For the best experience, open
https://m.punjabitribuneonline.com
on your mobile browser.
Advertisement

ਤਗ਼ਮਾ

08:56 AM Oct 18, 2023 IST
ਤਗ਼ਮਾ
Advertisement

ਪਾਲੀ ਰਾਮ ਬਾਂਸਲ

Advertisement

“ਯਾਰ ਕਿਤੇ ਆਪਣਾ ਫੋਨ ਤਾਂ ਨ੍ਹੀਂ ਟੈਪ ਹੋ ਰਿਹਾ?” ਮੈਂ ਆਪਣੇ ਜਿਗਰੀ ਯਾਰ ਗੁਰਦੀਪ ਨੂੰ ਪੁੱਛਿਆ ਸੀ।
“ਆਹੋ, ਤੂੰ ਲੱਗਿਐਂ ਨਾ ਹਾਈ ਕੋਰਟ ਦਾ ਜੱਜ! ਵੱਡਾ ਆਇਆ ਫੋਨ ਟੈਪ ਵਾਲਾ!!” ਗੁਰਦੀਪ ਨੇ ਸ਼ਰਾਰਤੀ ਹਾਸੀ ਹੱਸਦਿਆਂ ਟਕੋਰ ਮਾਰੀ।
ਗੱਲ ਕਰੀਬ 15 ਸਾਲ ਪੁਰਾਣੀ ਹੈ। ਮੈਂ ਆਪਣੇ ਬੈਂਕ ਦੀ ਅਫਸਰਾਂ ਦੀ ਜਥੇਬੰਦੀ ਦਾ ਜਨਰਲ ਸਕੱਤਰ ਸੀ ਤੇ ਮੇਰਾ ਦੋਸਤ ਗੁਰਦੀਪ ਭੁੱਲਰ ਖੇਤਰੀ ਸਕੱਤਰ। ਉਸ ਸਮੇਂ ਦੇ ਚੇਅਰਮੈਨ ਨਾਲ ਸਾਡੇ ਸਬੰਧ ਕਾਫੀ ਸੁਖਾਵੇਂ ਸਨ। ਮੈਨੇਜਮੈਂਟ ਅਤੇ ਜਥੇਬੰਦੀ ਨੇ ਰਲ ਮਿਲ ਕੇ ਚੰਗਾ ਮਾਹੌਲ ਸਿਰਜਿਆ ਜਿਸ ਕਾਰਣ ਬੈਂਕ ਦੀ ਬਹੁਤ ਤਰੱਕੀ ਹੋਈ। ਕਰੀਬ ਦੋ ਸਾਲ ਬਹੁਤ ਵਧੀਆ ਗੁਜ਼ਰੇ। ਇੱਕ ਦਿਨ ਮੈਨੂੰ ਚੇਅਰਮੈਨ ਨੇ ਬੁਲਾ ਕੇ ਕਿਹਾ, “ਪਾਲੀ ਰਾਮ, ਆਹ ਜਿਹੜਾ ਆਪਣਾ ਇੱਕ ਅਫਸਰ ਮੁਅੱਤਲ ਹੋਇਆ ਹੈ ਤੇ ਜੇਲ੍ਹ ਯਾਤਰਾ ਵੀ ਕਰ ਆਇਆ ਹੈ, ਇਹਦਾ ਕੀ ਚੱਕਰ ਐ। ਇਹਦੇ ਤੋਂ ਆਪਾਂ ਕੰਮ ਵੀ ਕੋਈ ਨਹੀਂ ਲੈ ਸਕਦੇ ਤੇ ਘਰ ਬੈਠੇ ਨੂੰ ਚੋਖੀ ਤਨਖਾਹ ਵੀ ਦੇਈ ਜਾ ਰਹੇ ਆਂ। ਇੱਕ ਪਾਸਾ ਕਰੀਏ; ਜਾਂ ਤਾਂ ਚਲਦਾ ਕਰੀਏ ਬੈਂਕ ’ਚੋਂ ਜਾਂ ਫਿਰ ਬਣਦੀ ਸਜ਼ਾ ਦੇ ਕੇ ਬਹਾਲ ਕਰ ਕੇ ਕੰਮ ਲਈਏ ਉਹਦੇ ਤੋਂ।”
ਮੈਂ ਚੇਅਰਮੈਨ ਨੂੰ ਮੁਅੱਤਲ ਅਫਸਰ ਦੀ ਕੁਤਾਹੀ ਅਤੇ ਗ਼ਲਤੀਆ ਬਾਰੇ ਵਿਸਥਾਰਪੂਰਵਕ ਦੱਸ ਦਿੱਤਾ।
“ਅਣਗਹਿਲੀ ਤੇ ਗ਼ਲਤੀ ਤਾਂ ਉਹਨੇ ਕੀਤੀ ਹੈ ਪਰ ਨੌਕਰੀ ’ਚੋਂ ਕੱਢਣ ਵਾਲੀ ਤਾਂ ਕੋਈ ਗੱਲ ਨ੍ਹੀਂ ਲਗਦੀ। ਸੁਣਵਾਈ ਅਧੀਨ ਪੜਤਾਲੀ ਕਾਰਵਾਈ ਨਬਿੇੜੋ ਤੇ ਫੈਸਲਾ ਕਰੋ।” ਚੇਅਰਮੈਨ ਨੇ ਮੇਰੀ ਸਾਰੀ ਗੱਲ ਸੁਣ ਕੇ ਪੜਤਾਲੀਆ ਅਫਸਰ ਨੂੰ ਬੁਲਾ ਕੇ ਉਸ ਨੂੰ ਪੜਤਾਲੀ ਕਾਰਵਾਈ 15 ਦਿਨ ’ਚ ਖ਼ਤਮ ਕਰ ਕੇ ਰਿਪੋਰਟ ਦੇਣ ਦੀ ਤਾਕੀਦ ਕੀਤੀ। ਖੈਰ! ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਉਹਨੂੰ ਬਣਦੀ ਸਜ਼ਾ ਦੇ ਕੇ ਬਹਾਲ ਕਰ ਦਿੱਤਾ ਗਿਆ। ਕੁਝ ਸਮੇਂ ਲਈ ਉਸ ਅਫਸਰ ਨੂੰ ਇੱਕ ਮੈਨੇਜਰ ਅਧੀਨ ਲਾ ਦਿੱਤਾ ਤੇ ਉਸ ਮੈਨੇਜਰ ਨੂੰ ਹੁਕਮ ਕੀਤਾ ਕਿ ਇਸ ਤੋਂ ਅਗਲੇ ਹੁਕਮਾਂ ਤੱਕ ਕਲਰਕ ਵਾਲਾ ਕੰਮ ਹੀ ਲਿਆ ਜਾਵੇ ਤੇ ਪੂਰੀ ਨਿਗਰਾਨੀ ਰੱਖੀ ਜਾਵੇ।
ਜਦੋਂ ਉਹ ਅਫਸਰ ਜੇਲ੍ਹ ਵਿਚ ਸੀ ਤਾਂ ਮੈਂ ਉਸ ਨੂੰ ਜੇਲ੍ਹ ਵਿਚਚ ਤੇ ਉਸ ਦੇ ਘਰਦਿਆਂ ਨੂੰ ਉਸ ਦੇ ਘਰ ਵੀ ਮਿਲ ਕੇ ਆਇਆ ਸੀ। ਜੇਲ੍ਹ ਵਿਚ ਉਸ ਦੀ ਤਰਸਯੋਗ ਹਾਲਤ ਦੇਖ ਕੇ ਮੈਨੂੰ ਪੂਰਾ ਯਕੀਨ ਸੀ ਕਿ ਹੁਣ ਉਹ ਬਹਾਲੀ ਤੋਂ ਬਾਅਦ ਨੌਕਰੀ ਠੀਕ ਢੰਗ ਅਤੇ ਇਮਾਨਦਾਰੀ ਨਾਲ ਕਰੇਗਾ। ਕੁਝ ਸਮਾਂ ਉਸ ਦਾ ਕਾਰ-ਵਿਹਾਰ ਦੇਖ ਕੇ ਉਸ ਨੂੰ ਬੈਂਕ ਦੀ ਇੱਕ ਬਰਾਂਚ ਵਿਚ ਮੈਨੇਜਰ ਲਾ ਦਿੱਤਾ ਪਰ ਜਿਵੇਂ ਕਹਿੰਦੇ ਨੇ- ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ’, ਉਸ ਨੇ ਕੁਝ ਸਮੇਂ ਬਾਅਦ ਹੀ ਵੱਡੀ ਹੇਰਾ-ਫੇਰੀ ਕਰ ਲਈ।
ਹੁਣ ਸਾਡੀ ਜਥੇਬੰਦੀ ਦੇ ਵਿਰੋਧੀਆਂ ਜਨਿ੍ਹਾਂ ਵਿਚ ਸਾਡੇ ਬੈਂਕ ਦੇ ਸਪਾਂਸਰ ਬੈਂਕ ਸਟੇਟ ਬੈਂਕ ਆਫ ਪਟਿਆਲਾ ਦੀ ਵੱਡੀ ਤੇ ਪ੍ਰਭਾਵਸ਼ਾਲੀ ਜਥੇਬੰਦੀ ਵੀ ਸੀ, ਨੂੰ ਮੌਕਾ ਮਿਲ ਗਿਆ। ਉਨ੍ਹਾਂ ਚੇਅਰਮੈਨ (ਜੋ ਸਪਾਂਸਰ ਬੈਂਕ ਦਾ ਹੀ ਸੀਨੀਅਰ ਅਧਿਕਾਰੀ ਸੀ) ਕੋਲ ਝੂਠ-ਤੂਫਾਨ ਬੋਲ ਕੇ ਇਹ ਪ੍ਰਭਾਵ ਦਿੱਤਾ ਕਿ ਮੈਂ ਉਸ ਅਫਸਰ ਨੂੰ ਬਹਾਲ ਕਰਵਾਇਆ ਸੀ। ਸਾਡੇ ਬੈਂਕ ਦਾ ਹੀ ਇੱਕ ਅਫਸਰ ਜਿਸ ਨੂੰ ਸਾਰੇ ਬੈਂਕ ’ਚ ਉਹਦੇ ਕੁ-ਨਾਂ ਕਰ ਕੇ ਜਾਣਦੇ ਸੀ, ਸਵੇਰੇ ਸ਼ਾਮ ਚੇਅਰਮੈਨ ਨੂੰ ਮਿਲ ਕੇ ਮੇਰੇ ਅਤੇ ਸਾਡੀ ਜਥੇਬੰਦੀ ਖਿਲਾਫ ਕੰਨ ਭਰਦਾ ਰਹਿੰਦਾ।
ਸਾਡੇ ਖਿਲਾਫ ਕੂੜ ਪ੍ਰਚਾਰ ਦਾ ਨਤੀਜਾ ਇਹ ਨਿਕਲਿਆ ਕਿ ਚੇਅਰਮੈਨ ਸਾਡੀ ਜਥੇਬੰਦੀ ਦੇ ਮੈਂਬਰਾਂ ਨੂੰ ਤੰਗ ਕਰਨ ਲੱਗ ਪਿਆ। ਇੱਕ ਦੋ ਵਾਰ ਉਸ ਨੂੰ ਤਰਕ ਨਾਲ ਸਮਝਾਇਆ ਵੀ ਪਰ ਕਿੱਥੇ! ਹੁਣ ਅਸੀਂ ਵੀ ਆਪਣੇ ਮੈਂਬਰਾਂ ਦੀ ਹਿਫ਼ਾਜ਼ਤ ਲਈ ਚੇਅਰਮੈਨ ਖਿਲਾਫ ਝੰਡਾ ਚੁੱਕ ਲਿਆ। ਚੇਅਰਮੈਨ ਖਿਲਾਫ ਇਕੱਠੇ ਹੋ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ।
ਇਸ ਦੌਰਾਨ ਸਾਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਮੀਟਿੰਗ ਬੇਸ਼ੱਕ ਅਸੀਂ 10 ਮੈਂਬਰ ਕਰੀਏ ਜਾਂ 50, ਮੀਟਿੰਗ ਦੀ ਅੰਦਰੂਨੀ ਖ਼ਬਰ ਚੇਅਰਮੈਨ ਨੂੰ ਤੁਰੰਤ ਮਿਲ ਜਾਇਆ ਕਰੇ। ਕਿਹੜਾ ਮੈਂਬਰ ਮੀਟਿੰਗ ’ਚ ਕੀ ਬੋਲਿਆ, ਉਹ ਸਭ ਕੁਝ ਚੇਅਰਮੈਨ ਨੂੰ ਪਤਾ ਲੱਗ ਜਾਇਆ ਕਰੇ ਤੇ ਚੇਅਰਮੈਨ ਉਸ ਮੈਂਬਰ ਨੂੰ ਡਰਾਇਆ ਧਮਕਾਇਆ ਕਰੇ। ਅਸੀਂ ਕਦੇ ਕਿਸੇ ਅਤੇ ਕਦੇ ਕਿਸੇ ’ਤੇ ਸ਼ੱਕ ਕਰੀਏ ਪਰ ਕਿਸੇ ਸਪਸ਼ਟ ਨਤੀਜੇ ’ਤੇ ਨਾ ਪਹੁੰਚ ਸਕੇ।
“ਪਾਲੀ ਯਾਰ, ਆਪਾਂ ਹੋਰਾਂ ’ਤੇ ਸ਼ੱਕ ਕਰੀ ਜਾਂਦੇ ਆਂ, ਕਿਤੇ ਆਪਣੀ ‘ਤਿਕੜੀ’ ਵਾਲਾ ਤੀਜਾ ਬੰਦਾ ਤਾਂ ਨਹੀਂ?” ਭੁੱਲਰ ਨੇ ਉਸ ਮੈਂਬਰ ’ਤੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਜੋ ਮਾਲਵਾ ਗ੍ਰਾਮੀਣ ਬੈਂਕ ਵਿਚ ਮੇਰੇ ਅਤੇ ਭੁੱਲਰ ਤੋਂ ਇਲਾਵਾ ‘ਤਿਕੜੀ’ ਦੇ ਮੈਂਬਰ ਦੇ ਤੌਰ ’ਤੇ ਜਾਣਿਆ ਜਾਂਦਾ ਸੀ।
“ਤੇਰੀ ਸੁਰਤ ਜਾਂਦੀ ਲੱਗਦੀ ਆ ਮੈਨੂੰ ਜਿਹੜਾ ਔਲੀਆਂ ਵੌਲੀਆਂ ਮਾਰੀ ਜਾਨੈ ਐਵੇਂ।” ਮੈਂ ਪਿਆਰ ਭਰੇ ਗੁੱਸੇ ਨਾਲ ਉਸ ਵੱਲ ਘੂਰ ਵੱਟ ਕੇ ਕਿਹਾ- “ਨਾਲੇ ਯਾਰ ਉਹਦੇ ਨਾਲ ਐਨੇ ਨੇੜਲੇ ਪਰਿਵਾਰਕ ਸਬੰਧ ਨੇ ਤੇ ਉਹ ਆਪਣੇ ਨਾਲ ਬੇਵਫ਼ਾਈ ਕਿਵੇਂ ਕਰ ਸਕਦੈ? ਬੈਂਕ ’ਚ ਉਹਦੀ ਪਹਿਲੀ ਤਰੱਕੀ ਪਤਾ ਐ ਆਪਾਂ ਕਿੰਨੇ ਪਾਪੜ ਵੇਲ ਕੇ ਕਰਵਾਈ ਸੀ। ਐਨਾ ਅਹਿਸਾਨਫਰਾਮੋਸ਼ ਤਾਂ ਨ੍ਹੀਂ ਹੋ ਸਕਦਾ ਉਹ?” ਮੈਂ ਦਿਮਾਗ ਠੰਢਾ ਰੱਖਣ ਦੀ ਕੋਸ਼ਿਸ਼ ਕੀਤੀ।
ਖੈਰ! ਕੁਝ ਦਿਨ ਹੋਰ ਬੀਤ ਗਏ।
“ਸਰ, ਆਹ ਚੇਅਰਮੈਨ ਸਾਹਿਬ ਦਾ ਮੋਬਾਈਲ ਟੈਲੀਫੋਨ ਦਾ ਬਿੱਲ ਐ, ਤੁਸੀਂ ਵੇਰੀਫਾਈ ਕਰ ਦਿਓ, ਮੈਂ ਬਿੱਲ ਅਦਾ ਕਰਵਾ ਦਿਆਂ।” ਬੈਂਕ ਦੇ ਅਕਾਊਂਟ ਸੈਕਸ਼ਨ ਦੀ ਅਫਸਰ ਨੇ ਮੇਰੇ ਅੱਗੇ ਬਿੱਲ ਲਿਆ ਰੱਖਿਆ।
ਮੈਂ ਬਿੱਲ ਫੜਿਆ ਤਾਂ ਮੇਰੀ ਨਿਗ੍ਹਾ ਉਸ ਬਿੱਲ ਦੇ ਨਾਲ ਲੱਗੀ ਕਾਲ-ਡਿਟੇਲ ’ਤੇ ਜਾ ਪਈ ਤੇ ਮੈਂ ਉਹਨੂੰ ਰਤਾ ਘੋਖਣ ਲੱਗ ਪਿਆ। ਚੇਅਰਮੈਨ ਦੇ ਫੋਨ ਤੋਂ ਸੈਂਕੜੇ ਕਾਲਾਂ ਸਾਡੇ ‘ਤਿੱਕੜੀ’ ਯਾਰ ਨੂੰ ਹੋਈਆਂ ਸੀ। ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਹ ‘ਯਾਰ’ ਜਿਸ ਪਿੱਛੇ ਅਸੀਂ ਸਭ ਕੁਝ ਕੀਤਾ, ਭਰਾ ਵਰਗਾ ਪਿਆਰ ਦਿੱਤਾ, ਸਾਡੇ ਤੇ ਸਾਡੀ ਜਥੇਬੰਦੀ ਨਾਲ ਇਹ ਕੰਮ ਵੀ ਕਰ ਸਕਦਾ ਹੈ?
ਛੱਤ ਉਪਰ ਜਾ ਕੇ ਉਸ ‘ਯਾਰ’ ਨੂੰ ਫੋਨ ਕੀਤਾ ਤੇ ਕਿਹਾ, “ਤੇਰੇ ਕੋਲੋਂ ਇਹ ਉਮੀਦ ਨਹੀਂ ਸੀ। ਪਹਿਲਾਂ ਤਾਂ ਪਰਾਂ ’ਤੇ ਪਾਣੀ ਨਾ ਪੈਣ ਦੇਵੇ ਪਰ ਜਦੋਂ ਮੈਂ ਕਿਹਾ, “ਕਾਲ-ਡਿਟੇਲ ਦੀ ਕਾਪੀ ਭੇਜਾਂ?”... ਤਾਂ ਫਿਰ ਘਬਰਾ ਗਿਆ ਤੇ ਆਪਣੀ ਗ਼ਲਤੀ ਵੀ ਮੰਨ ਲਈ। ਉਸ ਦੀ ਇਸ ਬੇਵਫ਼ਾਈ ਨੇ ਸਾਡੀ ਜਥੇਬੰਦੀ ਨੂੰ ਕਾਫੀ ਢਾਹ ਲਾਈ ਸੀ। ਹਾਂ, ਉਸ ਨੂੰ ਇਸ ਬਦਲੇ ਤਗ਼ਮੇ ਤਰੱਕੀਆਂ ਅਤੇ ਹੋਰ ਵੱਖ ਵੱਖ ਰੂਪਾਂ ਵਿਚ ਮਿਲਦੇ ਰਹੇ।
ਸੰਪਰਕ: 81465-80919

Advertisement
Author Image

sukhwinder singh

View all posts

Advertisement
Advertisement
×