ਹੈਰੀਟੇਜ ਸਟਰੀਟ ’ਚ ਸਕਰੀਨਾਂ ’ਤੇ ਇਸ਼ਤਿਹਾਰ ਦਿਖਾਉਣ ਦਾ ਮਾਮਲਾ ਭਖਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਫਰਵਰੀ
ਇੱਥੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਵਿੱਚ ਲੱਗੀਆਂ ਸਕਰੀਨਾਂ ’ਤੇ ਗੁਰਬਾਣੀ ਦੀ ਥਾਂ ਸਰਕਾਰ ਦੀ ਇਸ਼ਤਿਹਾਰਬਾਜ਼ੀ ਦਿਖਾਉਣ ਦਾ ਮਾਮਲਾ ਅੱਜ ਮੁੜ ਭਖ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਵਿਰਾਸਤੀ ਮਾਰਗ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪ੍ਰਚਾਰ ਲਈ ਹੋਰ ਸਕਰੀਨਾਂ ਲਗਾ ਕੇ ਇੱਥੋਂ ਦੇ ਅਧਿਆਤਮਕ ਵਾਤਾਵਰਨ ਨੂੰ ਖੰਡਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦਾ ਚੌਗਿਰਦਾ ਧਾਰਮਿਕ ਮਾਹੌਲ ਵਾਲਾ ਹੁੰਦਾ ਹੈ ਜਿੱਥੇ ਸੰਗਤ ਸਿਰਫ ਗੁਰੂ ਸਾਹਿਬ ਦੇ ਉਪਦੇਸ਼ ਸਰਵਣ ਕਰਨ ਆਉਂਦੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੰਗਤ ਨੇ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਦੇ ਮੁੱਖ ਦਰਵਾਜ਼ੇ ’ਤੇ ਲਗਾਈ ਗਈ ਸਕਰੀਨ ਸਬੰਧੀ ਇਤਰਾਜ਼ ਭੇਜੇ ਹਨ। ਉਨ੍ਹਾਂ ਕਿਹਾ ਕਿ ਸਿੱਖ ਮਰਿਆਦਾ ਅਤੇ ਸੰਗਤ ਦੀਆਂ ਭਾਵਨਾਵਾਂ ਖ਼ਿਲਾਫ਼ ਸਰਕਾਰ ਦੀਆਂ ਮਸ਼ਹੂਰੀਆਂ ਲਈ ਲਗਾਈਆਂ ਗਈਆਂ ਇਨ੍ਹਾਂ ਸਕਰੀਨਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਗੁਰੂ ਘਰਾਂ ਦੇ ਆਲੇ-ਦੁਆਲੇ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ। ਜ਼ਿਕਰਯੋਗ ਹੈ ਕਿ ਇਹ ਮਾਮਲਾ ਪਹਿਲਾਂ ਵੀ ਉੱਭਰ ਚੁੱਕਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਇਸ ਬਾਰੇ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਹੈਰੀਟੇਜ ਸਟਰੀਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਈ ਗਈ ਸੀ ਅਤੇ ਉਸੇ ਵੇਲੇ ਇੱਥੇ ਕੁੱਝ ਸਕਰੀਨਾਂ ਲਗਾਈਆਂ ਗਈਆਂ ਸਨ। ਅਕਾਲੀ-ਭਾਜਪਾ ਸਰਕਾਰ ਵੇਲੇ ਸਕਰੀਨਾਂ ਦਾ ਪ੍ਰਬੰਧ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਸੀ ਜਿਸ ਵੱਲੋਂ ਸਕਰੀਨ ’ਤੇ ਇਸ਼ਤਿਹਾਰਬਾਜ਼ੀ ਦਿਖਾਉਣ ਦਾ ਵਿਰੋਧ ਹੋਇਆ ਸੀ। ਕਾਂਗਰਸ ਸਰਕਾਰ ਵੇਲੇ ਵੀ ਇਸ ਦਾ ਵਿਰੋਧ ਹੋਇਆ ਸੀ ਅਤੇ ਹੁਣ ‘ਆਪ’ ਸਰਕਾਰ ਵੇਲੇ ਵੀ ਇਸ ਦਾ ਵਿਰੋਧ ਹੋ ਰਿਹਾ ਹੈ।