For the best experience, open
https://m.punjabitribuneonline.com
on your mobile browser.
Advertisement

ਸਬਜ਼ੀ ਮੰਡੀ ਵਿੱਚ ਮਿਲੀਭੁਗਤ ਨਾਲ ਮੰਡੀ ਬੋਰਡ ਨੂੰ ਲੱਗ ਰਿਹੈ ਚੂਨਾ

07:38 PM Jun 29, 2023 IST
ਸਬਜ਼ੀ ਮੰਡੀ ਵਿੱਚ ਮਿਲੀਭੁਗਤ ਨਾਲ ਮੰਡੀ ਬੋਰਡ ਨੂੰ ਲੱਗ ਰਿਹੈ ਚੂਨਾ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਮੋਗਾ, 27 ਜੂਨ

ਇੱਥੇ ਸਬਜ਼ੀ ਮੰਡੀ ਵਿੱਚ ਕਥਿਤ ਰੂਪ ਵਿਚ ਵਸੂਲੇ ਜਾ ਰਹੇ ਗੁੰਡਾ ਟੈਕਸ ਅਤੇ ਮਾਰਕੀਟ ਕਮੇਟੀ ਫੀਸ ‘ਚ ਚੋਰੀ ਸਬੰਧੀ ਸ਼ਿਕਾਇਤ ‘ਤੇ ਮੰਡੀ ਬੋਰਡ ਅਧਿਕਾਰੀ ਗੁਰਮੀਤ ਪਾਲ ਸਿੰਘ ਅਗਵਾਈ ਹੇਠ 10 ਮੈਂਬਰੀ ਟੀਮ ਨੇ ਸਵੇਰੇ 6 ਵਜੇ ਅਚਨਚੇਤ ਛਾਪਾ ਮਾਰਿਆ। ਇਸ ਦੌਰਾਨ ਟੀਮ ਵੱਲੋਂ 7 ਘੰਟੇ ਪੜਤਾਲ ਕੀਤੀ ਗਈ ਅਤੇ 20 ਆੜ੍ਹਤੀਆਂ ਦਾ ਰਿਕਾਰਡ ਚੈੱਕ ਕੀਤਾ। ਮੰਡੀ ਬੋਰਡ ਅਧਿਕਾਰੀ ਗੁਰਮੀਤ ਪਾਲ ਸਿੰਘ ਨੇ ਕਿਹਾ ਕਿ ਸਬਜ਼ੀ ਮੰਡੀ ‘ਚ ਮਾਰਕੀਟ ਫ਼ੀਸ ਦੀ ਚੋਰੀ ਬਾਰੇ ਪੜਤਾਲ ਬਾਅਦ ਕਸੂਰਵਾਰ ਪਾਏ ਜਾਣ ‘ਤੇ ਕਿਸੇ ਵੀ ਮੁਲਾਜ਼ਮ ਜਾਂ ਆੜ੍ਹਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਸਬਜ਼ੀ ਮੰਡੀ ‘ਚ ਕਥਿਤ ਤੌਰ ‘ਤੇ ਮਾਰਕੀਟ ਅਤੇ ਆਰਡੀਐੱਫ਼ ਫੀਸ ਚੋਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਆੜ੍ਹਤੀ ਅਤੇ ਮੰਡੀ ਬੋਰਡ ਮੁਲਾਜ਼ਮਾਂ ਦੀ ਕਥਿਤ ਮਿਲੀ ਭੁਗਤ ਨਾਲ ਮਹਿੰਗੇ ਭਾਅ ਦੇ ਫ਼ਲਾਂ ਤੇ ਸਬਜ਼ੀਆਂ ਦੀ ਅਸਲ ਕੀਮਤ ਕਾਫੀ ਘੱਟ ਦਿਖਾਈ ਜਾ ਰਹੀ ਜਾਂ ਪੂਰਾ ਟਰੱਕ ਹੀ ਮਡੀ ਤੋਂ ਬਾਹਰ ਗੁਦਾਮਾਂ ਵਿਚ ਲੁਹਾ ਦਿੱਤਾ ਜਾਂਦਾ ਹੈ। ਜਿਸ ਕਾਰਨ ਲੱਖਾਂ ਰੁਪਏ ਦੀ ਮਾਰਕੀਟ ਕਮੇਟੀ ਫ਼ੀਸ ਚੋਰੀ ਹੋ ਰਹੀ ਹੈ।

ਨਿਯਮਾਂ ਅਨੁਸਾਰ ਮਾਰਕੀਟ ਕਮੇਟੀ ਵੱਲੋਂ ਤਾਇਨਾਤ ਮੁਲਾਜ਼ਮਾਂ ਵੱਲੋਂ ਮੰਡੀ ਖ਼ਤਮ ਹੋਣ ਅਤੇ ਬੋਲੀ ਮੌਕੇ ਹਰ ਆੜ੍ਹਤੀ ਦੀ ਦੁਕਾਨ ‘ਤੇ ਜਾ ਕੇ ਸਬਜ਼ੀ ਅਤੇ ਫਲਾਂ ਦੀ ਮਾਤਰਾ ਸਰਕਾਰੀ ਰਜਿਸਟਰ ਵਿੱਚ ਦਰਜ ਕਰਨੀ ਹੁੰਦੀ ਹੈ ਪਰ ਕੁਝ ਮੁਲਾਜ਼ਮ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਜਗ੍ਹਾ ਬੈਠ ਕੇ ਹੀ ਆਪਣੇ ਹਿਸਾਬ ਨਾਲ ਸਬਜ਼ੀ ਅਤੇ ਫਲਾਂ ਦੀ ਮਾਤਰਾ ਭਰ ਲੈਂਦੇ ਹਨ। ਨਿਯਮਾਂ ਅਨੁਸਾਰ ਸਬਜ਼ਆਂ ਅਤੇ ਫਲਾਂ ਦੀ ਕੁੱਲ ਕੀਮਤ ਦਾ ਪੰਜ ਫੀਸਦ ਆੜ੍ਹਤੀ ਦੀ ਫੀਸ ਹੈ, ਜਦੋਂ ਕਿ ਦੋ ਫੀਸਦੀ ਮਾਰਕੀਟ ਫੀਸ ਹੈ।

ਸੂਤਰ ਦੱਸਦੇ ਹਨ ਕਿ ਮੰਡੀ ਬੋਰਡ ਨੂੰ ਕੀਤੀ ਗਈ ਸ਼ਿਕਾਇਤ ‘ਚ ਦੱਸਿਆ ਗਿਆ ਹੈ ਕਿ ਆੜ੍ਹਤ ਤੇ ਮਾਰਕੀਟ ਫ਼ੀਸ ਤੋਂ ਇਲਾਵਾ ਆੜ੍ਹਤੀ ਪ੍ਰਤੀ ਬੈਗ ਜਾਂ ਕੰਟੇਨਰ 10-15 ਰੁਪਏ ਵਾਧੂ ਲੈਂਦੇ ਹਨ। ਜੇਕਰ ਕੋਈ ਸਬਜ਼ੀ ਵਿਕਰੇਤਾ ਮੰਡੀ ‘ਚੋਂ ਸਬਜ਼ੀ ਦੀਆਂ ਚਾਰ ਬੋਰੀਆਂ ਜਾਂ ਚਾਰ ਪੌਲੀਥੀਨ ਵਿੱਚ ਰੱਖੀ ਸਬਜ਼ੀ ਕਿਸੇ ਏਜੰਟ ਤੋਂ ਖਰੀਦਦਾ ਹੈ, ਤਾਂ ਉਨ੍ਹਾਂ ਤੋਂ ਪ੍ਰਤੀ ਪੌਲੀਥੀਨ 40 ਰੁਪਏ ਫਾਲਤੂ ਟੈਕਸ ਵਸੂਲਿਆ ਜਾਂਦਾ ਹੈ। ਪਰਚੂਨ ਸਬਜ਼ੀ ਖਰੀਦਦਾਰਾਂ ਆਦਿ ਤੋਂ 20 ਰੁਪਏ ਪਾਰਕਿੰਗ ਫੀਸ ਤੋਂ ਇਲਾਵਾ ਜਿਹੜੇ ਕਿਸਾਨ ਖੇਤਾਂ ‘ਚੋਂ ਆਪਣੀ ਮੰਡੀ ਤਹਿਤ ਸਬਜ਼ੀਆਂ ਵੇਚਣ ਆਉਂਦੇ ਹਨ ਉਨ੍ਹਾਂ ਕੋਲੋਂ ਮੰਡੀ ਵਿੱਚ ਬੈਠਣ ਲਈ 100-300 ਰੁਪਏ ਵੱਖਰੇ ਤੌਰ ‘ਤੇ ਵਸੂਲੇ ਜਾ ਰਹੇ ਹਨ।

ਸਥਾਨਕ ਮਾਰਕੀਟ ਕਮੇਟੀ ਸਕੱਤਰ ਯੁੱਧਵੀਰ ਸਿੰਘ ਨੇ ਮੰਨਿਆ ਕਿ ਮੰਡੀ ਵਿੱਚ ਕਿਸੇ ਵੀ ਕਿਸਾਨ ਤੋਂ ਪਾਰਕਿੰਗ ਫੀਸ ਵਸੂਲਣ ਦਾ ਕੋਈ ਨਿਯਮ ਨਹੀਂ ਹੈ ਅਤੇ ਨਾ ਹੀ ਉੱਥੇ ਬੈਠ ਕੇ ਸਬਜ਼ੀ ਵੇਚਣ ਲਈ ਕਿਸੇ ਤੋਂ ਕਿਸੇ ਕਿਸਮ ਦੀ ਵਸੂਲੀ ਕਰਨ ਦਾ ਕੋਈ ਨਿਯਮ ਹੈ।

Advertisement
Tags :
Advertisement
Advertisement
×