For the best experience, open
https://m.punjabitribuneonline.com
on your mobile browser.
Advertisement

ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ

06:24 AM Feb 21, 2024 IST
ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ
Advertisement

ਡਾ. ਚਰਨਜੀਤ ਸਿੰਘ ਗੁਮਟਾਲਾ

Advertisement

ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਸਿੱਖਾਂ ਲਈ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ। ਰਾਇ ਬੁਲਾਰ ਭੱਟੀ ਵੱਲੋਂ ਗੁਰਦੁਆਰੇ ਦੇ ਨਾਮ ਲਾਈ ਗਈ 19 ਹਜ਼ਾਰ ਏਕੜ ਦੀ ਜਗੀਰ ਤੋਂ 1920-21 ਵਿੱਚ ਇੱਕ ਲੱਖ ਰੁਪਏ ਤੋਂ ਵੱਧ ਜ਼ਮੀਨ ਦਾ ਠੇਕਾ ਆਉਂਦਾ ਸੀ ਤੇ ਲੱਖਾਂ ਰੁਪਏ ਚੜ੍ਹਾਵਾ ਚੜ੍ਹਦਾ ਸੀ। ਇਸ ਸਥਾਨ ਦਾ ਕੰਟਰੋਲ ਮਹੰਤ ਨਾਰਾਇਣ ਦਾਸ ਉਦਾਸੀ ਕੋਲ ਸੀ। ਉਸ ਸਮੇਂ ਮਹੰਤ ਨੇ ਇਸ ਗੁਰਦੁਆਰੇ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਸੀ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ’ਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ ਜੋ ਸ਼ਰਾਬ ਪੀਣ ਦਾ ਆਦੀ ਸੀ। ਉਹ ਛੇਤੀ ਹੀ ਮਾਰੂ ਰੋਗ ਦਾ ਸ਼ਿਕਾਰ ਹੋ ਕੇ ਮਰ ਗਿਆ। ਉਸ ਦੀ ਮੌਤ ਪਿੱਛੋਂ ਮਹੰਤ ਨਾਰਾਇਣ ਦਾਸ ਗੱਦੀ ’ਤੇ ਬੈਠਿਆ। ਉਸ ਨੇੇ ਅੰਗਰੇਜ਼ ਮੈਜਿਸਟਰੇਟ ਦੇ ਸਾਹਮਣੇ ਸਿੱਖ ਸੰਗਤ ਨਾਲ ਵਾਅਦਾ ਕੀਤਾ ਕਿ ਉਹ ਪਹਿਲੇ ਮਹੰਤ ਦੇ ਕੁਕਰਮ ਛੱਡ ਦੇਵੇਗਾ ਪਰ ਉਸ ਨੇ ਇਹ ਬਚਨ ਛੇਤੀ ਹੀ ਭੰਗ ਕਰ ਦਿੱਤੇ ਅਤੇ ਮੁੜ ਪਹਿਲੇ ਮਹੰਤਾਂ ਦੇ ਪੂਰਨਿਆਂ ’ਤੇ ਹੀ ਤੁਰਨ ਲੱਗ ਪਿਆ। ਸਭ ਤੋਂ ਮਾੜੀ ਗੱਲ ਇਹ ਹੋਈ ਕਿ ਜਨਮ ਅਸਥਾਨ ਅੰਦਰ ਨਾਚ ਕਰਵਾਏ ਜਾਣ ਲੱਗੇ। 1918 ਈ. ਵਿਚ ਗੁਰਦੁਆਰੇ ਦੇ ਦਰਸ਼ਨਾਂ ਲਈ ਆਏ ਸੇਵਾਮੁਕਤ ਈਏਸੀ ਦੀ 13 ਸਾਲ ਦੀ ਪੁੱਤਰੀ ਅਤੇ ਜੜ੍ਹਾਂਵਾਲਾ (ਲਾਇਲਪੁਰ) ਦੀਆਂ ਛੇ ਬੀਬੀਆਂ ਦੀ ਪੁਜਾਰੀਆਂ ਨੇ ਪੱਤ ਲੁੱਟੀ।
ਸਿੰਘ ਸਭਾਵਾਂ ਤੇ ਸੰਗਤ ਨੇ ਸਰਕਾਰ ਨੂੰ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਮਤੇ ਪਾਸ ਕਰ ਕੇ ਭੇਜੇ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੋਵਾਲ ਨਗਰ ਇੱਕ ਭਰਵੇਂ ਇਕੱਠ ਵਿਚ ਮਤਾ ਪਾਸ ਕਰ ਕੇ ਮਹੰਤ ਨਾਰਾਇਣ ਦਾਸ ਨੂੰ ਸੁਧਾਰ ਕਰਨ ਲਈ ਆਖਿਆ ਗਿਆ ਪਰ ਮਹੰਤ ਨੇ ਕਿਸੇ ਦੀ ਨਾ ਮੰਨੀ। ਉਹ ਸਿੱਖਾਂ ਤੋਂ ਆਕੀ ਹੋ ਗਿਆ ਤੇ ਗੁਰਦੁਆਰਾ ਸੁਧਾਰ ਲਹਿਰ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਕਰਨ ਲੱਗਾ। ਉਸ ਨੇ ਗੁਰਦੁਆਰੇ ਅੰਦਰ ਛਵ੍ਹੀਆਂ, ਕੁਹਾੜੇ, ਟਕੂਏ ਆਦਿ ਹਥਿਆਰ ਬਣਾਉਣ ਲਈ ਭੱਠੀਆਂ ਚਾਲੂ ਕਰ ਦਿੱਤੀਆਂ। ਉਸ ਨੇ ਗੁਰਦੁਆਰੇ ਦੀ ਪੂਰੀ ਤਰ੍ਹਾਂ ਕਿਲ੍ਹਾਬੰਦੀ ਕਰ ਲਈ। ਲਾਹੌਰ ਡਵੀਜ਼ਨ ਦੇ ਕਮਿਸ਼ਨਰ ਸੀ. ਐੱਮ. ਕਿੰਗ ਨੇ ਉਸ ਨੂੰ ਭਰੋਸਾ ਦਿੱਤਾ ਕਿ ਜੇ ਅਕਾਲੀਆਂ ਨੇ ਗੁਰਦੁਆਰੇ ’ਤੇ ਧਾਵਾ ਬੋਲਿਆ ਤਾਂ ਉਸ ਦੀ ਸਹਾਇਤਾ ਕੀਤੀ ਜਾਵੇਗੀ। ਉਸ ਦੇ ਸਾਥੀ ਮਹੰਤਾਂ ਨੇ ਵੀ ਉਸ ਨੂੰ ਸਲਾਹ ਦਿੱਤੀ ਕਿ ਜੇ ਅਕਾਲੀ ਗੁਰਦੁਆਰੇ ਦਾ ਕਬਜ਼ਾ ਲੈਣ ਆਉਣ ਤਾਂ ਉਹ ਬਿਨਾ ਝਿਜਕ ਉਨ੍ਹਾਂ ਨੂੰ ਮਾਰ ਕੇ ਸਾੜ ਫੂਕ ਦੇਵੇ।
ਮਹੰਤ ਦੀਆਂ ਯੋਜਨਾਵਾਂ ਦਾ ਅਕਾਲੀਆਂ ਨੂੰ ਪਤਾ ਲੱਗ ਗਿਆ, ਜਿਨ੍ਹਾਂ ਨੇ ਜਥਿਆਂ ਨੂੰ ਨਨਕਾਣੇ ਜਾਣ ਅਤੇ ਮਹੰਤ ਦੀ ਕੁੜਿੱਕੀ ਵਿਚ ਫਸਣ ਤੋਂ ਬਚਣ ਲਈ ਸਿਰ ਤੋੜ ਯਤਨ ਸ਼ੁਰੂ ਕੀਤੇ। ਇਸ ਮਕਸਦ ਲਈ ਹਰਚੰਦ ਸਿੰਘ, ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਨੂੰ ਨਨਕਾਣਾ ਸਾਹਿਬ ਭੇਜਿਆ ਤਾਂ ਜੋ ਉਹ ਜਥਿਆਂ ਨੂੰ ਜਨਮ ਅਸਥਾਨ ਵੱਲ ਜਾਣ ਤੋਂ ਰੋਕਣ। ਇਹ ਆਗੂ 19 ਫ਼ਰਵਰੀ 1921 ਨੂੰ ਨਨਕਾਣਾ ਸਾਹਿਬ ਪਹੁੰਚੇ ਅਤੇ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ, ਜਸਵੰਤ ਸਿੰਘ ਝਬਾਲ ਅਤੇ ਦਲੀਪ ਸਿੰਘ ਉਨ੍ਹਾਂ ਨਾਲ ਆ ਸ਼ਾਮਲ ਹੋਏ। ਇਥੋਂ ਇਨ੍ਹਾਂ ਨੇ ਸਲਾਹ ਕਰ ਕੇ ਦਲੀਪ ਸਿੰਘ ਤੇ ਜਸਵੰਤ ਸਿੰਘ ਨੂੰ ਖਰਾ ਸੌਦਾ ਭੇਜਿਆ ਕਿ ਉਹ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲਣ ਅਤੇ ਨਨਕਾਣਾ ਸਾਹਿਬ ’ਤੇ ਕਬਜ਼ਾ ਕਰਨ ਦੀ ਉਸ ਦੀ ਯੋਜਨਾ ਨੂੰ ਤਿਆਗ ਦੇਣ ਵਾਸਤੇ ਪ੍ਰੇਰਨ। ਝੱਬਰ ਨੂੰ ਸੂਚਨਾ ਦੇਣ ਪਿੱਛੋਂ ਦਲੀਪ ਸਿੰਘ, ਭਾਈ ਲਛਮਣ ਸਿੰਘ ਨੂੰ ਸੂਚਨਾ ਦੇਣ ਲਈ ਸੁੰਦਰ ਕੋਟ ਰਵਾਨਾ ਹੋਏ ਕਿ ਉਹ ਯੋਜਨਾ ਅਨੁਸਾਰ ਨਨਕਾਣਾ ਸਾਹਿਬ ਨਾ ਜਾਣ। ਬਾਅਦ ਵਿੱਚ ਪਤਾ ਲੱਗਾ ਕਿ ਭਾਈ ਲਛਮਣ ਸਿੰਘ ਤੇ ਉਸ ਦਾ ਜਥਾ ਪਹਿਲਾਂ ਹੀ ਉੱਥੋਂ ਜਾ ਚੁੱਕੇ ਹਨ।
ਭਾਈ ਲਛਮਣ ਸਿੰਘ ਆਪਣੇ ਪਿੰਡੋਂ ਕੁਝ ਅਕਾਲੀ ਹੋਰ ਨਾਲ ਲੈ ਕੇ 19 ਫ਼ਰਵਰੀ 1921 ਦੀ ਸ਼ਾਮ ਨੂੰ ਤੁਰੇ। ਰਸਤੇ ਵਿਚ ਕੁਛ ਹੋਰ ਅਕਾਲੀ ਰਲ ਗਏ ਜਿਸ ਨਾਲ ਜਥੇ ਦੀ ਗਿਣਤੀ 150 ਹੋ ਗਈ। 21 ਫਰਵਰੀ ਨੂੰ ਸਵੇਰ ਦੇ ਕੋਈ 5 ਵਜੇ ਜਨਮ ਅਸਥਾਨ ਦੇ ਉੱਤਰ ਵੱਲ ਭੱਠਿਆਂ ’ਤੇ ਇਨ੍ਹਾਂ ਕੋਲ ਭਾਈ ਦਲੀਪ ਸਿੰਘ ਦਾ ਵਿਅਕਤੀ ਸੰਦੇਸ਼ ਲੈ ਕੇ ਪਹੁੰਚਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਭਾਈ ਹੋਰੀਂ ਜਥੇ ਸਮੇਤ ਨਨਕਾਣਾ ਸਾਹਿਬ ਤੋਂ ਵਾਪਸ ਚਲੇ ਜਾਣ। ਭਾਈ ਲਛਮਣ ਸਿੰਘ , ਭਾਈ ਦਲੀਪ ਸਿੰਘ ਦਾ ਬੜਾ ਸਨਮਾਨ ਕਰਦੇ ਸਨ। ਉਹ ਇਹ ਹੁਕਮ ਮੰਨ ਕੇ ਵਾਪਸ ਜਾਣ ਲਈ ਤਿਆਰ ਹੋ ਗਏ ਪਰ ਭਾਈ ਟਹਿਲ ਸਿੰਘ ਕਹਿਣ ਲੱਗੇ, ‘‘ਅੱਜ ਗੁਰੂ ਹਰਿ ਰਾਇ ਜੀ ਦਾ ਜਨਮ ਦਿਹਾੜਾ ਹੈ। ਇੱਥੇ ਹੁਣ ਪਹੁੰਚੇ ਹੋਏ ਹਾਂ। ਚਲੋ ਗੁਰਦੁਆਰੇ ਦੇ ਦਰਸ਼ਨ ਕਰਦੇ ਚੱਲੀਏ। ਮਹੰਤ ਸਾਨੂੰ ਕਤਲ ਹੀ ਕਰ ਦੇਵੇਗਾ ਨਾ? ਕੋਈ ਗੱਲ ਨਹੀਂ। ਜਦੋਂ ਅਸਾਂ ਕੋਈ ਹਥਿਆਰ ਨਹੀਂ ਚੁੱਕਣਾ, ਸ਼ਾਤਮਈ ਰਹਿਣਾ ਏ, ਮੁਕਾਬਲਾ ਨਹੀਂ ਕਰਨਾ ਅਤੇ ਭੜਕਾਹਟ ਪੈਦਾ ਕਰਨ ਲਈ ਕੋਈ ਗੱਲ ਨਹੀਂ ਕਰਨੀ, ਮੱਥਾ ਟੇਕ ਕੇ ਵਾਪਸ ਆ ਜਾਣਾ ਏ ਤਾਂ ਫੇਰ ਝਗੜਾ ਕਿਉਂ ਹੋਊ?’’ ਉਨ੍ਹਾਂ ਨੂੰ ਸ਼ਾਇਦ ਮਹੰਤ ਦੇ ਮਨਸੂਬਿਆਂ ਦਾ ਪਤਾ ਨਹੀਂ ਸੀ।
ਭਾਈ ਲਛਮਣ ਸਿੰਘ ਰਜ਼ਾਮੰਦ ਹੋ ਗਏ ਅਤੇ ਜਥਾ ਗੁਰਦੁਆਰਾ ਜਨਮ ਅਸਥਾਨ ਦੇ ਦਰਸ਼ਨ ਲਈ ਤੁਰ ਪਿਆ। ਬੀਬੀਆਂ ਗੁਰਦੁਆਰਾ ਤੰਬੂ ਸਾਹਿਬ ਦੇ ਦਰਸ਼ਨਾਂ ਲਈ ਚਲੀਆਂ ਗਈਆਂ ਜਿੱਥੋਂ ਉਹ ਵਾਪਸ ਘਰਾਂ ਨੂੰ ਮੁੜ ਗਈਆਂ ਅਤੇ ਅਕਾਲੀ ਜਨਮ ਅਸਥਾਨ ਦੇ ਬਾਹਰ ਤਾਲਾਬ ਵਿੱਚ ਇਸ਼ਨਾਨ ਕਰਨ ਲੱਗ ਪਏ। ਕੋਈ ਛੇ ਵਜੇ ਦੇ ਕਰੀਬ ਉਹ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਦਾਖ਼ਲ ਹੋਏ। ਸਿੰਘਾਂ ਦਰਸ਼ਨੀ ਡਿਓਡੀ ਵੜਨ ਤੋਂ ਪਹਿਲਾਂ ਸਤਕਾਰ ਵਜੋਂ ਆਪਣੇ ਸੀਸ ਝੁਕਾਏ ਫਿਰ ਜੈਕਾਰੇ ਬੁਲਾਏੇ ਅਤੇ ਜਾ ਕੇ ਦਰਬਾਰ ਦੇ ਸਾਹਮਣੇ ਮੱਥਾ ਟੇਕ ਕੇ ਬੈਠ ਗਏ। ਭਾਈ ਲਛਮਣ ਸਿੰਘ ਗੁਰੂ ਗ੍ਰੰਥ ਦੀ ਤਾਬਿਆ ਬੈਠ ਗਏ ਅਤੇ ਸਾਰੇ ਸਿੰਘ ਸ਼ਬਦ ਪੜ੍ਹਨ ਵਿੱਚ ਮਗਨ ਹੋ ਗਏ। ਇੰਨੇ ਨੂੰ ਗੋਲੀਆਂ ਵਰ੍ਹਨ ਲੱਗ ਪਈਆਂ। ਭਾਈ ਲਛਮਣ ਸਿੰਘ ਗੋਲੀਆਂ ਨਾਲ ਜ਼ਖ਼ਮੀ ਹੋ ਗਏ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੀ ਗੋਲੀਆਂ ਲੱਗੀਆਂ। ਵਿਹੜੇ ਵਿੱਚ ਕੋਈ 25-26 ਸਿੰਘ ਸ਼ਹੀਦ ਹੋ ਗਏ। ਕੋਈ ਸੱਠ ਕੁ ਸਿੰਘ ਦਰਬਾਰ ਦੇ ਅੰਦਰ ਸ਼ਹੀਦ ਹੋ ਗਏ। ਜਿਹੜਾ ਵੀ ਫੱਟੜ ਜਿਉਂਦਾ ਨਜ਼ਰ ਆਇਆ, ਉਸ ਨੂੰ ਛਵ੍ਹੀਆਂ ਨਾਲ ਕੁਤਰ ਦਿੱਤਾ। ਜ਼ਖ਼ਮੀ ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖ਼ਤ ਨਾਲ ਪੁੱਠਾ ਬੰਨ੍ਹ ਕੇ ਥੱਲੇ ਅੱਗ ਲਾ ਕੇ ਸਾੜ ਦਿੱਤਾ ਗਿਆ। ਕੁਝ ਸਿੰਘਾਂ ਦਾ ਪਿੱਛਾ ਸਾਧੂਆਂ ਨੇ ਰੇਲਵੇ ਲਾਈਨਾਂ ਤਕ ਕੀਤਾ ਜਿੱਥੇ ਇਕ ਬਜ਼ੁਰਗ ਤੇ ਦੋ ਹੋਰ ਸਿੰਘ ਮਾਰ ਦਿੱਤੇ ਗਏ। ਦੋ ਤਿੰਨ ਸਿੰਘ ਖੇਤਾਂ ਵਿੱਚ ਜਾ ਕੇ ਮਾਰ ਦਿੱਤੇ ਗਏ।
ਲੱਕੜਾਂ ਤੇ ਤੇਲ ਇੰਨੇ ਆਦਮੀਆਂ ਨੂੰ ਸਾੜਨ ਲਈ ਨਾਕਾਫ਼ੀ ਸੀ। ਇਸ ਲਈ ਬਾਜ਼ਾਰੋਂ ਰੇੜ੍ਹੀਆਂ ’ਤੇ ਲੱਦ-ਲੱਦ ਹੋਰ ਬਾਲਣ ਤੇ ਤੇਲ ਮੰਗਵਾਇਆ ਗਿਆ। ਮੁਕੱਦਮੇ ਵਿੱਚ ਕੁਝ ਮੁਲਜ਼ਮਾਂ ਦੇ ਬਿਆਨਾਂ ਤੋਂ ਸਾਬਤ ਹੋ ਗਿਆ ਸੀ ਕਿ ਕਈ ਜਿਉਂਦੇ ਸਿੰਘਾਂ ਨੂੰ ਬਲਦੇ ਮੜ੍ਹ ਵਿੱਚ ਸੁੱਟ ਸੁੱਟ ਸਾੜਿਆ ਗਿਆ। ਜਿਹੜੇ ਗੁਰਦੁਆਰੇ ਤੋਂ ਬਾਹਰ ਕਤਲ ਕੀਤੇ ਗਏ ਸਨ, ਉਨ੍ਹਾਂ ਨੂੰ ਇੱਟਾਂ ਦੇ ਭੱਠੇ ਵਿੱਚ ਸੁੱਟ ਕੇ ਸਾੜਿਆ ਗਿਆ।
ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਵਿੱਚ ਭਾਈ ਮੰਗਲ ਸਿੰਘ ਅਤੇ ਬਾਬਾ ਦਰਬਾਰਾ ਸਿੰਘ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਵਿਲੱਖਣ ਇਤਿਹਾਸ ਲਿਖ ਦਿੱਤਾ। ਸ਼ਹੀਦੀ ਜਥਾ ਚੱਲਣ ਵਾਲੇ ਦਿਨ ਭਾਈ ਮੰਗਲ ਸਿੰਘ ਦਾ ਵਿਆਹ ਮਗਰੋਂ ਮੁਕਲਾਵਾ ਆਇਆ ਸੀ। ਪਰਿਵਾਰ ਵੱਲੋਂ ਉਨ੍ਹਾਂ ਨੂੰ ਜਥੇ ਵਿੱਚ ਜਾਣ ਤੋਂ ਰੋਕਿਆ ਵੀ ਗਿਆ ਪਰ ਉਨ੍ਹਾਂ ਦੀ ਮਨ-ਬਿਰਤੀ ’ਤੇ ਉਨ੍ਹਾਂ ਦੇ ਧਰਮ ਪਿਤਾ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਅਮਿੱਟ ਪ੍ਰਭਾਵ ਸੀ। ਉਨ੍ਹਾਂ ਵੀ ਜਥੇ ਦੇ ਸ਼ਹੀਦਾਂ ਵਿੱਚ ਸ਼ਾਮਲ ਹੋ ਕੇ ਨਿਵੇਕਲਾ ਇਤਿਹਾਸ ਸਿਰਜ ਦਿੱਤਾ। ਬਾਬਾ ਦਰਬਾਰਾ ਸਿੰਘ ਦੀ ਉਮਰ ਕੇਵਲ ਨੌਂ ਸਾਲ ਸੀ। ਬਾਲ ਉਮਰੇ ਹੀ ਮਾਂ ਦਾ ਇੰਤਕਾਲ ਹੋ ਜਾਣ ਕਾਰਨ ਦਾਦੀ ਜੀ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾ ਕੇ ਬਾਲ-ਉਮਰੇ ਹੀ ਉਸ ਦੇ ਮਨ-ਮਸਤਿਕ ਵਿੱਚ ਸ਼ਹੀਦੀ ਚਾਅ ਪੈਦਾ ਕਰ ਦਿੱਤਾ ਸੀ। ਜਦੋਂ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਹੋਰ ਸਿੰਘ ਉਨ੍ਹਾਂ ਦੇ ਪਿੰਡ ਦੇ ਗੁਰਦੁਆਰੇ ਵਿੱਚ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਨਾਂ ਲਿਖਣ ਲਈ ਆਏ ਸਨ ਤਾਂ ਇਸ ਬਾਲਕ ਨੇ ਜ਼ਿੱਦ ਕਰਕੇ ਆਪਣੇ ਪਿਤਾ ਦੇ ਨਾਲ ਆਪਣਾ ਨਾਂ ਵੀ ਲਿਖਾਇਆ। ਸ਼ਹੀਦੀ ਜਥਾ ਰਵਾਨਾ ਹੋਣ ਸਮੇਂ ਦਾਦੀ, ਪਿਤਾ ਅਤੇ ਹੋਰ ਨਜ਼ਦੀਕੀਆਂ ਦੇ ਰੋਕਣ ਦੇ ਬਾਵਜੂਦ ਇਹ ਗੁਰੂ ਦਾ ਲਾਲ ਜਥੇ ਵਿੱਚ ਸ਼ਾਮਲ ਹੋ ਗਿਆ। ਨਨਕਾਣਾ ਸਾਹਿਬ ਪਹੁੰਚ ਕੇ ਬਾਲਕ ਦਰਬਾਰਾ ਸਿੰਘ ਨੂੰ ਚੌਖੰਡੀ ਦੀ ਇੱਕ ਅਲਮਾਰੀ ਵਿੱਚ ਬੰਦ ਕਰ ਦਿੱਤਾ ਗਿਆ। ਜਦ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਗਏ ਤਾਂ ਇਹ ਅਲਮਾਰੀ ’ਚੋਂ ਹੀ ਉੱਚੀ ਉੱਚੀ ਵੰਗਾਰਦਾ ਰਿਹਾ। ਇਸ ਮਗਰੋਂ ਉਸ ਨੂੰ ਬਲਦੀ ਚਿਖਾ ਵਿੱਚ ਭੁਆ ਕੇ ਸੁੱਟ ਦਿੱਤਾ। ਬਾਲਕ ਦਰਬਾਰਾ ਸਿੰਘ ਆਪਣੇ ਪਿਤਾ ਕੇਹਰ ਸਿੰਘ ਨਾਲ ਹੀ ਸ਼ਹੀਦੀ ਪ੍ਰਾਪਤ ਕਰ ਗਿਆ।
ਜਥੇਦਾਰ ਕਰਤਾਰ ਸਿੰਘ ਝੱਬਰ ਜੋ ਤਕਰੀਬਨ 2200 ਅਕਾਲੀਆਂ ਦਾ ਇਕ ਜੱਥਾ ਲੈ ਕੇ ਜਾ ਰਿਹਾ ਸੀ, ਨੂੰ 21 ਫਰਵਰੀ 1921 ਨੂੰ ਪਿੰਡ ਖਿਪਵਾੜਾ ਦੇ ਨੇੜੇ ਡਿਪਟੀ ਕਮਿਸ਼ਨਰ ਨੇ ਰੋਕ ਲਿਆ ਤੇ ਸਲਾਹ-ਮਸ਼ਵਰੇ ਪਿੱਛੋਂ ਝੱਬਰ ਨੂੰ ਜਨਮ ਅਸਥਾਨ ਦੀਆਂ ਚਾਬੀਆਂ ਇਸ ਸ਼ਰਤ ’ਤੇ ਦੇਣ ਲਈ ਰਾਜ਼ੀ ਹੋਇਆ ਕਿ ਅਕਾਲੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਬਣਾ ਦੇਣ ਲਈ ਸਹਿਮਤ ਹੋ ਜਾਣ।
ਕੁਝ ਵਿਚਾਰ-ਵਟਾਂਦਰੇ ਮਗਰੋਂ ਉਸ ਨੇ ਚਾਬੀਆਂ 7 ਮੈਂਬਰੀ ਕਮੇਟੀ ਹਵਾਲੇ ਕਰ ਦਿੱਤੀਆਂ। ਨਰਮ ਖ਼ਿਆਲ ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਹਰਬੰਸ ਸਿੰਘ ਅਟਾਰੀ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਅੱਧੀ ਦਰਜਨ ਤੋਂ ਵੱਧ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ। 5 ਅਪਰੈਲ 1921 ਨੂੰ ਮਹੰਤ ਨਾਰਾਇਣ ਦਾਸ ਤੇ ਉਸ ਦੇ ਸਾਥੀਆਂ ਖ਼ਿਲਾਫ਼ ਸੈਸ਼ਨ ਕੋਰਟ ਵਿਚ ਮੁਕੱਦਮਾ ਸ਼ੁਰੂ ਹੋਇਆ। 12 ਅਕਤੂਬਰ 1921 ਨੂੰ ਅਦਾਲਤ ਨੇ ਨਾਰਾਇਣ ਦਾਸ ਤੇ 7 ਹੋਰ ਮੁਲਜ਼ਮਾਂ ਨੂੰ ਫ਼ਾਂਸੀ, 8 ਨੂੰ ਉਮਰ ਕੈਦ, 16 ਨੂੰ 7 ਸਾਲ ਦੀ ਕੈਦ ਤੇ ਬਾਕੀਆਂ ਨੂੰ ਬਰੀ ਕਰ ਦਿੱਤਾ। ਲਾਹੌਰ ਹਾਈ ਕੋਰਟ ਵਿਚ ਅਪੀਲ ਕਰਨ ’ਤੇ 3 ਮਾਰਚ 1922 ਨੂੰ ਮਹੰਤ ਤੇ ਹੋਰਾਂ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਗਈ ਤੇ 3 ਨੂੰ 7-7 ਸਾਲ ਤੇ ਬਾਕੀ ਸਭ ਬਰੀ ਕਰ ਦਿੱਤੇ ਗਏ। ਪੰਥ ਨੇ ਸ਼ਹੀਦਾਂ ਨੂੰ ਭਾਰੀ ਮਾਣ ਸਤਿਕਾਰ ਦਿੱਤਾ ਗਿਆ। ਉਨ੍ਹਾਂ ਦੇ ਨਾਮ ਅਰਦਾਸ ਵਿਚ ਸ਼ਾਮਲ ਕੀਤੇ ਗਏ। ਗੁਰਦੁਆਰਾ ਨਨਕਾਣਾ ਸਾਹਿਬ ਵਿਚ ਅਜੇ ਵੀ ਉਹ ਹਥਿਆਰ ਅਤੇ ਪੱਥਰ ਮੌਜੂਦ ਹਨ, ਜਿਨ੍ਹਾਂ ’ਤੇ ਰੱਖ ਕੇ ਸਿੱਖਾਂ ਨੂੰ ਟੁੱਕਿਆ ਗਿਆ ਸੀ।
ਸੰਪਰਕ: 94175-33060

Advertisement
Author Image

joginder kumar

View all posts

Advertisement
Advertisement
×