For the best experience, open
https://m.punjabitribuneonline.com
on your mobile browser.
Advertisement

ਕਿਸਾਨ ਆਗੂ ਖ਼ਿਲਾਫ਼ ਦਰਜ ਕੇਸ ਦਾ ਮਾਮਲਾ ਭਖਿਆ

08:02 AM Jul 13, 2023 IST
ਕਿਸਾਨ ਆਗੂ ਖ਼ਿਲਾਫ਼ ਦਰਜ ਕੇਸ ਦਾ ਮਾਮਲਾ ਭਖਿਆ
ਬਾਜਾਖਾਨਾ ਥਾਣੇ ਅੱਗੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਕਟਾਰੀਆ
Advertisement

ਪੱਤਰ ਪ੍ਰੇਰਕ
ਜੈਤੋ, 12 ਜੁਲਾਈ
ਉਪ ਮੰਡਲ ਜੈਤੋ ਦੇ ਪਿੰਡ ਬਾਜਾਖਾਨਾ ਦੇ ਇਕ ਕਿਸਾਨ ਆਗੂ ਅਤੇ ਉਸ ਦੇ ਪੁੱਤਰ ’ਤੇ ਦਰਜ ਹੋਏ ਪੁਲੀਸ ਕੇਸ ਨੂੰ ਰੱਦ ਕਰਨ ਦੀ ਮੰਗ ਸਬੰਧੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਥਾਣਾ ਬਾਜਾਖਾਨਾ ਅੱਗੇ ਬੇਮਿਆਦੀ ਧਰਨੇ ਨਾਲ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ, ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਅਤੇ ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ ਨੇ ਮੀਡੀਆ ਨੂੰ ਦੱਸਿਆ ਕਿ ਬਾਜਾਖਾਨਾ ਵਾਸੀ ਦੋ ਪਰਿਵਾਰਾਂ ਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਲੰਘੇ ਮਈ ਦੇ ਮਹੀਨੇ ਦੌਰਾਨ ਲੜਾਈ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਆਗੂ ਮੇਜਰ ਸਿੰਘ ਅਤੇ ਉਸ ਦੇ ਪੁੱਤਰ ਕੁਲਵੰਤ ਸਿੰਘ ’ਤੇ ਇਰਾਦਾ ਕਤਲ ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਕੁਲਵੰਤ ਸਿੰਘ ਉਦੋਂ ਤੋਂ ਹੀ ਜੇਲ੍ਹ ’ਚ ਬੰਦ ਹੈ। ਆਗੂਆਂ ਨੇ ਦਾਅਵਾ ਕੀਤਾ ਹਾਲਾਂਕਿ ਦੋਵੇਂ ਝਗੜੇ ਵਾਲੀ ਥਾਂ ’ਤੇ ਹੀ ਨਹੀਂ ਸਨ ਪਰ ਮਾਮਲੇ ਨੂੰ ਰਾਜਨੀਤਕ ਪੁੱਠ ਚੜ੍ਹਾ ਦਿੱਤੀ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਹ ਕੇਸ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਜਦੋਂ ਤੱਕ ਇਹ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮੋਰਚਾ ਜਾਰੀ ਰੱਖਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਲਈ ਨਿਯੁਕਤ ਡੀਐੱਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਮਾਮਲੇ ਨਾਲ ਸਬੰਧਿਤ ਆਪਣੀ ਪੜਤਾਲੀਆ ਰਿਪੋਰਟ ਭਲਕੇ ਵੀਰਵਾਰ ਨੂੰ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪ ਦੇਣਗੇ। ਪ੍ਰਦਰਸ਼ਨ ’ਚ ਜ਼ਿਲ੍ਹਾ ਖ਼ਜ਼ਾਨਚੀ ਗੁਰਾਂਦਿੱਤਾ ਸਿੰਘ ਨੰਬਰਦਾਰ, ਬਲਾਕ ਫ਼ਰੀਦਕੋਟ ਦੇ ਪ੍ਰਧਾਨ ਚਰਨਜੀਤ ਸਿੰਘ ਸੁੱਖਣਵਾਲਾ, ਬਲਾਕ ਸਾਦਿਕ ਦੇ ਪ੍ਰਧਾਨ ਰਾਜਿੰਦਰ ਸਿੰਘ ਤੇ ਬਲਾਕ ਗੋਲੇਵਾਲਾ ਦੇ ਪ੍ਰਧਾਨ ਹਰਚਰਨ ਸਿੰਘ ਕਾਲਾ ਆਦਿ ਹਾਜ਼ਰ ਸਨ।

Advertisement

Advertisement
Tags :
Author Image

joginder kumar

View all posts

Advertisement
Advertisement
×