ਸੁਆਹ ਢੋਣ ਦਾ ਮਾਮਲਾ: ਮੀਟਿੰਗ ਵਿੱਚ ਨਾ ਪੁੱਜੇ ਧਰਨਾਕਾਰੀ
ਜਗਮੋਹਨ ਸਿੰਘ
ਘਨੌਲੀ, 18 ਸਤੰਬਰ
ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਫੀਲਡ ਹੋਸਟਲ ਵਿੱਚ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨਾਲ ਧਰਨਾਕਾਰੀਆਂ ਦੀ ਤੀਜੇ ਤੇ ਅੰਤਿਮ ਗੇੜ ਦੀ ਮੀਟਿੰਗ ਨਾ ਹੋ ਸਕੀ। ਜਾਣਕਾਰੀ ਅਨੁਸਾਰ ਬੀਤੇ ਦਿਨ ਹੋਈ ਮੀਟਿੰਗ ਵਿੱਚ ਥਰਮਲ ਮੁਖੀ ਵੱਲੋਂ ਅੰਬੂਜਾ ਅਧਿਕਾਰੀਆਂ ਨੂੰ ਵੀ ਸੱਦਿਆ ਹੋਇਆ ਸੀ ਤੇ ਕੱਲ੍ਹ ਧਰਨਾਕਾਰੀਆਂ ਵੱਲੋਂ ਆਪਣੇ ਆਗੂ ਦੇ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਕਾਰਨ ਇੱਕ ਦਿਨ ਦਾ ਸਮਾਂ ਮੰਗਿਆ ਗਿਆ ਸੀ, ਪਰ ਅੱਜ ਮੀਟਿੰਗ ਲਈ ਤੈਅ ਸਮੇਂ ਅਨੁਸਾਰ ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ, ਉਪ ਮੁੱਖ ਇੰਜਨੀਅਰਾਂ ਵਿਪਨ ਮਲਹੋਤਰਾ ਐਮਐਮ-2, ਰਣਜੀਤ ਸਿੰਘ ਸੀ ਤੇ ਆਈ, ਇੰਦਰਜੀਤ ਗੁਪਤਾ ਈਐਮਸੀ, ਪ੍ਰਮੋਦ ਸ਼ਰਮਾ ਸੀਐਚਪੀ, ਰਵਿੰਦਰ ਖੰਨਾ ਉਪਰੇਸ਼ਨ ਤੇ ਐਸਈ ਸਿਵਲ ਪਰਮਿੰਦਰ ਸਿੰਘ ਤੋਂ ਇਲਾਵਾ ਕੌਮੀ ਮਾਰਗਾਂ ਲਈ ਸੁਆਹ ਢੋਣ ਵਾਲੀਆਂ ਕੰਪਨੀਆਂ ਦੇ ਨੁੰਮਾਇਦਿਆਂ ਨੂੰ ਵੀ ਮੀਟਿੰਗ ਲਈ ਸੱਦਿਆ ਗਿਆ ਸੀ। ਥਰਮਲ ਅਧਿਕਾਰੀ ਤੇ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਹਰਮੇਸ਼ ਕੁਮਾਰ ਧਰਨਾਕਾਰੀਆਂ ਨੂੰ 3 ਵਜੇ ਤੋਂ ਸਾਢੇ ਪੰਜ ਤੱਕ ਉਡੀਕਦੇ ਰਹੇ, ਪਰ ਧਰਨਾਕਾਰੀਆਂ ਦਾ ਇੱਕ ਵੀ ਵਿਅਕਤੀ ਮੀਟਿੰਗ ਲਈ ਨਹੀਂ ਆਇਆ।
ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁੱਖ ਇੰਜਨੀਅਰ ਹਰੀਸ਼ ਸ਼ਰਮਾ ਨੇ ਦੱਸਿਆ ਕਿ ਪਿਛਲੀਆਂ ਮੀਟਿੰਗਾਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਉਮੀਦ ਸੀ ਕਿ ਅੱਜ ਮਸਲੇ ਦਾ ਹੱਲ ਹੋ ਜਾਵੇਗਾ, ਪਰ ਉਹ ਧਰਨਾਕਾਰੀਆਂ ਦੇ ਨਾ ਆਉਣ ਤੋਂ ਹੈਰਾਨ ਹਨ। ਉਨ੍ਹਾਂ ਦੱਸਿਆ ਕਿ ਕੌਮੀ ਮਾਰਗਾਂ ਲਈ ਸੁਆਹ ਚੁਕਾਉਣੀ ਜ਼ਰੂਰੀ ਹੈ। ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਸੁਆਹ ਚੁਕਾਉਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਦੀ ਕਾਰਵਾਈ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ।