For the best experience, open
https://m.punjabitribuneonline.com
on your mobile browser.
Advertisement

ਪਰਾਲੀ ਸਾੜਨ ਦਾ ਮਾਮਲਾ: ਪ੍ਰਸ਼ਾਸਨ ਵੱਲੋਂ ਪਿੰਡਾਂ ’ਚ ਜਾਗਰੂਕਤਾ ਮੁਹਿੰਮ ਤੇਜ਼

10:34 AM Oct 20, 2024 IST
ਪਰਾਲੀ ਸਾੜਨ ਦਾ ਮਾਮਲਾ  ਪ੍ਰਸ਼ਾਸਨ ਵੱਲੋਂ ਪਿੰਡਾਂ ’ਚ ਜਾਗਰੂਕਤਾ ਮੁਹਿੰਮ ਤੇਜ਼
ਪਿੰਡਾਂ ’ਚ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀ। -ਫੋਟੋ: ਲਾਲੀ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਕਤੂਬਰ
ਸਬ ਡਵੀਜ਼ਨ ਸੰਗਰੂਰ ਦੇ ਦਰਜਨਾਂ ਪਿੰਡਾਂ ਵਿੱਚ ਅੱਜ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਸੁਚੇਤ ਕਰਨ ਲਈ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਅਤੇ ਡੀਐਸਪੀ ਸੁਖਦੇਵ ਸਿੰਘ ਦੀ ਅਗਵਾਈ ਹੇਠਲੀਆਂ ਚੌਕਸੀ ਟੀਮਾਂ ਸਰਗਰਮ ਰਹੀਆਂ । ਪਿੰਡ ਥਲੇਸ, ਅਕੋਈ ਸਾਹਿਬ, ਸੋਹੀਆਂ ਸਮੇਤ ਦਰਜਨਾਂ ਪਿੰਡਾਂ ਵਿਚ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵੱਲੋ ਲਗਾਤਾਰ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ ਲਈ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਿੰਡਾਂ ਵਿੱਚ ਕਿਸਾਨ ਵੀਰ ਇਸ ਮੁਹਿੰਮ ਨੂੰ ਸਮਰਥਨ ਦੇ ਰਹੇ ਹਨ ਅਤੇ ਅਕੋਈ ਸਾਹਿਬ, ਹਰੇੜੀ, ਸੋਹੀਆ ਆਦਿ ਪਿੰਡਾਂ ਦੇ ਦੌਰੇ ਦੌਰਾਨ ਕਿਸਾਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਨੂੰ ਵਰਤੋਂ ਵਿੱਚ ਲਿਆਉਣਗੇ। ਇਸੇ ਦੌਰਾਨ ਐੱਸਡੀਐੱਮ ਦੀਆਂ ਹਦਾਇਤਾਂ ਤੇ ਤਹਿਸੀਲਦਾਰ ਗੁਰਵਿੰਦਰ ਕੌਰ ਅਤੇ ਨਾਇਬ ਤਹਿਸੀਲਦਾਰ ਗੌਰਵ ਕੁਮਾਰ ਨੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਪਰਾਲੀ ਦੀ ਨਾੜ ਨਾ ਸਾੜਨ ਲਈ ਅਪੀਲ ਕੀਤੀ। ਉਨਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਸ਼ਾਮ 6 ਵਜੇ ਤੋਂ ਅਗਲੀ ਸਵੇਰ 10 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਬਿਲਕੁਲ ਵੀ ਨਾ ਕੀਤੀ ਜਾਵੇ ਕਿਉਂ ਜੋ ਇਸ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ।

Advertisement

ਪਰਾਲੀ ਸਾੜਨ ਤੋਂ ਰੋਕਣ ਲਈ ਪੁਲੀਸ ਹੋਈ ਵੱਟੋ-ਵੱਟ

ਸ਼ੇਰਪੁਰ (ਬੀਰਬਲ ਰਿਸ਼ੀ): ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਬਲਿੰਗ ਦੀ ਅਗਵਾਈ ਹੇਠ ਪੁਲੀਸ ਪਾਰਟੀ ਅੱਜ ਪਿੰਡ ਖੇੜੀ ਕਲਾਂ, ਈਨਾਬਾਜਵਾ, ਹੇੜੀਕੇ ਸਮੇਤ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਖੇਤਾਂ ਵਿੱਚ ਉਨ੍ਹਾਂ ਥਾਵਾਂ ’ਤੇ ਪੁੱਜੀ ਜਿੱਥੇ ਝੋਨੇ ਵਢਾਈ ਕੀਤੀ ਜਾ ਰਹੀ ਸੀ। ਸ੍ਰੀ ਬਲਿੰਗ ਨੇ ਦੱਸਿਆ ਕਿ ਉਨ੍ਹਾਂ ਕਿਸਾਨਾਂ ਨੂੰ ਚੇਤਨ ਕੀਤਾ ਕਿ ਜੇਕਰ ਪਰਾਲੀ ਨੂੰ ਸਮੇਟਣ ਲਈ ਉਨ੍ਹਾਂ ਨੂੰ ਵੇਲਰ ਜਾਂ ਕਿਸੇ ਹੋਰ ਮਸ਼ੀਨਰੀ ਦੀ ਲੋੜ ਹੈ ਤਾਂ ਪੁਲੀਸ ਮੁਹੱਈਆ ਕਰਵਾਉਣ ਵਿੱਚ ਮੱਦਦ ਕਰੇਗੀ ਪਰ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਉਨ੍ਹਾਂ ਝੋਨਾ ਵੱਢ ਰਹੀਆਂ ਕੰਬਾਇਨਾ ਦੇ ਮਾਲਕਾਂ ਨੂੰ ਸੁਪਰ ਐੱਸਐੱਮਐੱਸ ਲਗਾ ਕੇ ਹੀ ਝੋਨਾ ਕੱਟਣ ਦੀ ਅਪੀਲ ਕੀਤੀ।

Advertisement

Advertisement
Author Image

Advertisement