ਨਕਾਬਪੋਸ਼ਾਂ ਨੇ ਨੌਜਵਾਨ ਤੋਂ ਮੋਟਰਸਾਈਕਲ ਖੋਹਿਆ
ਪੱਤਰ ਪ੍ਰੇਰਕ
ਰਤੀਆ, 3 ਜੂਨ
ਪਿੰਡ ਰੱਤਾਖੇੜਾ ਦੇ ਬੱਸ ਅੱਡੇ ’ਤੇ ਨਕਾਬਪੋਸ਼ ਨੌਜਵਾਨ ਖੇਤ ਵਿੱਚ ਟਿਊਬਵੈੱਲ ਦੀ ਮੋਟਰ ਚਲਾ ਕੇ ਆ ਰਹੇ ਨੌਜਵਾਨ ਤੋਂ ਜ਼ਬਰਦਸਤੀ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਮੋਟਰਸਾਈਕਲ ਖੋਹਣ ਵਾਲੇ ਇਕ ਨੌਜਵਾਨ ਦੀ ਪਛਾਣ ਹੋਣ ’ਤੇ ਲੋਕਾਂ ਨੇ ਪੁਲੀਸ ਦੇ ਸਹਿਯੋਗ ਨਾਲ ਇੱਕ ਨੌਜਵਾਨ ਨੂੰ ਫੜ ਲਿਆ। ਇਸ ਸਬੰਧੀ ਸ਼ਹਿਰ ਦੇ ਥਾਣੇ ਪਹੁੰਚੇ ਪਿੰਡ ਰੱਤਾਖੇੜਾ ਵਾਸੀਆਂ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਪਿੰਡ ਦਾ ਰਾਜੇਸ਼ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਬਿਜਲੀ ਦੀ ਸਪਲਾਈ ਆਉਣ ਕਾਰਨ ਖੇਤ ਵਿੱਚ ਪਾਣੀ ਲਗਾਉਣ ਲਈ ਟਿਊਬਵੈੱਲ ਚਲਾਉਣ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੋਟਰ ਚਲਾ ਕੇ ਘਰ ਵਾਪਸ ਆ ਰਿਹਾ ਸੀ ਤਾਂ ਬੱਸ ਅੱਡੇ ਕੋਲ ਹੀ ਕੁੱਝ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਪੀੜਤ ਨੇ ਸਬੰਧਤ ਨੌਜਵਾਨਾਂ ਵਿੱਚੋਂ ਪਿੰਡ ਦੇ ਇਕ ਨੌਜਵਾਨ ਬਿੰਦਰ ਨੂੰ ਪਛਾਣ ਲਿਆ।
ਪਰਿਵਾਰ ਦੇ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ। ਲੋਕਾਂ ਨੇ ਪੁਲੀਸ ਦੀ ਮੌਜੂਦਗੀ ਵਿੱਚ ਹੀ ਸਬੰਧਤ ਬਿੰਦਰ ਦੇ ਘਰ ਛਾਪਾ ਮਾਰਿਆ ਤਾਂ ਉਥੋਂ ਖੋਹਿਆ ਮੋਟਰਸਾਈਕਲ ਬਰਾਮਦ ਹੋਇਆ। ਇਸ ਦੌਰਾਨ ਲੋਕਾਂ ਨੇ ਬਿੰਦਰ ਨੂੰ ਵੀ ਪੁਲੀਸ ਹਵਾਲੇ ਕਰ ਦਿੱਤਾ। ਸ਼ਹਿਰ ਥਾਣਾ ਇੰਚਾਰਜ ਜੈ ਸਿੰਘ ਨੇ ਦੱਸਿਆ ਕਿ ਸਵੇਰੇ ਪਿੰਡ ਰੱਤਾਖੇੜਾ ਕੋਲ ਮੋਟਰਸਾਈਕਲ ਖੋਹਣ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਨੌਜਵਾਨ ਤੋਂ ਹੋਰ ਸਹਿਯੋਗੀ ਨੌਜਵਾਨਾਂ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।