ਪੁਲੀਸ ਮੁਲਾਜ਼ਮਾਂ ਦੀਆਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ: ਐੱਸਐੱਸਪੀ
ਰਵਿੰਦਰ ਰਵੀ
ਬਰਨਾਲਾ, 22 ਅਕਤੂਬਰ
ਦੇਸ਼ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲੀਸ ਜਵਾਨਾਂ ਬਦੌਲਤ ਅੱਜ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ ਅਤੇ ਦੇਸ਼ ’ਚ ਅਮਨ-ਸ਼ਾਂਤੀ ਕਾਇਮ ਹੈ। ਇਹ ਗੱਲਾਂ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਜ਼ਿਲ੍ਹਾ ਪੱਧਰੀ ‘ਪੁਲੀਸ ਸ਼ਹੀਦੀ ਦਿਵਸ’ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦਾ ਇਤਿਹਾਸ ਗੌਰਵਮਈ ਅਤੇ ਸ਼ਾਨਾਮੱਤਾ ਹੈ, ਜਿਸ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸ਼ਹੀਦ ਹੋਏ ਪਰਿਵਾਰਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਈਏ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੀਏ। ਇਸ ਮੌਕੇ ਸੋਗ ਪਰੇਡ ਦੀ ਕਮਾਂਡ ਡੀਐੱਸਪੀ ਸਤਵੀਰ ਸਿੰਘ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਬੀਐੱਸ ਤੇਜੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਸ਼ਹੀਦ ਪੁਲੀਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਜੇਐੱਮ ਮੁਨੀਸ਼ ਗਰਗ, ਐੱਸਡੀਐੱਮ ਹਰਕੰਵਲ ਜੀਤ ਸਿੰਘ, ਐੱਸਪੀ (ਐੱਚ) ਸੌਰਵ ਜਿੰਦਲ, ਐੱਸਪੀ (ਡੀ) ਸੰਦੀਪ ਸਿੰਘ, ਡੀਐੱਸਪੀ (ਐੱਚ) ਪਰਮਜੀਤ ਸਿੰਘ, ਡੀਐੱਸਪੀ (ਸਪੈਸ਼ਲ ਬ੍ਰਾਂਚ) ਬਲਜੀਤ ਸਿੰਘ, ਡੀਐੱਸਪੀ (ਡੀ) ਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।