ਸਰਹੱਦੀ ਸੜਕਾਂ ਦੀ ਮੁਰੰਮਤ ਦਾ ਮਾਮਲਾ ਵਿਧਾਨ ਸਭਾ ’ਚ ਉਠਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਪੰਜਾਬ ਵਿਧਾਨ ਸਭਾ ਵਿੱਚ ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਦੀਆਂ ਚਾਰ ਮੁੱਖ ਸੜਕਾਂ ਦੀ ਮੁਰੰਮਤ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਇਹ ਸੜਕਾਂ ਪੰਜਾਬ ਨੂੰ ਹਰਿਆਣਾ ਨਾਲ ਜ਼ੋੜਦੀਆਂ ਹਨ ਅਤੇ ਇਨ੍ਹਾਂ ਵਿੱਚ ਡੂੰਘੇ ਖੱਡੇ ਪੈ ਗਏ ਹਨ ਅਤੇ ਜੇਕਰ ਇਨ੍ਹਾਂ ਖੱਡਿਆਂ ਦੀ ਛੇਤੀ ਮੁਰੰਮਤ ਨਾ ਕੀਤੀ ਗਈ ਤਾਂ ਇਹ ਸਾਰੀਆਂ ਸੜਕਾਂ ਟੁੱਟ ਜਾਣਗੀਆਂ। ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਅੱਜ ਵਿਧਾਨ ਸਭਾ ਦੇ ਮੌਨਸੂਨ ਸ਼ੈਸਨ ਦੌਰਾਨ ਸਵਾਲ ਨੰ:1279 ਅਧੀਨ ਇਸ ਮਾਮਲੇ ਨੂੰ ਸਦਨ ’ਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਅੱਗੇ ਰੱਖਿਆ।
ਉਨ੍ਹਾਂ ਦੱਸਿਆ ਕਿ ਇਹ ਸੜਕਾਂ ਬੁਢਲਾਡਾ ਤੋਂ ਮਾਨਸਾ ਵਾਇਆ ਗੁਰਨੇ ਕਲਾਂ, ਫਫੜੇ ਭਾਈਕੇ, ਬੋਹਾ ਤੋਂ ਸ਼ੇਰਖਾਂ ਵਾਲਾ ਵਾਇਆ ਮਘਾਣੀਆਂ, ਬਰੇਟਾ ਤੋਂ ਕੁਲਰੀਆਂ ਵਾਇਆ ਭਾਵਾ, ਝੁਨੀਰ ਤੋਂ ਬੋਹਾ ਵਾਇਆ ਮਲਕੋਂ ਹਨ। ਉਨ੍ਹਾਂ ਕਿਹਾ ਕਿ ਇਹ ਸੜਕਾਂ ਉਪਰ ਬਹੁਤ ਜ਼ਿਆਦਾ ਟਰੈਫ਼ਿਕ ਰਹਿੰਦੀ ਹੈ ਅਤੇ ਇਹ ਪੰਜਾਬ ਅਤੇ ਹਰਿਆਣਾ ਨੂੰ ਆਪਸ ਵਿੱਚ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸੜਕਾਂ ਬਹੁਤ ਲੰਬਾ ਸਮਾਂ ਪਹਿਲਾਂ ਬਣੀਆਂ ਹਨ ਅਤੇ ਇਨ੍ਹਾਂ ਦੀ ਬਾਅਦ ਵਿੱਚ ਮੁਰੰਮਤ ਨਹੀਂ ਹੋ ਸਕਦੀ ਹੈ, ਜਿਸ ਕਰਕੇ ਛੋਟੇ ਟੋਇਆਂ ਤੋਂ ਵੱਡੇ ਖੱਡੇ ਬਣਦੇ ਜਾ ਰਹੇ ਹਨ। ਵਿਧਾਇਕ ਬੁੱਧ ਰਾਮ ਨੇ ਇੱਕ ਹੋਰ ਸਵਾਲ ਨੰਬਰ 1265 ਰਾਹੀਂ ਜ਼ਿਲ੍ਹੇ ਦੇ ਪਿੰਡ ਚੱਕ ਭਾਈਕੇ ਦੇ ਬੀੜ ਵਿੱਚ 42 ਏਕੜ ਜੰਗਲ ਲੱਗਿਆ ਹੋਇਆ ਸੀ, ਜੋ ਹੁਣ ਘਟਕੇ 26 ਏਕੜ ਤੱਕ ਸੀਮਤ ਰਹਿ ਗਿਆ ਹੈ ਅਤੇ ਇਸਦੇ ਆਲੇ-ਦੁਆਲੇ ਕੋਈ ਵੀ ਵਾੜ ਨਹੀਂ ਹੈ, ਜਿਸ ਕਾਰਨ ਇਥੇ ਦਰੱਖ਼ਤ ਚੋਰੀ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਅਫਸਰਾਂ ਦੀ ਘਾਟ ਦਾ ਮੁੱਦਾ ਵਿਧਾਨ ਸਭਾ ’ਚ ਉਭਾਰਨ ’ਤੇ ਵਿਧਾਇਕ ਦਾ ਸਵਾਗਤ
ਫ਼ਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਦੇ ਤਿੰਨ ਰੋਜ਼ਾ ਇਜਲਾਸ ਵਿੱਚ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਮੋਗਾ ਜ਼ਿਲ੍ਹੇ ’ਚ ਨੌਕਰਸ਼ਾਹੀ ਦੀ ਘਾਟ ਦਾ ਮੁੱਦਾ ਉਠਾਉਣ ਤੇ ‘ਆਪ’ ਆਗੂਆਂ ਨੇ ਸਵਾਗਤ ਕੀਤਾ ਹੈ। ਪਾਰਟੀ ਦੇ ਬਲਾਕ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਸ਼ਹਿਰੀ ਸਰਕਲ ਦੇ ਪ੍ਰਧਾਨ ਭੁਪੇਸ਼ ਕੁਮਾਰ ਗਰਗ, ਅਜੈਬ ਸਿੰਘ ਲਲਹਾਂਦੀ ਅਤੇ ਸ਼ੇਖਰ ਬਾਂਸਲ ਨੇ ਕਿਹਾ ਕਿ ਵਿਧਾਇਕ ਲਾਡੀ ਢੋਸ ਵੱਲੋਂ ਲੋਕ ਮੁਸ਼ਕਲਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਜਿਸ ਤਰ੍ਹਾਂ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਉਸ ਦਾ ਭਰਵਾਂ ਸਵਾਗਤ ਕਰਨਾ ਬਣਦਾ ਹੈ। ਆਗੂਆਂ ਨੇ ਜ਼ਿਲ੍ਹੇ ਦੇ ਸਮੁੱਚੇ ਸਰਕਾਰੀ ਦਫਤਰਾਂ ਵਿੱਚ ਅਫਸਰਾਂ ਦੀ ਭਾਰੀ ਘਾਟ ਹੈ ਜਿਸ ਸਦਕਾ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਲੋਕਾਂ ਦੀ ਸੁਰੱਖਿਆ ਦਾ ਹੈ ਲੇਕਿਨ ਜ਼ਿਲ੍ਹੇ ਅੰਦਰ ਪੁਲਿਸ ਦੀ ਨਫਰੀ ਥਾਣਿਆਂ ਦੇ ਮੁਕਾਬਲੇ ਕਾਫੀ ਘੱਟ ਹੈ।