ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਵਾਰੀਖ ਦੇ ਬਚਨਾਂ ਨੂੰ ਦੁਹਰਾਉਣ ਵਾਲਾ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ

07:29 AM Oct 30, 2024 IST

ਨਵਜੋਤ ਸਿੰਘ

Advertisement

ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਗਏ ਨਿਰਮਲ ਪੰਥ ਦੇ ਪਾਂਧੀਆਂ ਨੂੰ ਮੁੱਢ ਕਦੀਮ ਤੋਂ ਹੀ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ। ਜਦੋਂ ਜਦੋਂ ਵੀ ਸੱਚ ਅੰਗੜਾਈ ਲੈਂਦਾ ਹੈ ਤਾਂ ਝੂਠ ਨੂੰ ਕੰਬਣੀ ਛਿੜਦੀ ਹੀ ਹੈ, ਝੂਠ ਡਰਦਾ ਹੈ, ਘਬਰਾਇਆ ਹੋਇਆ ਝੂਠ, ਸੱਚ ਨੂੰ ਕੁਚਲਣ ਲਈ ਕਈ ਤਰ੍ਹਾਂ ਦੀਆਂ ਜੁਗਤਾਂ ਅਪਣਾਉਂਦਾ ਹੈ ਪਰ ਹਕੀਕਤ ਇਹ ਹੈ ਕਿ ਸੱਚ ਸਦੀਵੀ ਤੇ ਅਡੋਲ ਹੈ ਅਤੇ ਸੱਚ ਦੇ ਮਾਰਗ ਦਾ ਪਾਂਧੀ ਵੀ ਅਡੋਲਤਾ ਦੇ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਹੈ। ਉਸ ਨੂੰ ਫਿਰ ਤੱਤੀਆਂ ਤਵੀਆਂ, ਰੰਬੀਆਂ, ਚਰਖੜੀਆਂ, ਤਪਦੀਆਂ ਦੇਗਾਂ, ਤੇਗਾਂ ਆਦਿ ਵੀ ਸਿਦਕ ਤੋਂ ਡੁਲਾ ਨਹੀਂ ਪਾਉਂਦੀਆਂ। ਸਮੇਂ-ਸਮੇਂ ’ਤੇ ਕਈ ਹੁਕਮਰਾਨ ਆਏ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਬੁਲੰਦ ਕੀਤੀ ਗਈ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਜ਼ੋਰ ਲਾਇਆ ਪਰ ਇਹ ਸੱਚ ਦੀ ਆਵਾਜ਼ ਖ਼ਤਮ ਹੋਣ ਦੀ ਬਜਾਏ ਹੋਰ ਬੁਲੰਦ ਹੁੰਦੀ ਗਈ। 18ਵੀਂ ਸਦੀ ਦਾ ਉਹ ਸਮਾਂ ਜਦੋਂ ਹਕੂਮਤ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇ ਨਿਸ਼ਚੇ ਨੂੰ ਦ੍ਰਿੜ੍ਹਤਾ ਨਾਲ ਪੂਰਾ ਕਰਨ ਲਈ ਸਰਗਰਮ ਹੋ ਚੁੱਕੀ ਸੀ ਤਾਂ ਸਿੰਘਾਂ ਦੇ ਸਿਰਾਂ ਦੇ ਮੁੱਲ ਲਗਾ ਦਿੱਤੇ ਗਏ, ਐਲਾਨ ਕੀਤਾ ਗਿਆ ਕਿ ਜਿੱਥੇ ਵੀ ਸਿੱਖ ਮਿਲਦਾ ਹੈ. ਉਸ ਨੂੰ ਕਤਲ ਕਰ ਦਿੱਤਾ ਜਾਵੇ। ਇਸ ਬਦਲੇ ਉਨ੍ਹਾਂ ਨੂੰ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਭਾਈ ਰਤਨ ਸਿੰਘ ਭੰਗੂ ਅਨੁਸਾਰ:
ਟੋਲ ਟੋਲ ਸਿੰਘਨ ਕੋ ਮਾਰੇ।
ਜੈਸੇ ਮਾਰੇ ਟੋਲ ਸ਼ਿਕਾਰੇ।
ਜੋ ਸਿੰਘਨ ਕੋ ਆਣ ਬਤਾਵੇ।
ਤੁਰਤ ਅਨਾਮ ਸੁ ਤਾਹਿ ਦਿਵਾਵੈ।
ਹਕੂਮਤ ਨੇ ਐਲਾਨ ਕੀਤਾ ਸੀ ਕਿ ਜੇ ਕੋਈ ਸਿੰਘਾਂ ਦਾ ਕਤਲ ਕਰ ਦਿੰਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਵੀ ਸਜ਼ਾ ਨਹੀਂ ਦਿੱਤੀ ਜਾਵੇਗੀ ਬਲਕਿ ਉਸ ਨੂੰ ਇਨਾਮ ਦਿੱਤੇ ਜਾਣਗੇ:
ਸਿੰਘਨ ਖ਼ੂਨ ਮਾਫ਼ ਹਮ ਕੀਨੇ।
ਜਿਤ ਲਭੇ ਤਿਤ ਮਾਰੋ ਚੀਨੇ।
ਪਰ ਅਸਚਰਜਤਾ ਵਾਲੀ ਗੱਲ ਇਹ ਸੀ ਕਿ ਵੈਰੀ ਵੱਲੋਂ ਕੀਤੇ ਜਾ ਰਹੇ ਤਸ਼ੱਦਦਾਂ ਦੇ ਫਲਸਰੂਪ ਵੀ ਸਿੱਖ ਹੋਰ ਚੜ੍ਹਦੀ ਕਲਾ ਵੱਲ ਵਧ ਰਹੇ ਸਨ। ਕੇਸਰ ਸਿੰਘ ਛਿੱਬਰ ਅਨੁਸਾਰ:
ਲੱਖ ਹਜ਼ਾਰ ਸਿੱਖ ਤੁਰਕਾਂ ਖਪਾਏ।
ਪਰ ਪੰਥ ਡਾਹਢੇ ਪੁਰਖ ਦਾ ਵਧਦਾ ਹੀ ਜਾਏ।
ਜਦੋਂ ਨਾਦਰ ਸ਼ਾਹ ਨੇ ਜ਼ਕਰੀਆਂ ਖਾਂ ਪਾਸੋਂ ਸਿੱਖਾਂ ਦੀ ਅਡੋਲਤਾ ਦਾ ਕਾਰਨ ਪੁੱਛਿਆ ਤਾਂ ਜ਼ਕਰੀਆ ਖਾਂ ਨੇ ਸਭ ਤੋਂ ਵੱਡਾ ਕਾਰਨ ‘ਸਿੱਖ ਸਿੱਖ ਪੈ ਵਾਰਤ ਪਰਾਨ’ ਦੱਸਿਆ। ਭਾਈ ਰਤਨ ਸਿੰਘ ਭੰਗੂ ਅਨੁਸਾਰ ਜ਼ਕਰੀਆ ਖਾਂ ਨੇ ਸਿੱਖਾਂ ਦੇ ਖ਼ਤਮ ਨਾ ਹੋਣ ਦਾ ਕਾਰਨ ਸਿੱਖਾਂ ਦੇ ਆਪਸੀ ਪਿਆਰ ਅਤੇ ਇਤਫਾਕ ਨੂੰ ਬਿਆਨਿਆ।
ਅਸੀਂ ਜਿਸ ਮਹਾਨ ਸਾਕੇ ਦੀ ਬਾਤ ਪਾਉਣੀ ਹੈ, ਇਹ ਸਾਕਾ ਵੀ ਸਿੱਖਾਂ ਦੇ ਆਪਸੀ ਗੂੜ੍ਹੇ ਪਿਆਰ ਤੇ ਇਤਫਾਕ ਦੀ ਮਿਸਾਲ ਨੂੰ ਪੇਸ਼ ਕਰਦਾ ਹੈ। ਸਿੱਖ, ਸਿੱਖ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਦੇ ਲਈ ਹੱਸ-ਹੱਸ ਕੇ ਆਪਾ ਵਾਰ ਦਿੰਦਾ ਹੈ। ਸਾਕਾ ਪੰਜਾ ਸਾਹਿਬ ਦਾ ਸਬੰਧ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਆਰੰਭ ਹੋਏ ਗੁਰੂ ਕੇ ਬਾਗ਼ ਦੇ ਮੋਰਚੇ ਨਾਲ ਜੁੜਦਾ ਹੈ। ਇਹ ਮੋਰਚਾ ਸਿੱਖਾਂ ਵੱਲੋਂ 22 ਅਗਸਤ 1922 ਈਸਵੀ ਨੂੰ ਗੁਰਦੁਆਰਾ ਗੁਰੂ ਕੇ ਬਾਗ ਦੇ ਬਦਇਖਲਾਕੀ ਮਹੰਤ ਸੁੰਦਰ ਦਾਸ ਅਤੇ ਸਰਕਾਰ ਦੀਆਂ ਬਦਨੀਤੀਆਂ ਦੇ ਵਿਰੋਧ ਵਿੱਚ ਲਾਇਆ ਗਿਆ ਸੀ। ਸਰਕਾਰ ਵੱਲੋਂ ਇਸ ਮੋਰਚੇ ਨੂੰ ਖ਼ਤਮ ਕਰਨ ਲਈ ਮੋਰਚੇ ਵਿਚ ਭਾਗੀਦਾਰ ਸਿੱਖਾਂ ’ਤੇ ਅੰਤਾਂ ਦਾ ਤਸ਼ੱਦਦ ਕੀਤਾ ਜਾਂਦਾ ਅਤੇ ਬਾਅਦ ਵਿਚ ਇਨ੍ਹਾਂ ਨੂੰ ਬੰਦੀ ਬਣਾ ਕੇ ਅਟਕ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ। 30 ਅਕਤੂਬਰ 1922 ਈ. ਨੂੰ ਗੁਰਦੁਆਰਾ ਗੁਰੂ ਕੇ ਬਾਗ ਮੋਰਚੇ ਤੋਂ ਗ੍ਰਿਫ਼ਤਾਰ ਕੀਤੇ ਸਿੱਖਾਂ ਨਾਲ ਭਰੀ ਰੇਲਗੱਡੀ ਨੇ ਸਿੱਖਾਂ ਨੂੰ ਅਟਕ ਪਹੁੰਚਾਉਣ ਲਈ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਨੂੰ ਪੈਂਦੇ ਸਟੇਸ਼ਨ ਹਸਨ ਅਬਦਾਲ ਤੋਂ ਲੰਘਣਾ ਸੀ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਸੰਗਤ ਨੂੰ ਜਦੋਂ ਪਤਾ ਲੱਗਾ ਕਿ ਹਕੂਮਤ ਕਈ ਦਿਨਾਂ ਤੋਂ ਭੁੱਖੇ ਸਿੱਖਾਂ ਨੂੰ ਗੱਡੀ ਰਾਹੀਂ ਅਟਕ ਲੈ ਕੇ ਜਾ ਰਹੀ ਹੈ, ਤਾਂ ਉਥੋਂ ਦੀ ਸੰਗਤ ਹਸਨ ਅਬਦਾਲ ਦੇ ਸਟੇਸ਼ਨ ’ਤੇ ਸਿੱਖਾਂ ਨੂੰ ਲੰਗਰ ਛਕਾਉਣ ਲਈ ਪ੍ਰਸ਼ਾਦਾ ਤਿਆਰ ਕਰ ਕੇ ਲੈ ਆਈ। ਸਟੇਸ਼ਨ ਮਾਸਟਰ ਨੇ ਦੱਸਿਆ ਕਿ ਗੱਡੀ ਸਿੱਧੀ ਅਟਕ ਜਾਵੇਗੀ, ਰਸਤੇ ਵਿੱਚ ਕਿਤੇ ਨਹੀਂ ਰੁਕੇਗੀ। ਇਹ ਸੁਣ ਕੇ ਸੰਗਤ ਨਿਰਾਸ਼ ਹੋ ਗਈ ਪਰ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਬੜੇ ਨਿਸ਼ਚੇ ਨਾਲ ਸੰਗਤ ਨੂੰ ਕਿਹਾ, ‘ਗੱਡੀ ਜ਼ਰੂਰ ਖੜ੍ਹੀ ਹੋਵੇਗੀ। ਅਸੀਂ ਆਪਣੇ ਵੀਰਾਂ ਨੂੰ ਪ੍ਰਸ਼ਾਦਾ ਛਕਾ ਕੇ ਹੀ ਅੱਗੇ ਜਾਣ ਦੇਵਾਂਗੇ।’
ਦੋਵਾਂ ਸਿੰਘਾਂ ਨੇ ਗੁਰੂ ਚਰਨਾਂ ਵਿਚ ਅਰਦਾਸ ਕਰਕੇ ਗੱਡੀ ਰੋਕਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ। ਜਦੋਂ ਗੱਡੀ ਰਾਵਲਪਿੰਡੀ ਤੋਂ ਚੱਲ ਕੇ ਹਸਨ ਅਬਦਾਲ ਸਟੇਸ਼ਨ ਕੋਲ ਪੁੱਜੀ ਤਾਂ ਸੰਗਤ ਸਮੇਤ ਇਹ ਦੋਵੇਂ ਸਿੰਘ ਰੇਲਵੇ ਲਾਈਨ ’ਤੇ ਬੈਠ ਗਏ। ਗੱਡੀ ਦੇ ਡਰਾਈਵਰ ਨੇ ਜਦੋਂ ਸਾਹਮਣੇ ਸੰਗਤ ਬੈਠੀ ਦੇਖੀ ਤਾਂ ਉਸ ਨੇ ਕਈ ਹਾਰਨ ਵਜਾਏ ਪਰ ਸੰਗਤ ਅਡੋਲ ਬੈਠੀ ਰਹੀ। ਸਭ ਤੋਂ ਅੱਗੇ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਲੇਟੇ ਹੋਏ ਸਨ। ਗੱਡੀ ਦਾ ਇੰਜਣ ਦੋਹਾਂ ਸਿਦਕੀ ਸਿੰਘਾਂ ਦੇ ਸਰੀਰਾਂ ਤੋਂ ਲੰਘ ਗਿਆ। ਰੇਲ ਦੇ ਤੇਜ਼ ਪਹੀਆਂ ਵਿੱਚ ਫਸ ਕੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੇ ਸਰੀਰ ਪਿੰਜੇ ਗਏ, ਗੱਡੀ ਖੜ੍ਹ ਗਈ। ਰੇਲਵੇ ਲਾਈਨ ’ਤੇ ਨਾਲ ਬੈਠੇ ਸਿੰਘਾਂ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ। ਜਦ ਸੰਗਤ ਨੇ ਸਿਸਕ ਰਹੇ ਦੋਵਾਂ ਸਿੰਘਾਂ ਦੀ ਸਾਂਭ-ਸੰਭਾਲ ਕਰਨੀ ਚਾਹੀ ਤਾਂ ਦੋਵਾਂ ਨੇ ਕਿਹਾ, ‘ਪਹਿਲਾਂ ਗੱਡੀ ਵਿੱਚ ਬੈਠੇ ਵੀਰਾਂ ਦੀ ਸੇਵਾ ਕਰ ਲਵੋ, ਫਿਰ ਸਾਡੀ ਸੰਭਾਲ ਕਰ ਲੈਣੀ।’ ਸਿੰਘਾਂ ਦੀ ਇੱਛਾ ਮੁਤਾਬਕ ਸੰਗਤ ਨੇ ਗੱਡੀ ’ਚ ਜਾ ਰਹੇ ਸਿੰਘਾਂ ਨੂੰ ਪ੍ਰਸ਼ਾਦਾ ਵਰਤਾਇਆ। ਇਸ ਤੋਂ ਬਾਅਦ ਗੱਡੀ ਅਟਕ ਵੱਲ ਨੂੰ ਰਵਾਨਾ ਹੋ ਗਈ ਤੇ ਗੁਰਦੁਆਰਾ ਪੰਜਾ ਸਾਹਿਬ ਦੀ ਸਮੂਹ ਸੰਗਤ ਨੇ ਦੋਹਾ ਸਿੰਘਾਂ ਦੇ ਸਰੀਰਾਂ ਨੂੰ ਜ਼ਖਮੀ ਹਾਲਤ ਵਿਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲਿਆਂਦਾ, ਜਿੱਥੇ ਦੋਵੇਂ ਸੂਰਬੀਰ ਗੁਰੂ ਕੇ ਲਾਲ ਸ਼ਹਾਦਤ ਦਾ ਜਾਮ ਪੀ ਗਏ। ਦੋਵਾਂ ਸਿੰਘਾਂ ਦੇ ਸਸਕਾਰ ਵੇਲੇ ਵੱਡੀ ਗਿਣਤੀ ਸੰਗਤ ਰਾਵਲਪਿੰਡੀ ਪੁੱਜੀ।
ਇਸ ਤਰ੍ਹਾਂ ਇਨ੍ਹਾਂ ਸੂਰਬੀਰ ਯੋਧਿਆਂ ਨੇ ਅਠਾਰ੍ਹਵੀਂ ਸਦੀ ਦੇ ਉਹ ਬਚਨ ‘ਸਿੱਖ ਸਿੱਖ ਪੈ ਵਾਰਤ ਪਰਾਨ’ ਦੁਬਾਰਾ ਤੋਂ ਦੁਹਰਾ ਦਿੱਤੇ। ਅੱਜ ਸਿੱਖ-ਸਿੱਖ ਵਿੱਚ ਘਟ ਰਹੇ ਇਤਫਾਕ ਅਤੇ ਪਿਆਰ ਦੀ ਭਾਵਨਾ ਨੂੰ ਇਸ ਸਾਕੇ ਤੋਂ ਸੇਧ ਲੈ ਕੇ ਦੁਬਾਰਾ ਸੁਰਜੀਤ ਕਰਨ ਦੀ ਲੋੜ ਹੈ।
ਸੰਪਰਕ: 84379-23269

Advertisement
Advertisement