ਨਹਿਰੀ ਖਾਲਿਆਂ ਦਾ ਮਾਮਲਾ ਐਕਸੀਅਨ ਕੋਲ ਪੁੱਜਿਆ
ਪੱਤਰ ਪ੍ਰੇਰਕ
ਮਾਨਸਾ, 8 ਜੂਨ
ਮਾਨਸਾ ਜ਼ਿਲ੍ਹੇ ਦੇ ਪੰਜ ਪਿੰਡਾਂ ਵਿੱਚ ਪੱਕੇ ਖਾਲ ਦੇ ਟੁੱਟੇ ਹੋਣ ਕਾਰਨ ਨਹਿਰੀ ਪਾਣੀ ਨਾ ਲੱਗਣ ਦਾ ਮਾਮਲਾ ਅੱਜ ਟਿਊਬਵੈੱਲ ਕਾਰਪੋਰੇਸ਼ਨ ਦੇ ਐਕਸੀਅਨ ਮਾਨਸਾ ਕੋਲ ਪਹੁੰਚ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਨੇ ਅਧਿਕਾਰੀ ਕੋਲ ਰੋਣਾ ਰੋਇਆ ਕਿ ਸਾਲ 2005 ਤੋਂ ਲੈਕੇ ਪਿੰਡ ਗੁਰਨੇ ਕਲਾਂ, ਬੋੜਾਵਾਲ, ਫਫੜੇ ਭਾਈਕੇ, ਹਸਨਪੁਰ, ਗੁਰਨੇ ਖੁਰਦ ਦੇ ਖੇਤ ਨਹਿਰੀ ਪਾਣੀ ਵੰਨੀਓ ਪਿਆਸੇ ਹਨ। ਜਥੇਬੰਦੀ ਦਾ ਕਹਿਣਾ ਹੈ ਕਿ ਇਨ੍ਹਾਂ ਪੰਜ ਪਿੰਡਾਂ ਨੂੰ ਫਰਮਾਹੀ ਵਾਲੀ ਨਹਿਰ ਵਿਚੋਂ ਮੋਘਾ ਨੰ: 75950 ਖੱਬਾ ਪਾਸਾ ਲੱਗਿਆ ਹੋਇਆ, ਪਰ ਅੱਜ ਤੱਕ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਨਹਿਰੀ ਪਾਣੀ ਲਗਾਕੇ ਨਹੀਂ ਵੇਖਿਆ।
ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਅਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੋਘੇ ਸਬੰਧੀ ਸਾਲ 2005 ਵਿਚ ਪੰਜ ਪਿੰਡਾਂ ਨੇ ਹਿੱਸੇ ਮੁਤਾਬਕ ਰੁਪਏ ਭਰਕੇ ਪੱਕਾ ਖਾਲ ਨੌ ਇੰਚੀ ਬਣਾਏ ਗਏ ਸਨ, ਪ੍ਰੰਤੂ ਉਸ ਖਾਲ ਦੀ 6-7 ਫੁੱਟ ਉਚਾਈ ਹੋਣ ਕਾਰਨ ਪੰਜੇ ਪਿੰਡਾਂ ਦਾ ਉਹ ਖਾਲ ਇੱਕ ਮਹੀਨਾ ਵੀ ਨਹੀਂ ਚੱਲ ਸਕਿਆ ਸੀ ਅਤੇ ਜੋ ਢਹਿ-ਢੇਰੀ ਹੋ ਗਿਆ ਹੈ। ਉਨ੍ਹਾਂ ਮੰਗ ਪੱਤਰ ਦਿੰਦਿਆਂ ਅਧਿਕਾਰੀ ਤੋਂ ਐੱਨਓਸੀ ਅਤੇ ਅੰਡਰ ਗਰਾਊਂਡ ਪਾਈਪ ਲਾਈਨ ਪਾਉਣ ਦੀ ਮਨੂਜ਼ਰੀ ਦੀ ਮੰਗ ਕੀਤੀ ਗਈ।