ਕਤਲ ਕਾਂਡ ਦਾ ਮਾਸਟਰਮਾਈਂਡ ਹਵਾਈ ਅੱਡੇ ਤੋਂ ਕਾਬੂ
ਹਤਿੰਦਰ ਮਹਿਤਾ
ਜਲੰਧਰ, 24 ਅਕਤੂਬਰ
ਦਿਹਾਤੀ ਪੁਲੀਸ ਨੇ ਭੋਗਪੁਰ ਕਤਲ ਕਾਂਡ ਦੇ ਮਾਸਟਰਮਾਈਂਡ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਨੂੰ ਦੁਬਈ ਭੱਜਣ ਦੀ ਕੋਸ਼ਿਸ਼ ਕਰਦਿਆਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਰੁਣ ਕੁਮਾਰ ਉਰਫ਼ ਅਰੂ (ਮਾਸਟਰ ਮਾਈਂਡ) ਵਾਸੀ ਵਾਰਡ ਨੰਬਰ 6, ਗੁਰੂ ਨਾਨਕ ਨਗਰ, ਮਨਦੀਪ ਕੁਮਾਰ ਉਰਫ ਮਨੀ ਵਾਸੀ ਗੁਰੂ ਨਾਨਕ ਨਗਰ ਭੋਗਪੁਰ ਅਤੇ ਰਣਜੀਤ ਕੁਮਾਰ ਉਰਫ਼ ਕਾਕਾ ਬਈਆ, ਵਾਸੀ ਨਵੀਂ ਅਬਾਦੀ ਭੋਗਪੁਰ ਵਜੋਂ ਹੋਈ ਹੈ।
ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 22 ਸਤੰਬਰ ਨੂੰ ਭੋਗਪੁਰ ਦੇ ਮੋਗਾ ਗੇਟ ਨੇੜੇ ਜਸਪਾਲ ਸਿੰਘ ਉਰਫ਼ ਸ਼ਾਲੂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਮੁੱਖ ਮੁਲਜ਼ਮ ਨੂੰ ਹਵਾਈ ਅੱਡੇ ’ਤੇ ਕਾਬੂ ਕਰਨ ਤੋਂ ਪਹਿਲਾਂ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਇਸ ਦੇ ਸਾਥੀਆਂ ਨੂੰ ਕਾਬੂ ਕੀਤਾ। ਪੁੱਛ-ਗਿੱਛ ਦੌਰਾਨ ਮੁੱਖ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਕਤਲ ਨਿੱਜੀ ਰੰਜਿਸ਼ ਕਰਕੇ ਕੀਤਾ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਇਨ੍ਹਾਂ ਦੇ ਤਿੰਨ ਸਾਥੀਆਂ ਰਵੀ ਕੁਮਾਰ ਉਰਫ਼ ਰਵੀ ਵਾਸੀ ਗਹਿਲੜਾ, ਗੁਰਜੀਤ ਸਿੰਘ ਉਰਫ ਗੁਰਜੀ ਵਾਸੀ ਬਿਨਪਾਲਕੇ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਇਨ੍ਹਾਂ ਕੋਲੋਂ 32 ਬੋਰ ਦਾ ਪਿਸਤੌਲ ਅਤੇ 315 ਬੋਰ ਦਾ ਦੇਸੀ ਪਿਸਤੌਲ ਬਰਾਮਦ ਕੀਤਾ ਸੀ। ਮਗਰੋਂ ਰਣਜੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ 32 ਬੋਰ ਦੇ ਤਿੰਨ ਪਿਸਤੌਲ ਅਤੇ ਛੇ ਰੌਂਦ ਵੀ ਬਰਾਮਦ ਕੀਤੇ ਹਨ। ਪੁਲੀਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਸੌਰਵਦੀਪ ਸਿੰਘ ਉਰਫ਼ ਸੌਰਵ ਕੋਲੋਂ ਬਰਾਮਦ ਕੀਤਾ ਸੀ।