ਦੈਹਣੀ ਪਿੰਡ ਦੀਆਂ 50 ਵੋਟਾਂ ਵੱਧ ਬਣਾਉਣ ਦਾ ਮਾਮਲਾ ਭਖ਼ਿਆ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 14 ਅਕਤੂਬਰ
ਪਿੰਡ ਦੈਹਣੀ ਦੇ ਵਸਨੀਕਾਂ ਨੇ ਅੱਜ ਦੇਰ ਸ਼ਾਮ ਐੱਸਡੀਐੱਮ ਜਸਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਭਲਕੇ ਵੋਟਾਂ ਪੈਣੀਆਂ ਹਨ ਪਰ ਅੱਜ ਸ਼ਾਮ ਕਰੀਬ ਤਿੰਨ ਉਨ੍ਹਾਂ ਨੂੰ ਵੋਟਰ ਸੂਚੀ ਸੌਂਪੀ ਗਈ, ਜਿਸ ਵਿੱਚ 50 ਦੇ ਕਰੀਬ ਵੋਟਾਂ ਵੱਧ ਬਣਾਈਆਂ ਗਈਆਂ ਹਨ। ਇਹ ਵੋਟਾਂ ਪਿੰਡ ਦੈਹਣੀ ਦੀਆਂ ਨਹੀਂ, ਸਗੋਂ ਕੁੱਝ ਦੂਰ ਦੇ ਪਿੰਡ ਦੀਆਂ ਤੇ ਕਾਫੀ ਵੋਟਾਂ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਦੀਆਂ ਹਨ। ਉਨ੍ਹਾਂ ਸੁਆਲ ਕੀਤਾ ਕੀ ਹੁਣ ਹਿਮਾਚਲ ਦੇ ਵਸਨੀਕ ਪੰਜਾਬ ਵਿੱਚ ਪੰਚਾਇਤੀ ਵੋਟਾਂ ਪਾਉਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਉਹ ਸੂਚੀ ਦਿੱਤੀ ਹੈ, ਜਿਸ ਵਿੱਚ ਹਿਮਾਚਲ ਵਾਸੀਆਂ ਨੇ ਪਿਛਲੀਆਂ ਵਿਧਾਨ ਸਭਾ ਦੀਆਂ ਵੋਟਾਂ ਪਾਈਆਂ ਸਨ ਪਰ ਹੁਣ ਉਨ੍ਹਾਂ ਦਾ ਪਿੰਡ ਦੈਹਣੀ ਦੀ ਵੋਟਿੰਗ ਸੂਚੀ ਵਿੱਚ ਨਾਮ ਹੈ। ਪਿੰਡ ਵਾਸੀ ਕਮਲਜੀਤ ਸਿੰਘ, ਦਿਲਬਾਗ ਸਿੰਘ, ਹਿੰਮਤ ਸਿੰਘ, ਗੁਰਬਖਸ਼ ਸਿੰਘ, ਗੁਲਾਬ ਸਿੰਘ, ਰਤਨ ਸਿੰਘ, ਜਸਵਿੰਦਰ ਕੌਰ, ਸੁਰਜੀਤ ਕੌਰ ਅਤੇ ਰਾਮ ਆਸਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ 470 ਦੇ ਕਰੀਬ ਵੋਟਾਂ ਸਨ ਪਰ ਅੱਜ ਨਵੀਂ ਮਿਲੀ ਸੂਚੀ ਵਿੱਚ 500 ਤੋਂ ਵੱਧ ਵੋਟਰਾਂ ਦੇ ਨਾਮ ਹਨ। ਉਨ੍ਹਾਂ ਕਿਹਾ ਕਿ 50 ਤੋਂ ਵੱਧ ਵਾਧੂ ਵੋਟਾਂ ਬਣਾਈਆਂ ਗਈਆਂ ਹਨ, ਜਿਸ ਨਾਲ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਵਿਰੋਧ ਕਰਨਗੇ ਅਤੇ ਕੋਈ ਵੀ ਪਿੰਡ ਵਾਸੀ ਵੋਟ ਨਹੀਂ ਪਾਵੇਗਾ।
ਆਧਾਰ ਕਾਰਡ ਅਨੁਸਾਰ ਬਣਾਈਆਂ ਵੋਟਾਂ: ਐੱਸਡੀਐੱਮ
ਐੱਸਡੀਐੱਮ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਹੁਣੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਰਿਆਂ ਦੇ ਆਧਾਰ ਕਾਰਡ ਅਨੁਸਾਰ ਵੋਟਾਂ ਬਣਾਈਆਂ ਗਈਆਂ ਹਨ ਪਰ ਫਿਰ ਵੀ ਜੇਕਰ ਕੋਈ ਫਰਜ਼ੀ ਵੋਟਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।