ਮਨੀਪੁਰ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਹੈਲੀਕਾਪਟਰ ਮੰਗੇ
ਇੰਫਾਲ, 17 ਜਨਵਰੀ
ਮਨੀਪੁਰ ਸਰਕਾਰ ਨੇ ਸਰਹੱਦੀ ਇਲਾਕੇ ਮੋਰੇਹ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਹੈਲੀਕਾਪਟਰਾਂ ਦੀ ਮੰਗ ਕੀਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਮੰਗ ਉਨ੍ਹਾਂ ਹੰਗਾਮੀ ਹਾਲਾਤ ਦੇ ਮੱਦੇਨਜ਼ਰ ਕੀਤੀ ਹੈ। ਸੂਬੇ ਦੇ ਗ੍ਰਹਿ ਕਮਿਸ਼ਨਰ ਟੀ. ਰਣਜੀਤ ਸਿੰਘ ਨੇ ਗ੍ਰਹਿ ਮੰਤਰਾਲੇ ਦੇ ਐਡੀਸ਼ਨਲ ਸੈਕਟਰੀ (ਪੁਲੀਸ 2 ਡਿਵੀਜ਼ਨ) ਨੂੰ ਲਿਖੇ ਪੱਤਰ ’ਚ ਕਿਹਾ ਕਿ ਸਰਹੱਦੀ ਸ਼ਹਿਰ ਮੋਰੇਹ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਥੇ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਅਤੇ ਇਸ ਦੇ ਚਲਦਿਆਂ ਅੱਜ ਸਵੇਰੇ ਆਈਆਰਬੀ ਦੇ ਇਕ ਜਵਾਨ ਦੀ ਮੌਤ ਹੋ ਗਈ। ਪੱਤਰ ’ਚ ਕਿਹਾ ਗਿਆ ਹੈ ਕਿ ਮੋਰੇਹ ’ਚ ਸਥਿਤੀ ਨੂੰ ਦੇਖਦੇ ਹੋਏ ਕਦੇ ਵੀ ਹੰਗਾਮੀ ਹਾਲਾਤ ਬਣ ਸਕਦੇ ਹਨ। ਮਨੀਪੁਰ ਸਰਕਾਰ ਨੇ ਗ੍ਰਹਿ ਮੰਤਰਾਲੇ ਤੋਂ ਘੱਟੋ ਘੱਟ ਸੱਤ ਦਿਨਾਂ ਲਈ ਹੈਲੀਕਾਪਟਰ ਮੰਗੇ ਹਨ। ਮੋਰੇਹ ਸ਼ਹਿਰ ’ਚ ਬੁੱਧਵਾਰ ਸਵੇਰੇ ਵੱਖ ਵੱਖ ਤਿੰਨ ਤੋਂ ਵਧ ਸਥਾਨਾਂ ’ਤੇ ਸੁਰੱਖਿਆ ਬਲਾਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕੁੂਕੀ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਮੋਰੇਹ ਸੂਬੇ ਦੀ ਰਾਜਧਾਨੀ ਇੰਫਾਲ ਤੋਂ 105 ਕਿਲੋਮੀਟਰ ਦੂਰ ਹੈ। ਪੱਤਰ ’ਚ ਇਹ ਵੀ ਲਿਖਿਆ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਚਾਰ ਜਨਵਰੀ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਕਿੰਨੀ ਤਰੀਕ ਅਤੇ ਗਿਣਤੀ ’ਚ ਗ੍ਰਹਿ ਮੰਤਰਾਲੇ ਦੇ ਹੈਲੀਕਾਪਟਰ ਦੀ ਜ਼ਰੂਰਤ ਹੈ।