ਦੁਕਾਨਾਂ ਦਾ ਮਾਮਲਾ: ਅਧਿਕਾਰੀਆਂ ਦੀ ਹਾਜ਼ਰੀ ’ਚ ਦੋ ਧਿਰਾਂ ਖਹਬਿੜੀਆਂ
ਕਰਮਜੀਤ ਸਿੰਘ ਚਿੱਲਾ
ਬਨੂੜ, 21 ਜੁਲਾਈ
ਥਾਣਾ ਬਨੂੜ ਅਧੀਨ ਪੈਂਦੇ ਪਿੰਡ ਮਾਣਕਪੁਰ ਵਿੱਚ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਅੱਜ ਦੋ ਧਿਰਾਂ ਆਪਸ ਵਿੱਚ ਖਹਬਿੜ ਪਈਆਂ। ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਦੇ ਕੱਪੜੇ ਫਟ ਗਏ ਤੇ ਲੱਤ ਉੱਤੇ ਸੱਟ ਵੱਜੀ। ਜਦੋਂ ਕਿ ਦੂਜੀ ਧਿਰ ਵੱਲੋਂ ਵੀ ਆਪਣੇ ਤਿੰਨ ਵਿਅਕਤੀਆਂ ਦੇ ਸੱਟਾਂ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਹਿਲਾ ਸਰਪੰਚ ਅਤੇ ਦੂਜੀ ਧਿਰ ਦੇ ਵਿਅਕਤੀ ਰਾਜਪੁਰਾ ਦੇ ਏ.ਪੀ. ਜੈਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਦੀ ਪੰਚਾਇਤੀ ਥਾਂ ਵਿੱਚ ਬਣੀਆਂ ਹੋਈਆਂ ਦੁਕਾਨਾਂ ਸਬੰਧੀ ਚੱਲ ਰਹੇ ਇੱਕ ਕੇਸ ਦੇ ਸਬੰਧ ਵਿੱਚ ਪੰਚਾਇਤ ਵਿਭਾਗ ਦੇ ਪਟਿਆਲਾ ਡਿਵੀਜ਼ਨ ਦੇ ਡਿਵੀਜ਼ਨਲ ਡਾਇਰੈਕਟਰ ਵਨਿੋਦ ਕੁਮਾਰ ਗਾਗਟ ਮੌਕਾ ਵੇਖਣ ਪਹੁੰਚੇ ਸਨ। ਇਸ ਮੌਕੇ ਰਾਜਪੁਰਾ ਦਾ ਬੀਡੀਪੀਓ ਮਹਿੰਦਰ ਸਿੰਘ ਵੀ ਹਾਜ਼ਰ ਸੀ। ਵਿਭਾਗੀ ਟੀਮ ਨੇ ਹਾਲੇ ਕੁੱਝ ਕੁ ਦੁਕਾਨਾਂ ਦੀ ਹੀ ਵੀਡੀਓਗ੍ਰਾਫ਼ੀ ਕਰਾਈ ਸੀ ਕਿ ਇਸੇ ਦੌਰਾਨ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ ਤੇ ਵਿਭਾਗੀ ਟੀਮ ਮੌਕੇ ਤੋਂ ਮੁੜ ਗਈ। ਇਲਾਜ ਅਧੀਨ ਮਹਿਲਾ ਸਰਪੰਚ ਹਰਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਬੱਸ ਅੱਡੇ ਦੇ ਸਮੂਹ ਦੁਕਾਨਦਾਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਜਦੋਂ ਵਿਭਾਗ ਦੇ ਅਧਿਕਾਰੀ ਮਾਮਲੇ ਬਾਰੇ ਜਾਂਚ ਪੜਤਾਲ ਕਰ ਰਹੇ ਸਨ ਤਾਂ ਪਿੰਡ ਦੇ ਕੁਝ ਵਸਨੀਕਾਂ ਨੇ ਉਨ੍ਹਾਂ ਤੇ ਹਮਲਾ ਕੀਤਾ। ਇਸ ਹਮਲੇ ਵਿਚ ਉਸ ਦੇ ਕੱਪੜੇ ਫਟ ਗਏ ਅਤੇ ਸੱਟਾਂ ਵੱਜੀਆਂ। ਉਨ੍ਹਾਂ ਦੋਸ਼ ਲਾਇਆ ਕਿ ਇਸ ਮੌਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਦੂਜੀ ਧਿਰ ਦੇ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪਰਿਵਾਰ ਦੇ ਦੋ ਹੋਰ ਮੈਂਬਰਾਂ ਸੁਰਿੰਦਰ ਸਿੰਘ ਅਤੇ ਜਸਵੀਰ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ ਹਨ।
ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ: ਥਾਣਾ ਮੁਖੀ
ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਹਿਲਾ ਸਰਪੰਚ ਅਤੇ ਦੂਜੀ ਧਿਰ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਦੋਵੇਂ ਧਿਰਾਂ ਦੇ ਬਿਆਨ ਲੈਣ ਉਪਰੰਤ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ।
ਬੀਡੀਪੀਓ ਨੂੰ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ: ਗਾਗਟ
ਪਟਿਆਲਾ ਡਿਵੀਜ਼ਨ ਦੇ ਡਿਵੀਜ਼ਨਲ ਡਿਪਟੀ ਡਾਇਰੈਕਟਰ ਵਨਿੋਦ ਕੁਮਾਰ ਗਾਗਟ ਨੇ ਦੱਸਿਆ ਕਿ ਉਨ੍ਹਾਂ ਦੀ ਮੌਜੂਦਗੀ ਵਿੱਚ ਦੋ ਧਿਰਾਂ ਆਪਸ ਵਿੱਚ ਖਹਬਿੜੀਆਂ ਹਨ। ਉਹ ਮੌਕਾ ਵੇਖਣ ਗਏ ਸਨ ਪਰ ਹਾਲੇ ਕੰਮ ਆਰੰਭ ਹੀ ਕੀਤਾ ਸੀ ਕਿ ਰੌਲਾ ਪੈ ਗਿਆ ਤੇ ਇਸ ਮਗਰੋਂ ਉਹ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਬੀਡੀਪੀਓ ਨੂੰ ਸ਼ਿਕਾਇਤ ਦਰਜ ਕਰਾਉਣ ਲਈ ਆਖਿਆ ਗਿਆ ਹੈ।