For the best experience, open
https://m.punjabitribuneonline.com
on your mobile browser.
Advertisement

ਔਰਤ ਹੋਣ ਦੇ ਮਾਅਨੇ

11:30 AM Oct 08, 2023 IST
ਔਰਤ ਹੋਣ ਦੇ ਮਾਅਨੇ
Advertisement

ਯਾਦਵਿੰਦਰ ਸਿੰਘ
ਪੁਨਰ ਜਾਗਰਤੀ ਚਿੰਤਨ ਨੇ ਸਾਡੀ ਸਦੀਆਂ ਤੋਂ ਬਣੀ ਸਹਿਜ ਸੂਝ ਨੂੰ ਵੰਗਾਰਨ ਲਈ ਜਿਹੜੇ ਸੁਆਲਾਂ ਨੂੰ ਕੇਂਦਰ ਵਿੱਚ ਲਿਆਂਦਾ, ਉਨ੍ਹਾਂ ਵਿੱਚ ਪਛਾਣ ਦਾ ਮਸਲਾ ਬੇਹੱਦ ਅਹਿਮ ਹੈ। ਲਿੰਗ, ਨਸਲ, ਜਾਤ ਤੇ ਜਮਾਤ ਨਾਲ ਜੁੜੀ ਦਰਜਾਬੰਦੀ ਨੂੰ ਚੁਣੌਤੀ ਦੇਣਾ ਰਵਾਇਤੀ ਤੇ ਰੂੜ ਹੋ ਚੁੱਕੀਆਂ ਪਛਾਣਾਂ ਨੂੰ ਨਵੇਂ ਸਿਰਿਓਂ ਵਿਚਾਰਨਾ ਵੀ ਸੀ। ਇਸੇ ਲੜੀ ਵਿੱਚ ਨਾਰੀਵਾਦੀ ਲਹਿਰ ਤੇ ਇਸ ਨਾਲ ਜੁੜੇ ਸਿਧਾਂਤਕ ਚਿੰਤਨ ਨੂੰ ਵਿਚਾਰਿਆ ਜਾ ਸਕਦਾ ਹੈ। ਡਾ. ਧਨਵੰਤ ਕੌਰ ਦੀ ਪੁਸਤਕ ‘ਨਾਰੀਵਾਦ: ਸਿਧਾਂਤ ਚਿੰਤਨ’ (ਕੀਮਤ: 250 ਰੁਪਏ; ਗਰੇਸ਼ੀਅਸ ਬੁਕਸ, ਪਟਿਆਲਾ) ਇਸੇ ਬਹਿਸ ਦੇ ਸਿਧਾਂਤਕ ਤੇ ਇਤਿਹਾਸਕ ਪਹਿਲੂਆਂ ਨਾਲ ਵਾਬਸਤਾ ਹੈ। ਹਾਲਾਂਕਿ ਇਸ ਕਿਤਾਬ ਦਾ ਬੁਨਿਆਦੀ ਨੁਕਤਾ ਸਿਮੋਨ ਦੀਆਂ ਨਾਰੀਵਾਦੀ ਸਥਾਪਨਾਵਾਂ ਦੀ ਵਿਆਖਿਆ ਉਸਾਰਨਾ ਹੈ, ਪਰ ਨਾਲ ਹੀ ਇਹ ਸਿਮੋਨ ਤੋਂ ਪਹਿਲਾਂ ਤੇ ਬਾਅਦ ਵਿੱਚ ਉੱਭਰੇ ਨਾਰੀਵਾਦੀ ਚਿੰਤਨ ਦੀਆਂ ਧਾਰਨਾਵਾਂ ਨਾਲ ਵੀ ਸੰਵਾਦ ਰਚਾਉਂਦੀ ਹੈ। ਤਿੰਨ ਭਾਗਾਂ ਵਿੱਚ ਵੰਡੀ ਇਸ ਕਿਤਾਬ ਦਾ ਪਹਿਲਾ ਅਧਿਆਇ ਨਾਰੀਵਾਦ ਦੇ ਮੁੱਢਲੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਦਾ ਹੈ। ਦੂਜਾ ਹਿੱਸਾ ਫਰਾਂਸਿਸੀ ਨਾਰੀਵਾਦੀ ਚਿੰਤਕ ਸਿਮੋਨ ਦੀ ਸਿਧਾਂਤਕਾਰੀ ਤੇ ਨਾਰੀਵਾਦ ਨਾਲ ਉਹਦੇ ਵਿਹਾਰਕ ਰਿਸ਼ਤਿਆਂ ਦੀ ਪੇਚੀਦਗੀ ਨੂੰ ਮੁਖ਼ਾਤਬ ਹੈ; ਜਦੋਂਕਿ ਤੀਜੇ ਭਾਗ ਵਿੱਚ ਸਿਮੋਨ ਤੋਂ ਬਾਅਦ ਦੇ ਨਾਰੀਵਾਦੀ ਚਿੰਤਨ ਬਾਰੇ ਤਬਸਰਾ ਦਰਜ ਹੈ। ਉਨੀਵੀਂ ਸਦੀ ਦੇ ਮੱਧ ਵਿੱਚ ਸ਼ੁਰੂ ਹੋਈ ਪਹਿਲੀ ਨਾਰੀਵਾਦੀ ਲਹਿਰ ਤੋਂ ਕੋਵਿਡ ਕਾਲ ਵਿੱਚ ਔਰਤਾਂ ਦੀ ਸਿਆਸੀ ਨੁਮਾਇੰਦਗੀ ਵਾਲੇ ਮੁਲਕਾਂ ਦੀ ਬਿਹਤਰ ਕਾਰਗੁਜ਼ਾਰੀ ਤੋਂ ਉੱਭਰੀ ਨਾਰੀਵਾਦ ਦੀ ਪੰਜਵੀਂ ਲਹਿਰ ਤੱਕ ਦੇ ਪ੍ਰਮੁੱਖ ਮੁੱਦਿਆਂ ਤੇ ਧਾਰਨਾਵਾਂ ਨੂੰ ਇਸ ਕਿਤਾਬ ਅੰਦਰ ਤਰਤੀਬਵਾਰ ਦਰਜ ਕੀਤਾ ਗਿਆ ਹੈ।
ਡਾ. ਧਨਵੰਤ ਕੌਰ ਦਾ ਮੁੱਖ ਮਕਸਦ ਪੰਜਾਬੀ ਪਾਠਕਾਂ ਨੂੰ ਨਾਰੀਵਾਦੀ ਸਿਧਾਂਤ ਚਿੰਤਨ ਬਾਰੇ ਬੁਨਿਆਦੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਲਿਹਾਜ਼ਾ ਪੰਜਾਬੀ/ਭਾਰਤੀ ਪ੍ਰਸੰਗ ਵਿੱਚ ਨਾਰੀ ਮਸਲਿਆਂ ਬਾਰੇ ਕੋਈ ਮੌਲਿਕ ਪ੍ਰਤਿਉੱਤਰ ਸਿਰਜਣ ਦੀ ਥਾਂ ਇਹ ਕਿਤਾਬ ਪੱਛਮੀ ਚਿੰਤਨ ਪਰੰਪਰਾ ਵਿੱਚ ਵਿਕਸਤ ਹੋਏ ਨਾਰੀਵਾਦੀ ਸਿਧਾਂਤ ਦੀਆਂ ਸਥਾਪਨਾਵਾਂ ਦੀ ਵਿਆਖਿਆ ਉਸਾਰਨ ਵੱਲ ਵਧੇਰੇ ਰੁਚਿਤ ਹੈ। ਇਨ੍ਹਾਂ ਸਥਾਪਨਾਵਾਂ ਦਾ ਮੰਤਵ ਪਿੱਤਰ-ਸੱਤਾ ਦੇ ਉਨ੍ਹਾਂ ਪਹਿਲੂਆਂ ਨੂੰ ਬੇਨਕਾਬ ਕਰਨਾ ਹੈ ਜਨਿ੍ਹਾਂ ਰਾਹੀਂ ਔਰਤ ਦੀ ਸਥਿਤੀ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਦਾ ਬਿਆਨੀਆ ਸਿਰਜਿਆ ਜਾਂਦਾ ਹੈ। ਮਾਨਸਿਕ ਪੱਧਰ ’ਤੇ ਇਸ ਬਿਆਨੀਏ ਦਾ ਅਹਿਮ ਪਹਿਲੂ ਮਰਦ ਦੇ ਮੁਕਾਬਲੇ ਔਰਤ ਨੂੰ ਕਮਜ਼ੋਰ ਸਾਬਤ ਕਰਨਾ ਹੈ। ਸਮਾਜਿਕ-ਸਭਿਆਚਾਰਕ ਪੱਖ ਤੋਂ ਇਸ ਦਾ ਨਿਸ਼ਾਨਾ ਗ੍ਰਹਿਣੀ ਤੇ ਮਾਂ ਵਜੋਂ ਔਰਤ ਦੀ ਭੂਮਿਕਾ ਨੂੰ ਤਰਜੀਹੀ ਰੂਪ ਵਿੱਚ ਉਭਾਰਨਾ ਹੈ। ਆਰਥਿਕ ਪੱਧਰ ’ਤੇ ਇਹ ਬਿਰਤਾਂਤ ਕੰਮ ਦੀ ਵੰਡ ਨਾਲ ਜੁੜਿਆ ਹੈ। ਔਰਤ ਨੂੰ ਘਰ ਦੇ ਕੰਮਾਂ ਤੇ ਬੱਚਿਆਂ ਦੀ ਪਰਵਰਿਸ਼ ਤੱਕ ਸੀਮਤ ਕਰਕੇ ਸਰਮਾਏਦਾਰੀ ਨਿਜ਼ਾਮ ਵਿੱਚ ਉਹਦੀ ਭੂਮਿਕਾ ਨੂੰ ਹਾਸ਼ੀਏ ’ਤੇ ਧੱਕਣ ਜਿਹੇ ਸੁਆਲਾਂ ਨੂੰ ਇਹ ਕਿਤਾਬ ਪਰਤ-ਦਰ-ਪਰਤ ਖੋਲ੍ਹਦੀ ਹੈ।
ਨਾਰੀਵਾਦ ਦੇ ਹਵਾਲੇ ਨਾਲ ਔਰਤ ਦੀ ਘਾੜਤ ਨੂੰ ਮੁਖ਼ਾਤਬ ਹੁੰਦਿਆਂ ਡਾ. ਧਨਵੰਤ ਕੌਰ ਭਾਸ਼ਾ ਦੀ ਸਿਆਸਤ ਨੂੰ ਵੀ ਬਿਆਨਦੀ ਹੈ। ਹਰ ਸਭਿਆਚਾਰ ਦੀਆਂ ਲੋੜਾਂ ਹੀ ਉਸ ਭਾਈਚਾਰੇ ਨਾਲ ਸੰਬੰਧਤ ਮੈਂਬਰਾਂ ਦੀ ਪਛਾਣ ਨੂੰ ਸਿਰਜਦੀਆਂ ਹਨ ਤੇ ਇਸ ਵਰਤਾਰੇ ਵਿੱਚ ਭਾਸ਼ਾ ਦੀ ਅਹਿਮ ਭੂਮਿਕਾ ਹੈ। ਭਾਸ਼ਾ ਰਾਹੀਂ ਬੱਚੇ/ਬੱਚੀਆਂ ਨੂੰ ਸਿਰਫ਼ ਗੱਲਬਾਤ ਕਰਨਾ ਹੀ ਨਹੀਂ ਸਿਖਾਇਆ ਜਾਂਦਾ ਸਗੋਂ ਭਾਸ਼ਾ ਇਨ੍ਹਾਂ ਬਾਲਾਂ/ਬਾਲੜੀਆਂ ਦੀ ਸਮਾਜਿਕ ਭੂਮਿਕਾ ਵੀ ਤੈਅ ਕਰਦੀ ਹੈ। ਇੱਥੇ ਭਾਸ਼ਾ ਤੋਂ ਭਾਵ ਉਸ ਪ੍ਰਤੀਕ-ਪ੍ਰਬੰਧ ਤੋਂ ਹੈ ਜਿਸ ਨਾਲ ਕੋਈ ਭਾਈਚਾਰਾ ਆਪਣੇ ਮੈਂਬਰਾਂ ਦੀ ਪਛਾਣ ਘੜਦਾ ਹੈ। ਭਾਸ਼ਾ ਤੋਂ ਇਲਾਵਾ ਇਹ ਪ੍ਰਤੀਕ-ਪ੍ਰਬੰਧ ਲੋਕਧਾਰਾ ਦੀਆਂ ਵੰਨਗੀਆਂ ਨਾਲ ਵੀ ਜੁੜਿਆ ਹੈ।
ਪੀਚੋ ਖੇਡਦੀਆਂ ਬਾਲੜੀਆਂ ਨਹੀਂ ਜਾਣਦੀਆਂ ਕਿ ਕਿਸੇ ਵਕਤ ਇਸ ਖੇਡ ਦੇ ਨੇਮ ਉਨ੍ਹਾਂ ਦੀ ਜ਼ਿੰਦਗੀ ਦਾ ਸੱਚ ਬਣ ਜਾਣਗੇ। ਚੌਰਸ ਡੱਬੇ ਬਣਾਉਣ ਖਾਤਰ ਲੀਕਾਂ ਵਾਹੁੰਦਿਆਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਕਦੋਂ ਇਹ ਲੀਕਾਂ ਉਨ੍ਹਾਂ ਲਈ ਮਰਿਆਦਾ ਖੇਤਰ ਹੋ ਨਿੱਬੜਣਗੀਆਂ ਤੇ ਲੀਕ ’ਤੇ ਪੈਰ ਧਰਨ ਦੀ ਸਜ਼ਾ ਸੱਚਮੁੱਚ ਭੁਗਤਣੀ ਪਵੇਗੀ। ਉਨ੍ਹਾਂ ਨੂੰ ਦੇਰ ਬਾਅਦ ਪਤਾ ਚੱਲਦਾ ਹੈ ਕਿ ਰੱਬ ਦੇ ਖ਼ਾਨੇ ਨੂੰ ਛੱਡ ਕੇ ਬਾਕੀ ਸਾਰੇ ਖ਼ਾਨਿਆਂ ਨੂੰ ਲੰਗੜੀ ਲੱਤ ਨਾਲ ਪਾਰ ਕਰਨ ਦੇ ਕੀ ਅਰਥ ਸਨ। ਘਰ ਮੱਲਣ ਲਈ ਪਿੱਠ ਭੁੰਆਂ ਕੇ ਖੜ੍ਹੀਆਂ ਇਨ੍ਹਾਂ ਬਾਲੜੀਆਂ ਨੂੰ ਇਲਮ ਨਹੀਂ ਹੁੰਦਾ ਕਿ ਇੱਕ ਦਨਿ ਉਨ੍ਹਾਂ ਖਾਤਰ ਵਰ-ਘਰ ਵੀ ਇੰਜ ਹੀ ਢੂੰਡਿਆ ਜਾਣਾ ਹੈ - ਡੀਟੀ ਜਿਸ ਖ਼ਾਨੇ ਵਿਚ ਡਿੱਗੀ; ਉਹੀ ਘਰ ਆਪਣਾ। ਫੇਰ ਘਰ ਪੱਕਾ ਕਰਨ ਲਈ ਵਾਰ-ਵਾਰ ਉਸੇ ਖ਼ਾਨੇ ਵਿਚ ਸਿੱਟਣੀ ਪੈਂਦੀ ਡੀਟੀ ਦਾ ਅਸਲ ਉਦੋਂ ਸਮਝ ਆਉਣਾ ਹੈ, ਜਦੋਂ ਘਰ ਨੂੰ ਚੱਲਦਾ ਰੱਖਣ ਲਈ ਮਨ ਮਾਰ ਕੇ ਸਮਝੌਤੇ ਕਰਨੇ ਪੈਂਦੇ ਹਨ ਅਤੇ ਪੇਕੇ ਤੇ ਸਹੁਰੇ ਦੋਵੇਂ ਥਾਵਾਂ ’ਤੇ ਪਰਦੇਸੀ ਹੋਣ ਦਾ ਲਕਬ ਝੱਲਣਾ ਪੈਂਦਾ ਹੈ।
ਸਿਮੋਨ ਦਾ ਤਰਕ ਕਿ ‘ਕੋਈ ਜੰਮਦਿਆਂ ਹੀ ਔਰਤ ਨਹੀਂ ਹੁੰਦੀ, ਉਹਨੂੰ ਔਰਤ ਬਣਾਇਆ ਜਾਂਦਾ ਹੈ’, ਪੀਚੋ ਤੇ ਇਹੋ ਜਿਹੀਆਂ ਅਨੇਕਾਂ ਹੋਰ ਖੇਡਾਂ, ਮਿੱਥਾਂ, ਕਥਾਵਾਂ ਤੇ ਰਸਮਾਂ-ਰੀਤਾਂ ਜਿਹੇ ਬਿਰਤਾਂਤਾਂ ਅੰਦਰ ਗਹਿਰੀ ਤਰ੍ਹਾਂ ਰਮਿਆ ਹੈ। ਇਹੋ ਜਿਹੇ ਬਿਰਤਾਂਤਾਂ ਰਾਹੀਂ ਹੀ ਸਮਾਜੀਕਰਨ ਦਾ ਅਮਲ ਨੇਪਰੇ ਚੜ੍ਹਦਾ ਹੈ। ਨੈਤਿਕਤਾ, ਧਰਮ ਅਤੇ ਅਰਥਚਾਰੇ ਨਾਲ ਜੁੜੀਆਂ ਸੰਸਥਾਵਾਂ ਮਨੁੱਖੀ ਅਵਚੇਤਨ ਨੂੰ ਗ਼ੁਲਾਮ ਬਣਾਉਣ ਲਈ ਇਸ ਕਿਸਮ ਦੇ ਬਿਰਤਾਂਤ ਘੜ੍ਹਦੀਆਂ ਹਨ। ਇਸ ਫਾਸ਼ੀਵਾਦੀ ਸਪੇਸ ਦੀ ਸਥਾਪਨਾ ਪਿਤਾ-ਪੁਰਖੀ ਪ੍ਰਬੰਧ ਰਾਹੀਂ ਨੇਪਰੇ ਚੜ੍ਹਦੀ ਹੈ। ਇਸ ਅਮਲ ਤਹਿਤ ਪਿੱਤਰ ਸੱਤਾ ਆਪਣੀਆਂ ਲੋੜਾਂ ਮੁਤਾਬਿਕ ਮਰਦ ਤੇ ਔਰਤ ਦੀ ਹੋਣੀ ਘੜਦੀ ਹੈ। ਬੇਸ਼ੱਕ ਮਰਦ ਤੇ ਔਰਤ ਦੋਵਾਂ ਨੂੰ ਹੀ ਸਮਾਜੀਕਰਨ ਦੇ ਇਸ ਅਮਲ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪਰ ਦੋਵਾਂ ਦੇ ਸਮਾਜੀਕਰਨ ਦੇ ਤੌਰ-ਤਰੀਕੇ ਵੱਖੋ-ਵੱਖਰੇ ਹਨ। ਧਾਰਮਿਕ ਤੇ ਸਭਿਆਚਾਰਕ ਬਿਰਤਾਂਤਾਂ ਨੇ ਮਰਦ ਨੂੰ ਜਚਾ ਦਿੱਤਾ ਹੈ ਕਿ ਉਹਦੀ ਪਸਲੀ ਤੋਂ ਬਣੀ ਹੋਣ ਕਰਕੇ ਔਰਤ ਉਸ ਤੋਂ ਅੱਧੀ-ਪੌਣੀ ਹੈ।
ਇੱਕ ਪਾਸੇ ਤਾਂ ਭਾਸ਼ਾ ਦਾ ਇਹ ਪ੍ਰਵਚਨ ਆਪਣੇ ਅਧੀਨ ਵਿਚਰਦੇ ਭਾਈਚਾਰੇ ਨੂੰ ਘਰ ਅਤੇ ਪਰਿਵਾਰ ਜਿਹੀਆਂ ਸੰਸਥਾਵਾਂ ਨਾਲ ਜੋੜ ਕੇ ਨਿਸ਼ਚਿਤ ਪਛਾਣ ਦੇ ਦਾਇਰੇ ਵਿੱਚ ਬੰਨ੍ਹਦਾ ਹੈ ਜਦੋਂਕਿ ਦੂਜੇ ਪਾਸੇ ਖ਼ੁਦ ਲਗਾਤਾਰ ਤਬਦੀਲੀ ਵਿੱਚੋਂ ਗੁਜ਼ਰਨ ਕਾਰਨ ਇਸ ਨਾਲ ਜੁੜੇ ਨੇਮ-ਪ੍ਰਬੰਧ ਵੀ ਬਦਲਦੇ ਰਹਿੰਦੇ ਹਨ। ਇਸ ਕਾਰਨ ਕਿਸੇ ਭਾਈਚਾਰੇ ਦੇ ਮੈਂਬਰਾਂ ਦੀ ਪਛਾਣ ਸਥਾਈ ਨਹੀਂ ਰਹਿੰਦੀ ਤੇ ਕੋਈ ਵੀ ਸਮਾਜ ਦੂਹਰੀ ਪਛਾਣ ਦੇ ਸੰਕਟ ਤੋਂ ਮੁਕਤ ਨਹੀਂ ਹੋ ਪਾਉਂਦਾ। ਇਸ ਦੇ ਬਾਵਜੂਦ ਲੰਬੇ ਸਮੇਂ ਤੋਂ ਬਣੀ ਸਹਿਜ ਸੂਝ ਸਾਨੂੰ ਆਪਣੀ ਪਛਾਣ ਦੇ ਇਕਹਿਰੇ ਅਰਥਾਂ ਤੋਂ ਮੁਕਤ ਨਹੀਂ ਹੋਣ ਦਿੰਦੀ।
ਇਸੇ ਪ੍ਰਸੰਗ ਵਿੱਚ ਡਾ. ਧਨਵੰਤ ਕੌਰ ਦੀ ਲਿਖਤ ਇਸ ਦਲੀਲ ਨਾਲ ਜੁੜੀ ਹੈ ਕਿ ਕੋਈ ਵੀ ਕੁਦਰਤੀ ਲੱਗਣ ਵਾਲਾ ਵਰਤਾਰਾ ਕੀ ਸੱਚਮੁੱਚ ਹਕੀਕੀ ਹੈ ਜਾਂ ਇਸ ਪਿੱਛੇ ਪਛਾਣ ਦੇ ਮਸਲੇ ਨਾਲ ਜੁੜਿਆ ਸਿਆਸੀ ਪ੍ਰਵਚਨ ਕੰਮ ਕਰ ਰਿਹਾ ਹੈ। ਹਰ ਵਰਤਾਰੇ ਨੂੰ ਸਹੀ/ਗ਼ਲਤ, ਸੱਚ/ਝੂਠ ਅਤੇ ਚੰਗਾ/ਮਾੜਾ ਜਿਹੇ ਦੁਵੱਲੇ ਜੁੱਟਾਂ ਵਿੱਚ ਵੰਡ ਕੇ ਦੇਖਣ ਦੀ ਫ਼ਿਤਰਤ ਕਾਰਨ ਅਸੀਂ ਇਨ੍ਹਾਂ ਵਰਤਾਰਿਆਂ ਨੂੰ ਕਿਸੇ ਵਿਸ਼ੇਸ਼ ਵਿਚਾਰਧਾਰਕ ਨੁਕਤੇ ਤੋਂ ਦੇਖਣ ਦੇ ਆਦੀ ਹੋ ਜਾਂਦੇ ਹਾਂ। ਇਸ ਦੇ ਉਲਟ ਪਛਾਣ ਦੇ ਗਤੀਸ਼ੀਲ ਅਤੇ ਲਗਾਤਾਰ ਤਬਦੀਲ ਹੁੰਦੇ ਰਹਿਣ ਕਾਰਨ ਮਸਲਾ ਇਨ੍ਹਾਂ ਸਿੱਧ-ਪੱਧਰਾ ਨਹੀਂ ਜਿੰਨਾ ਨਜ਼ਰ ਆਉਂਦਾ ਹੈ। ਲਿਹਾਜ਼ਾ, ਮਰਦ ਤੇ ਔਰਤ ਬਾਰੇ ਸਹਿਜ ਸੂਝ ’ਤੇ ਆਧਾਰਿਤ ਬਿਆਨੀਏ ਉੱਤੇ ਸੁਆਲੀਆ ਨਿਸ਼ਾਨ ਲਾਉਣਾ ਬੇਹੱਦ ਜ਼ਰੂਰੀ ਹੈ।
ਇਸੇ ਸਹਿਜ ਸੂਝ ਕਰਕੇ ਵਿਆਹ ਤੇ ਪਰਿਵਾਰ ਆਦਿ ਸਮਾਜਿਕ ਸੰਸਥਾਵਾਂ ਦੀ ਤਹਿ ਵਿੱਚ ਗਹਿਰੀ ਤਰ੍ਹਾਂ ਸਮਾਏ ਸਿਆਸੀ ਬਿਰਤਾਂਤ ਨੂੰ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਹੋਰਨਾਂ ਸੰਸਥਾਵਾਂ ਵਾਂਗ ਪਰਿਵਾਰ ਵੀ ਇੱਕ ਸਮਾਜਿਕ ਸੰਸਥਾ ਹੈ ਜੋ ਆਰਥਿਕ ਤੇ ਸਿਆਸੀ ਪ੍ਰਸੰਗਾਂ ਵਿੱਚ ਅਰਥ ਗ੍ਰਹਿਣ ਕਰਦਾ ਹੈ। ਪਰਿਵਾਰ ਦੀ ਬਣਤਰ ਵੀ ਉਨ੍ਹਾਂ ਸੱਤਾ ਦੇ ਪ੍ਰਵਚਨਾਂ ਤੋਂ ਮੁਕਤ ਨਹੀਂ ਜਨਿ੍ਹਾਂ ਨੂੰ ਕਿਸੇ ਸਭਿਆਚਾਰ ਵੱਲੋਂ ਉਸਾਰੀਆਂ ਰਵਾਇਤਾਂ ਨਾਲ ਘੜਿਆ ਗਿਆ ਹੈ। ਪਰਿਵਾਰ ਨੈਤਿਕਤਾ ’ਤੇ ਆਧਾਰਿਤ ਅਜਿਹਾ ਮਰਿਆਦਾ ਖੇਤਰ ਉਸਾਰਦਾ ਹੈ ਜਿਸ ਦਾ ਮਕਸਦ ਦੇਹ ਅਤੇ ਵਿਸ਼ੇਸ਼ਕਰ ਨਾਰੀ ਦੇਹ ਨੂੰ ਕਬਜ਼ੇ ਹੇਠ ਰੱਖਣਾ ਹੈ। ਇਸੇ ਲਈ ਪਰਿਵਾਰ ਨਾਲ ਜੁੜੀ ਸੂਖ਼ਮ ਹਿੰਸਾ ਨਾਰੀ ਨੂੰ ਵਧੇਰੇ ਭੋਗਣੀ ਪੈਂਦੀ ਹੈ। ਦੂਜੇ ਸ਼ਬਦਾਂ ਵਿੱਚ ਘਰ ਅਤੇ ਉਸ ਨਾਲ ਜੁੜੇ ਪਿਤਾਪੁਰਖੀ ਪ੍ਰਬੰਧ ਦੀ ਕੀਮਤ ਔਰਤ ਨੂੰ ਹੀ ਚੁਕਾਉਣੀ ਪੈਂਦੀ ਹੈ।
ਇਸ ਸਮੁੱਚੇ ਵਰਤਾਰੇ ਵਿਚਲੀ ਗੁੰਝਲ ਇਹ ਹੈ ਕਿ ਇੱਕ ਪਾਸੇ ਤਾਂ ਔਰਤ ਦੀ ਦੇਹ ਆਪਣੀਆਂ ਮੂਲ ਪ੍ਰਵਿਰਤੀਆਂ ਨਾਲ ਜੁੜੀ ਹੈ ਜਦੋਂਕਿ ਦੂਜੇ ਪਾਸੇ ਉਸ ਨੂੰ ਪੈਦਾਵਾਰੀ ਸਾਧਨਾਂ ਦੀ ਲੋੜ ਮੁਤਾਬਿਕ ਢਾਲਿਆ ਗਿਆ ਹੈ। ਅਰਥਚਾਰੇ ਅਤੇ ਉਤਪਾਦਨ ਨਾਲ ਜੁੜਨ ਲਈ ਦੇਹ ਨੂੰ ਆਪਣੇ ਕੁਦਰਤੀ ਸੋਮਿਆਂ ਤੋਂ ਟੁੱਟਣਾ ਪੈਂਦਾ ਹੈ। ਖਪਤ ਸਭਿਆਚਾਰ ਦੀਆਂ ਲੋੜਾਂ ਦੇ ਹਿਸਾਬ ਨਾਲ ਖ਼ੁਦ ਨੂੰ ਮੇਚਣ ਲਈ ਔਰਤ ਆਪਣੀ ਕੁਦਰਤੀ ਪਛਾਣ ਨੂੰ ਦਰਕਨਿਾਰ ਕਰ ਦਿੰਦੀ ਹੈ। ਜਾਂ ਕਹੀਏ ਕਿ ਪੈਦਾਵਾਰੀ ਸਾਧਨਾਂ ਦੀ ਵਿਚੋਲਗੀ ਰਾਹੀਂ ਹੋਂਦ ਵਿੱਚ ਆਈ ਉਸ ਦੀ ਸਭਿਆਚਾਰਕ ਪਛਾਣ ਉਸ ਦੀ ਕੁਦਰਤੀ ਪਛਾਣ ਨੂੰ ਜਜ਼ਬ ਕਰ ਲੈਂਦੀ ਹੈ। ਨਾਰੀਵਾਦੀ ਸਿਧਾਂਤ ਦੇ ਹਵਾਲੇ ਨਾਲ ਡਾ. ਧਨਵੰਤ ਕੌਰ ਨੇ ਔਰਤ ਨੂੰ ਵਸਤ ਵਿੱਚ ਤਬਦੀਲ ਕਰਨ ਦੇ ਇਸ ਅਮਲ ਦੀ ਹੀ ਬਾਤ ਛੋਹੀ ਹੈ।
‘ਨਾਰੀਵਾਦ: ਸਿਧਾਂਤ ਚਿੰਤਨ’ ਔਰਤ ਦੀ ਸਥਿਤੀ ਦਾ ਬਿਆਨੀਆ ਉਸਾਰਨ ਦੇ ਨਾਲ-ਨਾਲ ਨਾਰੀ ਚੇਤਨਾ ਦੇ ਸਰੋਕਾਰਾਂ ਨੂੰ ਵੀ ਜ਼ੁਬਾਨ ਦਿੰਦੀ ਹੈ। ਨਾਰੀ ਚੇਤਨਾ ਦਾ ਮਸਲਾ ਇਸ ਧਾਰਨਾ ਨਾਲ ਜੁੜਿਆ ਹੈ ਕਿ ਕਿਸੇ ਵੀ ਸਿਆਸੀ ਪ੍ਰਵਚਨ ਨੂੰ ਆਪਣੀ ਦੇਹ ’ਤੇ ਹੰਢਾਉਣ ਵਾਲੇ ਲੋਕ ਉਸ ਵਰਤਾਰੇ ਬਾਰੇ ਉਦਾਸੀਨ ਨਹੀਂ ਹੁੰਦੇ ਸਗੋਂ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਪ੍ਰਤਿਕਰਮ ਜ਼ਾਹਰ ਕਰਦੇ ਹਨ। ਨਾਰੀਵਾਦੀ ਚਿੰਤਨ ਵੀ ਨਾਰੀ ਦੇ ਆਪਣੀ ਦੇਹ ’ਤੇ ਹੰਢਾਏ ਅਨੁਭਵ ਪ੍ਰਤਿ ਹੁੰਗਾਰੇ ਤੇ ਨਾਬਰੀ ਵਿੱਚੋਂ ਉਪਜਿਆ ਦਰਸ਼ਨ ਹੈ। ਇਸੇ ਲਈ ਸਿਧਾਂਤਕ ਬਹਿਸ ਦੇ ਨਾਲ ਇਸ ਦਾ ਰੈਡੀਕਲ ਪੱਖ ਵੀ ਅਹਿਮ ਹੈ। ਡਾ. ਧਨਵੰਤ ਕੌਰ ਦੀ ਦਲੀਲ ਹੈ ਕਿ ਸਿਆਸੀ ਸੰਘਰਸ਼ ਤੋਂ ਬਿਨਾ ਨਾਰੀਵਾਦ ਦਾ ਸਿਧਾਂਤ ਵਜੋਂ ਵਿਕਸਤ ਹੋ ਸਕਣਾ ਸ਼ਾਇਦ ਮੁਮਕਨਿ ਨਹੀਂ ਸੀ ਤੇ ਦੂਜੇ ਪਾਸੇ ਸਿਧਾਂਤਕ ਪੈਂਤੜੇਬਾਜ਼ੀ ਬਿਨਾ ਨਾਰੀਵਾਦੀ ਲਹਿਰ ਦੇ ਵਿੱਢੇ ਘੋਲ਼ ਨੂੰ ਕਿਸੇ ਤਣ-ਪੱਤਣ ਲਾ ਸਕਣ ਦੀ ਸੰਭਾਵਨਾ ਮੱਠੀ ਪੈ ਜਾਣੀ ਸੀ। ਇਹ ਕਿਤਾਬ ਨਾਰੀਵਾਦੀ ਸਿਧਾਂਤ ਤੇ ਵਿਹਾਰ ਦੀ ਇਸ ਕਰਿੰਗੜੀ ਦਾ ਹੀ ਤੱਤ-ਸਾਰ ਪੇਸ਼ ਕਰਦੀ ਹੈ।
ਸੰਪਰਕ: 70420-73084

Advertisement

Advertisement
Author Image

sanam grng

View all posts

Advertisement
Advertisement
×