ਮੁੱਲਾਂਪੁਰ ਗਰੀਬਦਾਸ ਦੇ ਸਰਪੰਚ ਦੇ ਮਤੇ ਵਾਲਾ ਮਾਮਲਾ ਭਖਿਆ
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ,18 ਅਗਸਤ
ਗਰਾਮ ਪੰਚਾਇਤ ਮੁੱਲਾਂਪੁਰ ਗਰੀਬਦਾਸ ਦੇ ਸਰਪੰਚ ਵੱਲੋਂ ਪਿੰਡ ਦੀ 25 ਏਕੜ ਜ਼ਮੀਨ ਸਬੰਧੀ ਪਾਏ ਮਤੇ ਦਾ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ। ਚੋਅ ਸੁਸਾਇਟੀ ਦੇ ਅਹੁਦੇਦਾਰਾਂ, ਕਿਸਾਨਾਂ, ਜ਼ਿਮੀਂਦਾਰਾਂ ਜਿਨ੍ਹਾਂ ਵਿੱਚ ਸਾਬਕਾ ਸਰਪੰਚ ਨਾਇਬ ਸਿੰਘ ਧਾਲੀਵਾਲ, ਯੂਥ ਅਕਾਲੀ ਆਗੂ ਸਤਵੀਰ ਸਿੰਘ ਸੱਤੀ, ਸੁਸ਼ੀਲ ਕੁਮਾਰ, ਨੰਬਰਦਾਰ ਮਹਿੰਦਰ ਸਿੰਘ,ਨਿਰਮਲ ਸਿੰਘ, ਅਰੁਨ ਕੁਮਾਰ, ਬਲਵੀਰ ਸਿੰਘ, ਸ਼ੇਰ ਸਿੰਘ ਮੱਲ ਨੇ ਹੰਗਾਮੀ ਮੀਟਿੰਗ ਕਰਨ ਮਗਰੋਂ ਕਿਹਾ ਕਿ ਪਿੰਡ ਦੀ ਜ਼ਮੀਨ ਸਬੰਧੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ। ਇਸ ਕਰਕੇ ਜ਼ਮੀਨ ਕਿਸੇ ਨੂੰ ਦੇਣ ਲਈ ਕੋਈ ਮਤਾ ਪਾਇਆ ਨਹੀਂ ਜਾ ਸਕਦਾ। ਸਤਵੀਰ ਸਿੰਘ ਸੱਤੀ ਸਮੇਤ ਹੋਰਨਾਂ ਲੋਕਾਂ ਨੇ ਕਿਹਾ ਕਿ ਜੇ ਸਰਪੰਚ ਖ਼ਿਲਾਫ਼ ਜਲਦੀ ਕਾਰਵਾਈ ਨਾ ਹੋਈ ਤਾਂ ਉਹ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸੜਕਾਂ ਉਤੇ ਉਤਰਨਗੇ। ਦੂਜੇ ਪਾਸੇ ਸਰਪੰਚ ਸਤਨਾਮ ਸਿੰਘ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਉਸ ਨੇ ਪਿੰਡ ਦੇ ਵਿਕਾਸ ਲਈ ਹੀ ਲੀਜ ਉਤੇ ਜ਼ਮੀਨ ਦੇਣ ਲਈ ਮਤਾ ਪਾਇਆ ਹੈ।
ਸਰਪੰਚ ਖ਼ਿਲਾਫ ਵਫ਼ਦ ਸਾਬਕਾ ਮੰਤਰੀ ਨੂੰ ਮਿਲਿਆ਼
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਪਿੰਡ ਮੁੱਲਾਂਪੁਰ ਗਰੀਬਦਾਸ ਦੇ ਕਈ ਮੋਹਤਬਰਾਂ ਸਮੇਤ 10 ਪੰਚਾਇਤ ਮੈਂਬਰਾਂ ਨੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੂੰ ਵਫ਼ਦ ਦੇ ਰੂਪ ਵਿੱਚ ਮਿਲ ਕੇ ਸਰਪੰਚ ਵੱਲੋਂ ਲੋਕਹਿੱਤ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ। ਵਫ਼ਦ ਵਿੱਚ ਪੰਚ ਸੰਦੀਪ ਕਮਾਰ,ਪੰਚ ਰਵਿੰਦਰ ਸਿੰਘ,ਪੰਚ ਗੁਰਮੀਤ ਸਿੰਘ, ਪੰਚ ਸਤਵੀਰ ਸਿੰਘ, ਸਵਰਨਜੀਤ ਕੌਰ ਪੰਚ, ਪੰਚ ਦਰਸ਼ਨ ਕੁਮਾਰ, ਪੰਚ ਅੰਜਨਾ ਆਦਿ ਹਾਜ਼ਰ ਸਨ। ਸ੍ਰੀ ਕੰਗ ਨੇ ਵਫ਼ਦ ਨੂੰ ਵਿਸ਼ਵਾਸ਼ ਦਿਵਾਇਆ ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਮੁਹਾਲੀ, ਐੱਸਡੀਐੱਮ ਖਰੜ ਨੂੰ ਲਿਖਤੀ ਰੂਪ ਵਿੱਚ ਚਿੱਠੀ ਭੇਜ ਦਿੱਤੀ ਹੈ। ਸਰਪੰਚ ਸਤਨਾਮ ਸਿੰਘ ਨੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕਈ ਪੰਚ ਤੇ ਕੁੱਝ ਲੋਕ ਵਿਕਾਸ ਕਾਰਜਾਂ ਵਿੱਚ ਉਸ ਦਾ ਸਾਥ ਨਹੀਂ ਦੇ ਰਹੇ ਜਦ ਕਿ ਉਹ ਪਿੰਡ ਦੇ ਵਿਕਾਸ ਲਈ ਤੱਤਪਰ ਹੈ।