For the best experience, open
https://m.punjabitribuneonline.com
on your mobile browser.
Advertisement

ਹਵਾਈ ਅੱਡੇ ਤਕ ਨਵੀਂ ਸੜਕ ਉਸਾਰਨ ਦਾ ਮਾਮਲਾ ਵਿਚਾਲੇ ਲਟਕਿਆ

05:57 AM Mar 25, 2024 IST
ਹਵਾਈ ਅੱਡੇ ਤਕ ਨਵੀਂ ਸੜਕ ਉਸਾਰਨ ਦਾ ਮਾਮਲਾ ਵਿਚਾਲੇ ਲਟਕਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਾਰਚ
ਚੰਡੀਗੜ੍ਹ ਦੇ ਜੰਕਸ਼ਨ 63 ਤੋਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੱਕ ਘੱਟ ਦੂਰੀ ਵਾਲੀ ਨਵੀਂ ਸੜਕ ਉਸਾਰੀ ਲਈ ਯੂਟੀ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਐਕੁਆਇਰ ਕਰਨ ਦਾ ਮਾਮਲਾ ਚੋਣ ਜ਼ਾਬਤੇ ਕਰ ਕੇ ਲਟਕ ਗਿਆ ਹੈ। ਹੁਣ ਯੂਟੀ ਪ੍ਰਸ਼ਾਸਨ 6 ਜੂਨ ਨੂੰ ਚੋਣ ਜ਼ਾਬਤਾ ਹਟਣ ਉਪਰੰਤ ਹੀ ਇਸ ਬਾਰੇ ਕੋਈ ਫ਼ੈਸਲਾ ਲੈ ਸਕੇਗਾ। ਹਾਲਾਂਕਿ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਇਸ ਪ੍ਰਾਜੈਕਟ ਨੂੰ ਜਲਦੀ ਨੇਪਰੇ ਚਾੜ੍ਹਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਲੋਕਾਂ ਵੱਲੋਂ ਜ਼ਮੀਨਾਂ ਐਕੁਆਇਰ ਕਰਨ ਲਈ ਪ੍ਰਸ਼ਾਸਨ ਦੇ ਫ਼ੈਸਲੇ ’ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਸੀ। ਜ਼ਮੀਨ ਮਾਲਕਾਂ ਵੱਲੋਂ ਇਤਰਾਜ਼ ਦਰਜ ਕਰਵਾਉਣ ਕਰ ਕੇ ਇਹ ਪ੍ਰਾਜੈਕਟ ਲਟਕ ਗਿਆ ਹੈ। ਯੂਟੀ ਪ੍ਰਸ਼ਾਸਨ ਵੱਲੋਂ ਹੁਣ ਜ਼ਮੀਨ ਗ੍ਰਹਿਣ, ਮੁੜ ਵਸੇਬਾ ਅਤੇ ਪੁਨਰਵਾਸ ਐਕਟ, 2013 ਤਹਿਤ ਲੋਕਾਂ ਨੂੰ ਮੁਆਵਜ਼ਾ ਦੇਣ ਬਾਰੇ ਵਿਚਾਰ-ਚਰਚਾ ਕਰ ਰਿਹਾ ਹੈ। ਇਸ ਤਹਿਤ ਲੋਕਾਂ ਨੂੰ ਕੁਲੈਕਟਰ ਰੇਟ ਦੇ ਆਧਾਰ ’ਤੇ ਜ਼ਮੀਨ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਂਦੀ ਹੈ।
ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਤੋਂ ਕੌਮਾਂਤਰੀ ਹਵਾਈ ਅੱਡੇ ਤੱਕ ਘੱਟ ਦੂਰੀ ਵਾਲਾ ਰਾਹ ਤਿਆਰ ਕਰਨ ਲਈ ਸਾਲ-2018 ਦੀ ਨੀਤੀ ਤਹਿਤ ਲੋਕਾਂ ਦੀਆਂ ਜ਼ਮੀਨਾਂ ਐਕੁਆਇਰ ਕਰਨ ਲਈ ਰਣਨੀਤੀ ਤਿਆਰ ਕੀਤੀ ਸੀ, ਪਰ ਉਸ ਦਾ 80 ਜ਼ਮੀਨ ਮਾਲਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਜ਼ਮੀਨ ਮਾਲਕਾਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣਾ ਦੀ ਤਰਜ਼ ’ਤੇ ਲੈਂਡ ਪੂਲਿੰਗ ਨੀਤੀ ਲਿਆਂਦੀ ਜਾਵੇ, ਉਸ ਆਧਾਰ ’ਤੇ ਹੀ ਜ਼ਮੀਨਾਂ ਐਕੁਆਇਰ ਕੀਤੀਆਂ ਜਾਣ। ਜ਼ਿਕਰਯੋਗ ਹੈ ਕਿ ਲੈਂਡ ਪੂਲਿੰਗ ਨੀਤੀ ਅਧੀਨ ਜ਼ਮੀਨ ਮਾਲਕਾਂ ਨੂੰ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਬਦਲੇ ਰਿਹਾਇਸ਼ੀ ਜਾਂ ਵਪਾਰਕ ਜਾਇਦਾਦ ਮੁਹੱਈਆ ਕਰਵਾਈ ਜਾਂਦੀ ਹੈ ਜਦੋਂਕਿ ਪ੍ਰਸ਼ਾਸਨ ਜ਼ਮੀਨ ਬਦਲੇ ਨਗਦੀ ਦੇਣ ’ਤੇ ਲਗਾਤਾਰ ਜ਼ੋਰ ਦੇ ਰਿਹਾ ਹੈ।
ਗ਼ੌਰਤਲਬ ਹੈ ਕਿ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਨਵੰਬਰ 2023 ਵਿੱਚ ਸਾਲ 2018 ਦੀ ਨੈਗੋਸ਼ੀਏਸ਼ਨ ਨੀਤੀ ਤਹਿਤ ਨਿਊ ਏਅਰਪੋਰਟ ਰੋਡ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਲਈ 2.54 ਕਰੋੜ ਰੁਪਏ ਤੋਂ 3.34 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਜ਼ਮੀਨ ਮਾਲਕਾਂ ਨੇ ਯੂਟੀ ਪ੍ਰਸ਼ਾਸਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਵਿੱਚ ਲੈਂਡ ਪੂਲਿੰਗ ਨੀਤੀ ਲਿਆਵੇ ਅਤੇ ਉਸ ਆਧਾਰ ’ਤੇ ਜ਼ਮੀਨਾਂ ਐਕੁਆਇਰ ਕਰੇ। ਉਨ੍ਹਾਂ ਕਿਹਾ ਸੀ ਕਿ ਜੇ ਯੂਟੀ ਪ੍ਰਸ਼ਾਸਨ ਲੋਕਾਂ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਉਨ੍ਹਾਂ ਵੱਲੋਂ ਪ੍ਰਸ਼ਾਸਨ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਪਿੰਡ ਜਗਤਪੁਰਾ ਤੋਂ ਹਵਾਈ ਅੱਡਾ ਤੱਕ 51 ਏਕੜ ਜ਼ਮੀਨ ਐਕੁਆਇਰ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਸ ਨਾਲ ਚੰਡੀਗੜ੍ਹ ਤੋਂ ਹਵਾਈ ਅੱਡੇ ਦੀ ਦੂਰੀ 11.5 ਕਿਲੋਮੀਟਰ ਤੋਂ ਘਟ ਕੇ 3.5 ਕਿਲੋਮੀਟਰ ਰਹਿ ਜਾਵੇਗੀ। ਇਸ ਸੜਕ ਦੀ ਉਸਾਰੀ ਤੋਂ ਬਾਅਦ ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੱਕ ਕਰੀਬ 5 ਮਿੰਟਾਂ ਵਿੱਚ ਹੀ ਪਹੁੰਚਿਆ ਜਾ ਸਕੇਗਾ।

Advertisement

Advertisement
Author Image

sanam grng

View all posts

Advertisement
Advertisement
×