ਮਾਲਵਾ ਕੁਸ਼ਤੀ ਅਖਾੜਾ ਨੇ ਪਹਿਲਵਾਨਾਂ ਦੇ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਭਗਤਾ ਭਾਈ, 28 ਜੂਨ
ਮਾਲਵਾ ਕੁਸ਼ਤੀ ਅਖਾੜਾ ਭਗਤਾ ਭਾਈ ਵੱਲੋਂ ਸਥਾਨਕ ਸ਼ਹਿਰ ਵਿਚ ਸ਼ੁਰੂ ਕੀਤੇ ਗਏ ਅਖਾੜੇ ‘ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਕੁਸ਼ਤੀ ਅਖਾੜੇ ਵਲੋਂ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਮਨਾਏ ਗਏ ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਹੋਏ ਇਸ ਸਮਾਗਮ ਦੇ ਮੁੱਖ ਮਹਿਮਾਨ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਸਨ। ਜਦਕਿ ਐਸ.ਪੀ. ਗੁਰਬਿੰਦਰ ਸਿੰਘ ਸੰਘਾ ਉਲੰਪੀਅਨ ਅਤੇ ਅਖਾੜੇ ਦੇ ਪ੍ਰਧਾਨ ਡਾ. ਤਰਸੇਮ ਲਾਲ ਗਰਗ ਵਿਸ਼ੇਸ਼ ਮਹਿਮਾਨ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਗੋਦ ਲਏ ਮਾਲਵਾ ਕੁਸ਼ਤੀ ਅਖਾੜਾ ਭਗਤਾ ਦੇ ਕੋਚ ਸੁਖਜਿੰਦਰ ਸਿੰਘ ਦੀ ਅਗਵਾਈ ‘ਚ ਵੱਖ-ਵੱਖ ਭਾਰ ਵਰਗ ਦੇ ਕਰੀਬ 30 ਭਲਵਾਨ ਕੁਸ਼ਤੀ ਦੇ ਦਾਅ ਪੇਚ ਸਿੱਖ ਰਹੇ ਹਨ। ਇਸੇ ਅਖਾੜੇ ਦਾ ਭਲਵਾਨ ਸੰਦੀਪ ਮਾਨ ਏਸ਼ੀਆਈ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਸਟੇਜ ਹਾਕੀ ਖਿਡਾਰੀ ਮਨਦੀਪ ਸਿੰਘ ਮੰਗਾ ਨੇ ਚਲਾਈ। ਪ੍ਰਬੰਧਕਾਂ ਵੱਲੋਂ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ, ਪ੍ਰਮੁੱਖ ਸ਼ਖਸੀਅਤਾਂ ਤੇ ਜੇਤੂ ਪਹਿਲਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਸ਼ਵੰਤ ਸਿੰਘ ਡੀਐਸਪੀ ਫੂਲ, ਮਨਪ੍ਰੀਤ ਫਰੀਦਕੋਟ, ਨੀਰਜ ਗਿੱਦੜਬਹਾ ਆਦਿ ਹਾਜ਼ਰ ਸਨ।