ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਬਣਾਉਣ ਦਾ ਮਾਮਲਾ ਲਟਕਿਆ
* ਏਕਨਾਥ ਸ਼ਿੰਦੇ ਦੇ ਜੱਦੀ ਪਿੰਡ ਵੱਲ ਰਵਾਨਾ ਹੋਣ ਮਗਰੋਂ ਮਹਾਯੁਤੀ ਦੀ ਮੀਟਿੰਗ ਮੁਲਤਵੀ
* ਸੱਤਾਧਾਰੀ ਗੱਠਜੋੜ ਦੀ ਮੀਟਿੰਗ ਭਲਕੇ ਹੋਣ ਦੀ ਸੰਭਾਵਨਾ
ਮੁੰਬਈ, 29 ਨਵੰਬਰ
ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਆਪਣੇ ਜੱਦੀ ਪਿੰਡ ਵੱਲ ਰਵਾਨਾ ਹੋਣ ਮਗਰੋਂ ਅੱਜ ਹੋਣ ਵਾਲੀ ਮਹਾਯੁਤੀ ਦੀ ਅਹਿਮ ਮੀਟਿੰਗ ਮੁਲਤਵੀ ਹੋ ਗਈ ਜਿਸ ਕਾਰਨ ਚੋਣ ਨਤੀਜਿਆਂ ਦੇ ਇੱਕ ਹਫ਼ਤੇ ਮਗਰੋਂ ਵੀ ਨਵੀਂ ਸਰਕਾਰ ਬਣਾਉਣ ਦਾ ਮਾਮਲਾ ਲਟਕ ਗਿਆ ਹੈ। ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਸੂਤਰਾਂ ਨੇ ਕਿਹਾ ਕਿ ਹੁਣ ਮਹਾਯੁਤੀ ਦੀ ਮੀਟਿੰਗ ਐਤਵਾਰ ਨੂੰ ਮੁੰਬਈ ਵਿੱਚ ਹੋਣ ਦੀ ਉਮੀਦ ਹੈ।
ਮਹਾਯੁਤੀ ਗੱਠਜੋੜ ਦੀ ਸਭ ਤੋਂ ਵੱਡੇ ਭਾਈਵਾਲ ਭਾਜਪਾ ਦੇ ਆਗੂਆਂ ਨੇ ਕਿਹਾ ਕਿ ਉਹ ਵਿਧਾਇਕ ਦਲ ਦੀ ਮੀਟਿੰਗ ਲਈ ਕੇਂਦਰੀ ਅਬਜ਼ਰਵਰਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਸ਼ਿਵ ਸੈਨਾ ਆਗੂ ਉਦੈ ਸਾਮੰਤ ਨੇ ਇਨ੍ਹਾਂ ਚਰਚਾਵਾਂ ਨੂੰ ਖਾਰਜ ਕਰ ਦਿੱਤਾ ਕਿ ਸ਼ਿੰਦੇ ਨਾਰਾਜ਼ ਹਨ ਅਤੇ ਇਸੇ ਕਾਰਨ ਉਹ ਆਪਣੇ ਜੱਦੀ ਪਿੰਡ ਚਲੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਨਵੀਂ ਸਰਕਾਰ ਦਾ ਹਲਫ਼ਦਾਰੀ ਸਮਾਗਮ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਸ਼ਿੰਦੇ ਨੇ ਵੀਰਵਾਰ ਰਾਤ ਨੂੰ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਰਕਾਰ ਦੇ ਗਠਨ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਨਾਲ ਮੁਲਾਕਾਤ ਹਾਂ-ਪੱਖੀ ਰਹੀ ਅਤੇ ਅਗਲੇ ਦੌਰ ਦੀ ਗੱਲਬਾਤ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਹੋਵੇਗੀ। ਹਾਲਾਂਕਿ, ਭਾਜਪਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮਹਾਯੁਤੀ ਦੇ ਆਗੂਆਂ ਦੀ ਕੋਈ ਮੀਟਿੰਗ ਤੈਅ ਨਹੀਂ ਸੀ। ਸ਼ਿੰਦੇ ਅੱਜ ਸਵੇਰੇ ਮੁੰਬਈ ਪਰਤ ਆਏ। ਸ਼ਿਵ ਸੈਨਾ ਅਨੁਸਾਰ ਉਹ ਸ਼ਾਮ ਨੂੰ ਸਤਾਰਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਦਾਰੇ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ, ਸ਼ਿੰਦੇ ਦੱਖਣੀ ਮੁੰਬਈ ਵਿੱਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਵਿੱਚ ਸਨ, ਜਿੱਥੇ ਉਹ ਪਾਰਟੀ ਆਗੂਆਂ ਤੇ ਵਿਧਾਇਕਾਂ ਸਮੇਤ ਕਈ ਮਹਿਮਾਨਾਂ ਨੂੰ ਮਿਲੇ। -ਪੀਟੀਆਈ