ ਕਾਲ ਵੇਲੇ ਅਤੇ ਉਸ ਤੋਂ ਬਾਅਦ ਵੀ ਲੜਕਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਬਹੁਤ ਘੱਟ ਸੀ। ਅਖੌਤੀ ਅਣਖਾਂ ਇੱਜ਼ਤਾਂ ਪਿਛੇ ਜੰਮਦੀਆਂ ਕੁੜੀਆਂ ਨੂੰ ਪਾਰ ਬੁਲਾ ਦਿਤਾ ਜਾਂਦਾ। ਉਦੋਂ ਕੁੜੀਆਂ ਦੇਖਣ ਦਿਖਾਉਣ ਦਾ ਸਵਾਲ ਹੀ ਕਿਥੇ ਸੀ! ਪਿੰਡਾਂ ਵਿਚ ਨਾਈ ਲਾਗੀ ਦਾਦੇ ਪੰਡਤ ਹੀ ਵਿਚੋਲੇ ਦਾ ਕੰਮ ਕਰਦੇ। ਲੋਕ ਉਨ੍ਹਾਂ ’ਤੇ ਪੂਰਾ ਇਤਬਾਰ ਕਰਦੇ ਜੋ ਲੰਗੀ, ਕਾਲ਼ੀ, ਬੋਲ਼ੀ ਮਿਲ ਜਾਂਦੀ, ਖਿੜੇ ਮੱਥੇ ਉਮਰ ਭਰ ਲਈ ਕਬੂਲ ਹੁੰਦੀ। ਤਲਾਕ, ਛੱਡ ਛਡਾਈਆਂ ਨਾ-ਮਾਤਰ, ਬਹੁਤ ਹੀ ਘੱਟ। ਔਰਤ ਘਰ ਦਾ ਚਾਨਣ ਜਾਣੀ ਜਾਂਦੀ। ਜਹਾਨ ਦੀਆਂ ਰੌਣਕਾਂ ਦਾ ਸਬਬ ਔਰਤ ਨੂੰ ਹੀ ਜਾਣਿਆ ਜਾਂਦਾ।
ਜ਼ਮੀਨਾਂ ਦੀ ਉਦੋਂ ਕਦਰ ਹੀ ਬਹੁਤ ਘੱਟ ਸੀ। ਟੱਕਾਂ ਦੇ ਟੱਕ ਖਾਲੀ ਪਏ ਹੁੰਦੇ। ਦੂਰ-ਦੂਰ ਤਕ ਬਰ ਉਡਦੀ। ਮਾਰੂ ਫਸਲਾਂ, ਬੱਸ ਮੀਂਹ ਆਸਰੇ। ਚਾਰ ਦਾਣੇ ਆ ਜਾਂਦੇ ਤਾਂ ਲੱਖ-ਲੱਖ ਸ਼ੁਕਰ ਮਨਾਉਂਦੇ। ਜ਼ਮੀਨ ਦੀ ਘੱਟ ਔਰਤ ਦੀ ਕਦਰ ਉਦੋਂ ਬਾਹਲੀ ਸੀ।
ਕੁੜੀ ਵਾਲੇ ਵੀ ਤੇ ਮੁੰਡੇ ਵਾਲੇ ਵੀ, ਦੋਵੇਂ ਵਿਚੋਲੇ ’ਤੇ ਭਰੋਸਾ ਬਹੁਤ ਕਰਦੇ- ‘ਮਾੜੀ ਨਹੀਂ ਕਰੂਗਾ’। ਕੁੜੀ ਵਾਲੇ ਦੋ-ਚਾਰ ਸਿਆਣੇ ਨਾਲ ਲੈ ਕੇ ਰਸਮੀ ਤੌਰ ’ਤੇ ਸਰਸਰੀ ਜਿਹੀ ਨਜ਼ਰ ਮਾਰਨ ਲਈ ਮੁੰਡੇ ਦਾ ਘਰ ਜਾਂਦੇ। ਮੂੰਡੇ ਵਾਲਿਆ ਦੇ ਘਰੇ ਕੋਈ ਘਾਟ ਵਾਧ ਦਿਸਦੀ ਲਗਦੀ ਤਾਂ ਵਿਚੋਲੇ ਦੀ ਨੇਕ ਸਲਾਹ ਹੁੰਦੀ- “ਅਂੈ ਕਰੋ, ਸਵਾਤ ਵਿਚ ਸਾਹਮਣੇ ਪੰਜ ਸੱਤ ਕੁਅੰਟਲ ਕੁਅੰਟਲ ਵਾਲੀਆਂ ਕਣਕ ਨਾਲ ਭਰੀਆਂ ਬੋਰੀਆਂ ਦੀ ਧਾਂਕ ਜਿਹੀ ਲੁਆ ਦਿਉ। ਜੇ ਆਪਣੀ ਹੈ ਤਾਂ ਠੀਕ; ਨਹੀਂ ਤਾਂ ਆਢ-ਗੁਆਂਢ ਤੋਂ ਦੋ-ਚਾਰ ਦਿਨ ਲਈ ਲੈ ਕੇ ਰੱਖਵਾ ਲਵੋ। ਚਰਖਾ ਚੁਰਖਾ, ਪੰਜ ਚਾਰ ਚੰਗੇ ਸੂਤ ਦੇ ਮੰਜੇ ਇਕ ਪਾਸੇ ਖੜ੍ਹੇ ਕਰ ਦਿਉ। ਐਂ ਲੱਗੇ ਵਸਦਾ ਰਸਦਾ ਘਰ ਐ। ਚੰਗਾ ਪ੍ਰਭਾਵ ਜਿਹਾ ਪੈ’ਜੇ।”
ਵਿਆਹ ਵਾਲੇ ਦਿਨ ਵਿਚੋਲਾ ਦੋਹਾਂ ਧਿਰਾਂ ਦਾ ਹੀਰੋ ਹੁੰਦਾ। ਹਰ ਗੱਲ ਉਸ ਨੂੰ ਪੁੱਛ ਕੇ ਹੁੰਦੀ, “ਮਾਘਾ ਸਿੰਹਾਂ, ਵਾਟ ਦੂਰ ਦੀ ਐ, ਸ਼ਗਨ ਵਿਹਾਰ ਥੋੜ੍ਹਾ ਜਿਹਾ ਕਹਿ ਕੇ ਛੇਤੀ ਕਰਵਾ ਦੇ। ਸਿਆਲੂ ਦਿਨ ਐ, ਟੈਮ ਨਾਲ ਘਰੇ ਪਹੁੰਚ ਜਾਈਏ।”
“ਮਾਘਾ ਸਿੰਹਾਂ, ਦੱਸੀਂ ਜਾਵੀਂ ਜੋ ਕੁਛ ਕਰਨਾ। ਸਾਰਾ ਕੁਛ ਤੇਰੇ ਸਿਰ ’ਤੇ ਈ ਐ।”
ਹੁਣ ਤਾਂ ਇਉਂ ਲੱਗਦਾ, ਵਿਚੋਲੇ ਦੇ ਉਸ ਆਦਰ ਮਾਣ ਦੀ ਜੋ ਮਹਿਕਮਈ ਦਾਸਤਾਨ ਸੀ, ਉਹ ਬੀਤੇ ਜ਼ਮਾਨੇ ਦੇ ਸਫਿਆਂ ਦਾ ਹਿੱਸਾ ਬਣ ਕੇ ਰਹਿ ਗਈ ਹੈ।
ਸੰਪਰਕ: 99151-06449