ਪਿੰਡ ਰਸੂਲੜਾ ਦੇ ਕੂੜਾ ਡੰਪ ਦਾ ਮਾਮਲਾ ਭਖਿਆ
ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਮਈ
ਨਗਰ ਕੌਂਸਲ ਖੰਨਾ ਵੱਲੋਂ ਪਿੰਡ ਰਸੂਲੜਾ ਨੇੜੇ ਬਣਾਏ ਕੂੜਾ ਡੰਪ ਦਾ ਮਾਮਲਾ ਭਖ ਗਿਆ ਹੈ। ਡੰਪ ਖਿਲਾਫ਼ ਲੋਕਾਂ ਨੇ ਹੁਣ ਆਰ-ਪਾਰ ਦੀ ਲੜਾਈ ਦਾ ਮਨ ਬਣਾ ਲਿਆ ਹੈ। ਇਸ ਸਬੰਧੀ ਰਸੂਲੜਾ, ਮਾਜਰੀ, ਬਾਹੋਮਾਜਰਾ, ਲਿਬੜਾ ਤੇ ਇਕੋਲਾਹਾ ਦੇ ਵਾਸੀਆਂ ਇੱਕਠੇ ਹੋ ਕੇ ਡੰਪ ਖਿਲਾਫ਼ ਹਾਈ ਕੋਰਟ ਜਾਣ ਦਾ ਫ਼ੈਸਲਾ ਕੀਤਾ। ਦੱਸਣਯੋਗ ਹੈ ਕਿ ਪਿੰਡ ਵਾਸੀਆਂ ਵੱਲੋਂ ਡੰਪ ’ਤੇ ਠੇਕੇਦਾਰ ਦੀਆਂ ਗੱਡੀਆਂ ਨੂੰ ਕੂੜਾ ਸੁੱਟਣ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਸ਼ਹਿਰ ਦੇ ਕੂੜੇ ਵਾਲੇ ਪੁਆਇੰਟਾਂ ’ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮਾਮਲਾ ਗੰਭੀਰ ਬਣ ਸਕਦਾ ਹੈ।
ਸਾਬਕਾ ਸਰਪੰਚ ਗੁਰਦੀਪ ਸਿੰਘ ਰਸੂਲੜਾ ਤੇ ਬਲਾਕ ਸਮਿਤੀ ਮੈਂਬਰ ਕੁਲਵਿੰਦਰ ਸਿੰਘ ਔਜਲਾ ਨੇ ਕਿਹਾ ਕਿ ਨਗਰ ਕੌਂਸਲ ਨੇ 1997-98 ਵਿਚ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਲਈ ਜ਼ਮੀਨ ਐਕੁਆਇਰ ਕੀਤੀ ਸੀ। ਹੌਲੀ ਹੌਲੀ ਇੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਇਥੇ ਕੂੜੇ ਦੇ ਪਹਾੜਨੁਮਾ ਢੇਰ ਲੱਗ ਗਏ ਹਨ। ਕੂੜਾ ਸੁੱਟਣ ਵਾਲੇ ਠੇਕੇਦਾਰ ਦੇ ਕਹਿਣ ’ਤੇ ਖੁਦ ਹੀ ਅੱਗ ਲਾਉਂਦੇ ਹਨ ਅਤੇ ਬਦਬੂ ਮਾਰਦਾ ਜ਼ਹਿਰੀਲਾ ਧੂੰਆਂ ਬਿਮਾਰੀਆਂ ਫੈਲਾ ਰਿਹਾ ਹੈ। ਪਿਛਲੇ ਦਿਨੀਂ ਵੀ ਕੂੜੇ ਨੂੰ ਅੱਗ ਲਾਈ ਗਈ ਸੀ ਤਾਂ ਰਾਤ ਸਮੇਂ ਹਨੇਰੀ ਚੱਲਣ ਨਾਲ ਆਲੇ ਦੁਆਲੇ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਖਤਰੇ ਵਿਚ ਪੈ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਪਹਿਲਾਂ ਧਰਨਾ ਲਾਇਆ ਗਿਆ ਸੀ ਤਾਂ ਐੱਸਡੀਐੱਮ ਮਨਜੀਤ ਕੌਰ ਨੇ ਲੋਕਾਂ ਨੂੰ ਸਮੱਸਿਆ ਦੇ ਹੱਲ ਦਾ ਭਰੋਸਾ ਦਿਵਾਇਆ ਸੀ। ਇਸ ਮੌਕੇ ਠੇਕੇਦਾਰ ਦੇ ਮੁਲਾਜ਼ਮ ਪ੍ਰਮੋਦ ਨੇ ਕਿਹਾ ਕਿ ਉਨ੍ਹਾਂ ਕੋਲ ਸਿਰਫ਼ ਸ਼ਹਿਰ ’ਚੋਂ ਕੂੜਾ ਚੁੱਕ ਕੇ ਡੰਪ ’ਤੇ ਸੁੱਟਣ ਦਾ ਠੇਕਾ ਹੈ। ਕੂੜੇ ਨੂੰ ਅੱਗ ਤੋਂ ਰੋਕਣ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ। ਹੁਣ ਪਿੰਡ ਵਾਸੀਆਂ ਨੇ ਕੂੜਾ ਸੁੱਟਣਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਸ਼ਹਿਰ ਵਿਚ ਢੇਰ ਲੱਗ ਗਏ ਹਨ। ਕੌਂਸਲ ਮੁਲਾਜ਼ਮ ਹਿੰਮਤ ਸਿੰਘ ਨੇ ਕਿਹਾ ਕਿ ਉਹ ਸੀਨੀਅਰ ਅਫ਼ਸਰਾਂ ਦੇ ਕਹਿਣ ਮੁਤਾਬਿਕ ਮੌਕਾ ਦੇਖਣ ਆਏ ਹਨ। ਸ਼ੱਕ ਹੈ ਕਿ ਕੂੜੇ ਨੂੰ ਅੱਗ ਸਵੇਰੇ ਤੜਕੇ ਕੂੜਾ ਚੁਗਣ ਵਾਲੇ ਲਾਉਂਦੇ ਹਨ।