ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਰੱਦ ਨਾ ਕਰਨ ’ਤੇ ਮਾਮਲਾ ਭਖਿਆ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਅਕਤੂਬਰ
ਬਲਾਕ ਮਾਛੀਵਾੜਾ ਦੇ ਪਿੰਡ ਸ਼ਤਾਬਗੜ੍ਹ ਵਿਚ ਪੰਚਾਇਤ ਚੋਣਾਂ ਦੌਰਾਨ ਨਾਮਜ਼ਦਗੀ ਪੱਤਰਾਂ ਦਾ ਮਾਮਲਾ ਭਖ ਗਿਆ ਹੈ। ਇਸ ਸਬੰਧੀ ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਦੋਸ਼ ਲਾਏ ਹਨ। ਪਿੰਡ ਸ਼ਤਾਬਗੜ੍ਹ ਵਿਚ ਸਰਪੰਚ ਦੀ ਚੋਣ ਲੜ ਰਹੇ ਮੱਖਣ ਸਿੰਘ ਨੇ ਕਿਹਾ ਕਿ ਉਸ ਖਿਲਾਫ਼ ਮਨਜੀਤ ਸਿੰਘ, ਗੰਗਾ ਸਿੰਘ ਚੋਣ ਲੜ ਰਹੇ ਹਨ। ਉਸ ਨੇ ਕਿਹਾ ਕਿ ਉਸ ਨੇ ਕੱਲ੍ਹ ਚੋਣ ਅਧਿਕਾਰੀ ਨੂੰ ਲਿਖਤੀ ਰੂਪ ਵਿਚ ਇਤਰਾਜ਼ ਦਿੱਤਾ ਸੀ ਕਿ ਇਹ ਵਿਅਕਤੀ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਾਬਜ਼ਕਾਰ ਹਨ, ਜਿਸ ਸਬੰਧੀ ਦਸਤਾਵੇਜ਼ ਵੀ ਪੇਸ਼ ਕੀਤੇ ਸਨ ਪਰ ਚੋਣ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਪਿੰਡ ਦੇ ਵਾਸੀ ਲਾਭ ਸਿੰਘ ਨੇ ਦੱਸਿਆ ਕਿ ਸਰਪੰਚ ਦੀ ਚੋਣ ਲੜ ਰਿਹਾ ਮਨਜੀਤ ਸਿੰਘ ਅਤੇ ਗੰਗਾ ਸਿੰਘ ਦੇ ਪਰਿਵਾਰ ਖਿਲਾਫ਼ ਅਦਾਲਤ ਵਿਚ ਰਿੱਟ ਦਾਇਰ ਕੀਤੀ ਸੀ ਕਿ ਇਹ ਪੰਚਾਇਤੀ ਜ਼ਮੀਨ ’ਤੇ ਕਾਬਜ਼ਕਾਰ ਹਨ। ਅਦਾਲਤ ਨੇ ਇਨ੍ਹਾਂ ਨਾਜਾਇਜ਼ ਕਾਬਜ਼ਕਾਰਾਂ ਤੋਂ ਕਬਜ਼ਾ ਛੁਡਾਉਣ ਦੇ ਆਰਡਰ ਕੀਤੇ ਹੋਏ ਹਨ ਪਰ ਪੰਚਾਇਤ ਵਿਭਾਗ ਨੇ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ। ਦੂਜੇ ਪਾਸੇ ਮਨਜੀਤ ਸਿੰਘ ਨੇ ਕਿਹਾ ਕਿ ਜਿੱਥੇ ਉਸ ਦਾ ਘਰ ਹੈ ਉਹ ਰਜਿਸਟਰੀ ਵਾਲੀ ਜਗ੍ਹਾ ਹੈ ਨਾ ਕਿ ਪੰਚਾਇਤੀ ਜ਼ਮੀਨ। ਇਸ ਸਬੰਧੀ ਹਲਫ਼ੀਆ ਬਿਆਨ ਦਿੱਤਾ ਹੈ ਕਿ ਉਸ ਦਾ ਘਰ ਪੰਚਾਇਤੀ ਜ਼ਮੀਨ ਵਿਚ ਨਹੀਂ ਹੈ। ਮਨਜੀਤ ਸਿੰਘ ਨੇ ਕਿਹਾ ਕਿ ਉਸ ਖਿਲਾਫ਼ ਅਦਾਲਤ ਵਲੋਂ ਕੋਈ ਵੀ ਹੁਕਮ ਜਾਰੀ ਨਹੀਂ ਕੀਤੇ ਗਏ।