ਨਵਾਂ ਰੁਪਾਣਾ ਦੀ ਸਰਪੰਚੀ ਦਾ ਮਾਮਲਾ ਡਿਪਟੀ ਕਮਿਸ਼ਨਰ ਕੋਲ ਪੁੱਜਿਆ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ
ਮੁਕਤਸਰ-ਮਲੋਟ ਸੜਕ ਉਪਰ ਸਥਿਤ ਪਿੰਡ ਨਵਾਂ ਰੁਪਾਣਾ ਦੇ ਕਰੀਬ ਦੋ ਸੌ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਲਿਖਤੀ ਅਰਜ਼ੀ ਦੇ ਕੇ ਪਿੰਡ ਦੇ ਸਰਪੰਚ ਦੀ ਚੋਣ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ। ਪਿੰਡ ਵਾਸੀ ਰਾਜ ਕੌਰ, ਹਰਜੀਤ ਕੌਰ, ਪਰਮਪਾਲ ਸਿੰਘ, ਬਲਰਾਜ ਸਿੰਘ, ਮੰਗਾ ਸਿੰਘ, ਧਰਮਿੰਦਰ ਸਿੰਘ, ਬਲਵੰਤ ਸਿੰਘ, ਸੁਖਮੰਦਰ ਸਿੰਘ, ਰਾਮ ਸਿੰਘ, ਗੁਰਦੇਵ ਕੌਰ, ਮਨਜੀਤ ਕੌਰ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਸਰਪੰਚੀ ਔਰਤ ਲਈ ਰਾਖਵੀਂ ਹੈ। ਕੁਲਵਿੰਦਰ ਕੌਰ ਅਤੇ ਸਿਮਰਨ ਕੌਰ ਚੋਣ ਲੜ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਵੋਟਾਂ ਵੇਲੇ 15 ਅਕਤੂਬਰ ਨੂੰ ਕੁਲਵਿੰਦਰ ਕੌਰ ਵੱਲੋਂ ਰਵਿੰਦਰ ਕੁਮਾਰ, ਸੁਖਮੰਦਰ ਸਿੰਘ, ਥਾਣਾ ਸਿੰਘ ਕਾਊਂਟਿੰਗ ਏਜੰਟ ਸੀ ਜਿਨ੍ਹਾਂ ਨੂੰ ਚੋਣ ਅਧਿਕਾਰੀ ਨੇ ਦੱਸਿਆ ਕਿ ਫਾਰਮ ਨੰਬਰ 9 ਵਿੱਚ 886 ਵੋਟਾਂ ਪੋਲ ਹੋਈਆਂ ਹਨ ਜਿਸ ਵਿੱਚੋਂ ਕੁਲਵਿੰਦਰ ਕੌਰ ਨੂੰ 476 ਅਤੇ ਸਿਮਰਨ ਕੌਰ ਨੂੰ 335 ਵੋਟਾਂ ਮਿਲੀਆਂ। 73 ਵੋਟਾਂ ਰੱਦ ਹੋਈਆਂ ਤੇ 2 ਵੋਟਾਂ ਨੋਟਾ ਨੂੰ ਪਈਆਂ। ਕੁਲਵਿੰਦਰ ਕੌਰ 141 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਅਧਿਕਾਰੀ ਨੇ ਕੁਲਵਿੰਦਰ ਕੌਰ ਦਾ ਪਤੀ ਤੇ ਉਸ ਦੇ ਸਮਰਥਕ ਗਿਣਤੀ ਕੇਂਦਰ ’ਚੋਂ ਬਾਹਰ ਚਲੇ ਜਾਣ ਕਿਹਾ ਤੇ ਉਹ ਚਲੇ ਗਏ ਪਰ ਸਿਮਰਨ ਕੌਰ ਤੇ ਉਸ ਦਾ ਪਤੀ ਗਿਣਤੀ ਕੇਂਦਰ ’ਚ ਹੀ ਬੈਠੇ ਰਹੇ। ਕਰੀਬ ਇਕ ਘੰਟੇ ਬਾਅਦ ਰਿਟਰਨਿੰਗ ਅਫਸਰ ਨੇ ਕੁਲਵਿੰਦਰ ਕੌਰ, ਉਸ ਦੇ ਪਤੀ ਤੇ ਕਾਊਂਟਿੰਗ ਏੇਜੰਟਾਂ ਨੂੰ ਗਿਣਤੀ ਕੇਂਦਰ ’ਚ ਸੱਦਿਆ ਅਤੇ ਦੱਸਿਆ ਕਿ ਕੁਲਵਿੰਦਰ ਕੌਰ ਨੂੰ 416 ਵੋਟਾਂ ਪਈਆਂ ਹਨ ਜਦਕਿ ਸਿਮਰਨ ਕੌਰ ਨੂੰ 430 ਵੋਟਾਂ ਪਈਆਂ ਹਨ ਅਤੇ 36 ਵੋਟਾਂ ਰੱਦ ਅਤੇ 4 ਵੋਟਾਂ ਨੋਟਾ ਨੂੰ ਪਈਆਂ ਹਨ। ਇਸ ਤਰ੍ਹਾਂ ਸਿਮਰਨ ਕੌਰ 14 ਵੋਟਾਂ ਨਾਲ ਜੇਤੂ ਕਰਾਰ ਦਿੱਤੀ ਗਈ। ਪਿੰਡ ਵਾਸੀਆਂ ਨੇ ਅਧਿਕਾਰੀਆਂ ਵੱਲੋਂ ਬਣਾਈ ਵੀਡੀਓ ਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਕਰਨ ਅਤੇ ਸਰਪੰਚ ਸਿਮਰਨ ਕੌਰ ਨੂੰ ਅਯੋਗ ਕਰਾਰ ਦੇ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਡੀਸੀ ਵੱਲੋਂ ਪੜਤਾਲ ਦਾ ਭਰੋਸਾ
ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਪਿੰਡ ਨਵਾਂ ਰੁਪਾਣਾ ਦੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਗਿਣਤੀ ਦਾ ਸਾਰਾ ਰਿਕਾਰਡ ਤਲਬ ਕਰਕੇ ਪੜਤਾਲ ਕਰਨਗੇ ਅਤੇ ਉਸ ਉਪਰੰਤ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਹੋਈ ਕਰਨਗੇ।