ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣਾਂ ਵਿੱਚ ਖੜ੍ਹਾ ਆਦਮੀ

08:03 AM May 18, 2024 IST

ਸ਼ਰਦ ਜੋਸ਼ੀ

Advertisement

ਅੱਜ ਉਹ ਦੋ ਸਾਲਾਂ ਬਾਅਦ ਮੁਸਕਰਾਏ। ਬਲਕਿ ਹੱਸੇ। ਉਹ ਹੱਸਦੇ ਨਹੀਂ ਹਨ। ਬਹੁਤ ਘੱਟ ਹਨ, ਜਿਨਾਂ ਨੇ ਉਹਨਾਂ ਨੂੰ ਹੱਸਦਿਆਂ ਦੇਖਿਆ ਹੋਵੇ। ਪਾਰਟੀ ਦੇ ਸ਼ਾਇਦ ਕੁਝ ਬੰਦਿਆਂ ਨੇ ਉਹਨਾਂ ਨੂੰ ਕਦੇ ਕਦਾਈਂ ਹੱਸਦਿਆਂ ਦੇਖਿਆ ਹੋਵੇ। ਪਰ ਚੋਣਾਂ ਦੇ ਇਹਨਾਂ ਦਿਨਾਂ ਵਿੱਚ, ਉਹਨਾਂ ਦੇ ਦੰਦ ,ਬੁੱਲਾਂ ਦੀ ਕੈਦ ਵਿੱਚੋਂ ਬਾਹਰ ਆਏ ਹਨ ਅਤੇ ਸੂਰਜ ਦੀ ਕਿਰਨ ਵਿੱਚ ਚਮਕ ਰਹੇ ਹਨ। ਅੱਜ ਉਹਨਾਂ ਨੂੰ ਜਨਤਾ ਨੇ ਮੁਸਕਰਾਉਂਦੇ ਹੋਏ ਤੱਕਿਆ।
ਅੱਜ ਨੇਤਾ ਜੀ ਨੇ ਪੁਰਾਣਾ ਕੁੜਤਾ ਕੱਢ ਕੇ ਪਾਇਆ ਹੈ। ਇੱਕ ਘਸੀ ਹੋਈ ਪੈਂਟ ਤੇ ਉੱਧੜੀ ਹੋਈ ਚੱਪਲ ਉਹਨਾਂ ਦੇ ਪੈਰਾਂ ਵਿੱਚ ਹੈ। ਆਪਣੇ ਮੋਟੇ ਪੈਰਾਂ ਵਿੱਚ ਇਹ ਫਟੀ ਚੱਪਲ ਫਸਾ ਕੇ ਆਪਣੇ ਚੋਣ ਹਲਕੇ ਲਈ ਘਰੋਂ ਨਿਕਲੇ ਹਨ।
ਅੱਜ ਉਹ ਕਾਰ ਵਿੱਚ ਨਹੀਂ ਬੈਠੇ। ਕਾਰ ਉਹਨਾਂ ਦੇ ਘਰ ਖੜੀ ਰਹੀ, ਤੇ ਅੱਜ ਉਹ ਜਨਤਾ ਵਿੱਚ ਪੈਦਲ ਹੀ ਤੁਰ ਨਿਕਲੇ। ਆਪਣੇ ਆਸ ਪਾਸ ਤੋਂ ਜਨਤਾ ਨੂੰ ਹਟਾਉਣ ਲਈ ਉਹਨਾਂ ਨੇ ਕਿਸੇ ਪੁਲੀਸ ਵਾਲੇ ਦੀ ਮਦਦ ਨਹੀਂ ਲਈ। ਅੱਜ ਉਹ ਭੀੜ ਵਿੱਚ ਘਿਰੇ ਰਹੇ। ਅੱਜ ਉਹਨਾਂ ਨੇ ਜਨਤਾ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਹਰੇ ਕਚੂਚ ਘਾਹ ਵੱਲ ਗਧਾ ਦੇਖਦਾ ਹੈ। ਉਹਨਾਂ ਨੇ ਹੱਥ ਜੋੜੇ ਤੇ ਗਰਦਨ ਝੁਕਾਈ। ਜੇ ਉਹਨਾਂ ਦਾ ਢਿੱਡ ਪਤਲਾ ਹੁੰਦਾ ਤਾਂ ਸ਼ਾਇਦ ਉਹ ਪੂਰਾ ਹੀ ਝੁਕ ਜਾਂਦੇ। ਉਹ ਪ੍ਰਣਾਮ ਕਰਦੇ ਅੱਗੇ ਵਧ ਰਹੇ ਹਨ, ਸਭ ਤੱਕ ਉਹਨਾਂ ਦਾ ਨਮਸਕਾਰ ਪਹੁੰਚ ਰਿਹਾ ਹੈ। ਉਹਨਾਂ ਦਾ ‘ਨਮਸਕਾਰ’ ਮੱਛੀਆਂ ਫੜਨ ਵਾਲੇ ਕੰਡੇ ਦੀ ਤਰਾਂ ਹੈ ਜਿਸ ਨੂੰ ਉਹ ਘੜੀ-ਮੁੜੀ ਵੋਟਰਾਂ ਦੇ ਤਲਾਬ ਵਿੱਚ ਉਹਨਾਂ ਨੂੰ ਫਸਾਉਣ ਖਾਤਰ ਸੁੱਟ ਰਹੇ ਹਨ । ਉਹਨਾਂ ਦਾ ਪ੍ਰਣਾਮ ਇੱਕ ਚਾਬੁਕ ਹੈ, ਇਕ ਹੰਟਰ ਹੈ ਜਿਸ ਨਾਲ ਉਹ ਸਾਰਿਆਂ ਨੂੰ ਘਾਇਲ ਕਰ ਰਹੇ ਹਨ। ਉਹਨਾਂ ਦਾ ਇਹ ਕੰਡਾ, ਇਹ ਹੰਟਰ ਬੜੀ ਦੇਰ ਬਾਅਦ ਵਰ੍ਹਿਆ ਹੈ।
ਰਾਜਮਾਰਗਾਂ ਤੇ ਚੱਲਣ ਵਾਲੇ ਇਹ ਨੇਤਾ ਅੱਜ ਗਲੀਆਂ ਵਿੱਚੋਂ ਲੰਘ ਰਹੇ ਹਨ। ਜਿਸ ਲਗਨ ਨਾਲ, ਅਮਰੀਕਾ ਲੱਭਣ ਲਈ ਕੋਲੰਬਸ ਨਿਕਲਿਆ ਸੀ, ਅੱਜ ਉਹ ਆਪਣੇ ਚੋਣ ਹਲਕੇ ਨੂੰ ਲੱਭਣ ਨਿਕਲੇ ਹਨ। ਉਹ ਹਰ ਗਲੀ ਤੇ ਹਰ ਘਰ ਵਿੱਚ ਜਾਣਾ ਚਾਹੁੰਦੇ ਹਨ। ਦੇਖਣਾ ਚਾਹੁੰਦੇ ਹਨ ਕਿ ਸਭ ਕਿੱਥੇ ਹਨ। ਉਹ ਸਭ ਕਿੱਥੇ ਹਨ ਜੋ ਇਥੇ ਸਨ ? ਕੀ ਇਹ ਸਾਰੇ ਉਹੋ ਹੀ ਹਨ ? ਉਹ ਜਾਂਚ ਕਰ ਰਹੇ ਹਨ। ਹਜ਼ਾਰਾਂ ਦੀਆਂ ਅੱਖਾਂ ਵਿੱਚੋਂ ਉਹ ਆਪਣੇ ਆਪ ਨੂੰ ਜਾਂਚ ਰਹੇ ਹਨ । ਕਈ ਵਾਰੀ ਉਹ ਡਰ ਜਾਂਦੇ ਹਨ, ਕਿਤੇ ਸ਼ੀਸ਼ਾ ਧੁੰਦਲਾ ਨਾ ਹੋ ਜਾਵੇ। ਉਹ ਆਪਣੀ ਮੁਸਕਰਾਹਟ ਦੇ ਰੁਮਾਲ ਨਾਲ ਜਨਤਾ ਦੀਆਂ ਅੱਖਾਂ ਦਾ ਸ਼ੀਸ਼ਾ ਚਮਕਾ ਰਹੇ ਹਨ।
ਦੇਖੋ ਉਹਨਾਂ ਨੇ ਕਿਸੇ ਨੂੰ ਪਛਾਣ ਲਿਆ ਹੈ, ਉਹਨਾਂ ਨੇ ਯਾਦ ਕੀਤਾ ਤੇ ਉਹ ਉਹਨਾਂ ਨੂੰ ਯਾਦ ਆ ਗਿਆ। ਇਹ ਉਹਨਾਂ ਦੀ ਕਿੰਨੀ ਮਹਾਨਤਾ ਹੈ ਕਿ ਉਹ ਭੁੱਲੇ ਨਹੀਂ ਹਨ।
ਲਓ ! ਉਹਨਾਂ ਇੱਕ ਬੱਚੇ ਨੂੰ ਚੁੱਕ ਕੇ ਚੁੰਮ ਲਿਆ। ਉਹਨਾਂ ਨੇ ਹਾਰ ਵਾਪਸ ਫਿਰ ਉਸ ਦੇ ਗਲੇ ਵਿੱਚ ਹੀ ਪਾ ਦਿੱਤਾ ਜਿਸਨੇ ਉਹਨਾਂ ਨੂੰ ਹਾਰ ਪਾਇਆ ਹੈ। ਇਹ ਹਾਰ ਉਹਨਾਂ ਦੇ ਪੈਸੇ ਨਾਲ ਹੀ ਖਰੀਦਿਆ ਗਿਆ ਪਰ ਤੁਸੀਂ ਉਹਨਾਂ ਦੀ ਭਾਵਨਾ ’ਤੇ ਵਾਰੇ ਜਾਓ। ਅੱਜ ਇਹ ਸਮਝ ਨਹੀਂ ਆ ਰਹੀ ਕਿ ਕੌਣ ਕਿਸ ਦਾ ਅੱਧ ਹੈ। ਕੌਣ ਕਿਸ ਦਾ ਦੇਵਤਾ ਹੈ। ਅੱਜ ਭਗਵਾਨ ਆਪਣੇ ਪੁਜਾਰੀ ਦੀ ਪੂਜਾ ਕਰ ਰਹੇ ਹਨ। ਮੈਨੂੰ ਬਾਹਰ ਨਾ ਕੱਢੋ ਮੈਨੂੰ ਦੁਬਾਰਾ ਪਸੰਦ ਕਰ ਲਵੋ । ਪੁਜਾਰੀ ਨੇ ਮੰਦਰ ਦੇ ਬਾਹਰ “ ਟੂ-ਲੈਟ ‘ ਕਿਰਾਏ ਲਈ ਖਾਲੀ ‘ ਦੀ ਫੱਟੀ ਟੰਗ ਦਿੱਤੀ ਹੈ। ਇਹ ਇਕ ਰਸਮ ਹੈ । ਪੁਜਾਰੀ ਜੇ ਚਾਹਵੇ ਤਾਂ ਆਪਣੇ ਮੰਦਰ ਵਿੱਚ ਇੱਕ ਨਵਾਂ ਦੇਵਤਾ ਬਿਠਾ ਸਕਦਾ ਹੈ। ਦੇਵਤਾ ਨਿਮਰ ਹੋਇਆ ਝੁਕਿਆ ਖੜਾ ਹੈ ,ਜੋ ਪੁਜਾਰੀ ਦੀ ਕਿਰਪਾ ਦਾ ਪਾਤਰ ਹੈ। ਜੇ ਉਹ ਚਾਹਵੇ ਤਾਂ ਦੇਵਤੇ ਨੂੰ ਸੰਵਿਧਾਨ ਦਾ ਮੰਦਰ ਵਾਪਸ ਮਿਲ ਜਾਵੇ। ਦੇਵਤਾ ਫਿਰ ਦੇਵਤਾ ਹੋ ਜਾਵੇ ,ਪੁਜਾਰੀ ਫਿਰ ਪੁਜਾਰੀ । ਉਹ ਹੌਲੀ ਹੌਲੀ ਅੱਗੇ ਵੱਧ ਰਹੇ ਹਨ । ਜਨਤਾ ਦੀ ਭੀੜ ਵਿੱਚ ਉਹ ਕਿਸ਼ਤ ਦਰ ਕਿਸ਼ਤ ਅੱਗੇ ਵਧ ਰਹੇ। ਉਹ ਰੀਂਗਦੇ ਹੋਏ ਛੂੰਹਦੇ ਹੋਏ ਹੌਲੀ ਹੌਲੀ ਅੱਗੇ ਵਧ ਰਹੇ ਹਨ। ਉਹ ਹਰਮਨ ਪਿਆਰੇ ਹੋਣ ਲਈ ਤੇ ਲੋਕਪ੍ਰਿਅਤਾ ਦੀ ਫਸਲ ਕੱਟਣ ਲਈ ਨਿਕਲੇ ਹਨ। ਜਨਤਾ ਦੇ ਖੇਤ ਵਿੱਚ ਉਹਨਾਂ ਨੂੰ ਲਹਿਰਾਉਂਦੇ ਜਿਸਮ ਦਿਖਾਈ ਦੇ ਰਹੇ ਹਨ ਉਹਨਾਂ ਦੀਆਂ ਅੱਖਾਂ ਗੇਂਦ ਵਾਂਗੂੰ ਇਧਰ ਉਧਰ ਟੱਪਾ ਖਾ ਰਹੀਆਂ ਹਨ।
ਲਓ! ਉਹਨਾਂ ਨੇ ਕਿਸੇ ਦੇ ਗਲ ਵਿੱਚ ਬਾਹਵਾਂ ਪਾ ਦਿੱਤੀਆਂ। ਇਹ ਇਕ ਨੌਜਵਾਨ ਹੈ , ਇਸ ਸਾਲ ਉਸ ਨੇ ਆਪਣੇ ਜ਼ਿੰਦਗੀ ਵਿੱਚ ਪਹਿਲੀ ਵਾਰੀ ਵੋਟ ਪਾਉਣੀ ਹੈ। ਉਸਦੇ ਗਲੇ ਵਿੱਚ ਬਾਹਾਂ ਪਾਈ ਉਹ ਮੁਸਕਰਾ ਰਹੇ ਹਨ।
ਹੁਣ ਕੁਝ ਔਰਤਾਂ ਦਿਖਾਈ ਦਿੱਤੀਆਂ - ਸੁੰਦਰ, ਦਿਲਕਸ਼ ਤੇ ਜਵਾਨੀ ਨਾਲ ਭਰਪੂਰ । ਪਰ ਅੱਜ ਉਹ ਸਭ ਮਾਵਾਂ ਹਨ, ਭੈਣਾਂ ਹਨ, ਨੂੰਹਾਂ ਹਨ ਜਾਂ ਬੇਟੀਆਂ ਹਨ। ਅੱਜ ਉਹ ਕਿਸੇ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖ ਰਹੇ। ਅੱਜ ਉਹ ਆਪਣਾ ਪਸ਼ੂਪਣ ਘਰ ਹੀ ਛੱਡ ਕੇ ਆਏ ਹਨ। ਅੱਜ ਕਿੰਨੇ ਆਦਰ ਨਾਲ ਬੀਬੀਆਂ ਨੂੰ ਦੇਖ ਰਹੇ ਹਨ। ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਬਿਮਾਰ ਹੈ, ਉਹ ਫੌਰਨ ਉਸ ਦਾ ਪਤਾ ਲੈਣ ਲਈ ਗਏ । ਉਹਦੇ ਕੋਲ ਬੈਠੇ ਤੇ ਉਸ ਦਾ ਹਾਲਚਾਲ ਪੁੱਛਿਆ। ਚਾਰ ਦਿਨ ਬਾਅਦ ਚੋਣਾਂ ਹਨ, ਉਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਵੋਟਰ ਕਿਤੇ ਮਰ ਨਾ ਜਾਏ। ਉਸ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਨ।
ਉਹ ਸਭ ਨੂੰ ਮਿਲਦੇ ਹੋਏ ਰੁਕ ਰੁਕ ਕੇ ਜਾ ਰਹੇ ਹਨ। ਹੁਣੇ ਹੁਣੇ ਅਨਾਥ ਆਸ਼ਰਮ ਦੇ ਬੱਚੇ ਆਪਣਾ ਬੈਂਡ ਵਜਾਉਂਦੇ ਹੋਏ ਨਿਕਲ ਗਏ ।ਉਹਨਾਂ ਨੇ ਅਨਾਥਾਂ ਵੱਲ ਨਹੀਂ ਦੇਖਿਆ। ਹੁਣੇ ਹੁਣੇ ਇੱਕ ਬੱਸ ਨਿਕਲੀ ਜਿਸ ਤੋਂ ਲੋਕ ਲਟਕ ਰਹੇ ਸਨ। ਉਹਨਾਂ ਨੇ ਬੱਸ ਵੱਲ ਵੀ ਨਹੀਂ ਦੇਖਿਆ। ਹੁਣੇ ਹੁਣੇ ਇੱਕ ਲਾਵਾਰਿਸ ਲਾਸ਼ ਠੇਲੇ ’ਤੇ ਲੱਦੀ ਹੋਈ ਨਿਕਲ ਗਈ। ਉਹਨਾਂ ਨੂੰ ਪਤਾ ਵੀ ਨਹੀਂ ਲੱਗਾ। ਉਹ ਉਸੀ ਤਰਾਂ ਝੁਕਦੇ, ਉਠਦੇ, ਰੁਕਦੇ, ਮੁਸਕਰਾਉਂਦੇ, ਹੱਸਦੇ, ਗਰਦਨ ਹਿਲਾਉਂਦੇ, ਹਾਰ ਪਾਉਂਦੇ, ਬੱਚਿਆਂ ਨੂੰ ਚੁੰਮਦੇ, ਹਜ਼ਾਰਾਂ ਚਿਹਰਿਆਂ ਵਿੱਚੋਂ ਆਪਣਾ ਵਰਤਮਾਨ ਤੇ ਭਵਿੱਖ ਤਲਾਸ਼ਦੇ ਚਲੇ ਜਾ ਰਹੇ ਹਨ।
- ਅਨੁਵਾਦ: ਦਿਲਰਾਜ ਗਿੱਲ
ਸੰਪਰਕ: 9877448538

Advertisement
Advertisement
Advertisement