ਸਹਿਕਾਰੀ ਸਭਾ ਈਸੜੂ ਦੀ ਚੋਣ ਦਾ ਮਾਮਲਾ ਭਖਿਆ
ਦੇਵਿੰਦਰ ਸਿੰਘ ਜੱਗੀ
ਪਾਇਲ, 8 ਅਕਤੂਬਰ
ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਈਸੜੂ ਦੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਅੱਜ ਚੁਣੇ ਗਏ ਮੈਂਬਰਾਂ, ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕੋ-ਆਪ੍ਰੇਟਿਵ ਸੁਸਾਇਟੀ ਈਸੜੂ ਸਾਹਮਣੇ ਧਰਨਾ ਲਗਾ ਕੇ ਖੰਨਾ ਮਾਲੇਰਕੋਟਲਾ ਮੇਨ ਸੜਕ ਨੂੰ ਜਾਮ ਕਰ ਦਿੱਤਾ ਗਿਆ ਜਿਸ ਕਾਰਨ ਆਵਾਜਾਈ ਨੂੰ ਵੀ ਵਿਘਨ ਪਿਆ। ਧਰਨਾਕਾਰੀਆਂ ਵਿੱਚ ਸ਼ਾਮਿਲ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ 28 ਜੂਨ ਨੂੰ ਸਹਿਕਾਰੀ ਖੇਤੀਬਾੜੀ ਸਭਾ ਦੇ ਮੈਂਬਰਾਂ ਦੀ ਚੋਣ ਹੋਈ ਸੀ, 15 ਜੁਲਾਈ ਨੂੰ ਸਭਾ ਦੇ ਅਹੁਦੇਦਾਰਾਂ ਦੀ ਵੰਡ ਸੰਬੰਧੀ ਏਜੰਡਾ ਕੱਢਿਆ ਗਿਆ ਸੀ। ਉਸੇ ਦਿਨ ਸੈਕਟਰੀ ਛੁੱਟੀ ਦਾ ਬਹਾਨਾ ਕਰਕੇ ਚਲਾ ਗਿਆ। ਫਿਰ 21 ਸਤੰਬਰ ਨੂੰ 8 ਅਕਤੂਬਰ ਦਾ ਏਜੰਡਾ ਕੱਢਿਆ ਗਿਆ, ਹੁਣ ਜਦੋਂ ਉਹ ਅੱਜ ਸਵੇਰੇ ਚੁਣੇ ਛੇ ਹੀ ਮੈਂਬਰ ਏਜੰਡੇ ਦੇ ਮੁਤਾਬਿਕ 10 ਵਜੇ ਸੁਸਾਇਟੀ ਪੁੱਜੇ ਤਾਂ ਫਿਰ ਕੋਰਮ ਨਾ ਹੋਣ ਦਾ ਬਹਾਨਾ ਲਾ ਦਿੱਤਾ ਜਦੋਕਿ ਪੁਲੀਸ ਚੌਂਕੀ ਈਸੜੂ ਦੇ ਦੋ ਮੁਲਾਜ਼ਮ ਪਹਿਲਾ ਹੀ ਸੁਸਾਇਟੀ ਵਿੱਚ ਤਾਇਨਾਤ ਸਨ। ਇਹ ਸਭ ਕੁੱਝ ਸਰਕਾਰ ਦੀ ਸ਼ਹਿ ’ਤੇ ਹੋ ਰਿਹਾ ਹੈ ਤੇ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਨਹੀਂ ਹੋਣ ਦਿੱਤੀ ਜਾ ਰਹੀ ਜਦਕਿ ਬਹੁ ਗਿਣਤੀ ਮੈਂਬਰ ਉਨ੍ਹਾਂ ਦੇ ਪੱਖ ਵਿੱਚ ਖੜ੍ਹੇ ਹਨ। ਅਹੁਦੇਦਾਰਾਂ ਦੀ ਚੋਣ ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ, ਕਿਸਾਨਾਂ ਦਾ ਲੈਣ ਦੇਣ ਨਹੀਂ ਹੋ ਰਿਹਾ ਅਤੇ ਸੁਸਾਇਟੀ ਮੁਲਾਜ਼ਮਾਂ ਨੂੰ ਵੀ ਤਨਖਾਹਾਂ ਨਹੀਂ ਮਿਲ ਰਹੀਆਂ। ਸਾਬਕਾ ਸਰਪੰਚ ਗੁਰਬਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਸਲੇ ਨੂੰ ਹੱਲ ਨਾ ਕੀਤਾ ਤਾਂ ਕੱਲ੍ਹ ਤੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।