ਮਨੀਪੁਰ ਅਗਵਾ ਤੇ ਹੱਤਿਆ ਮਾਮਲੇ ਦਾ ਮੁੱਖ ਸਾਜ਼ਿਸ਼ਘਾੜਾ ਗ੍ਰਿਫ਼ਤਾਰ
ਨਵੀਂ ਦਿੱਲੀ: ਸੀਬੀਆਈ ਨੇ ਮਨੀਪੁਰ ਦੇ ਦੋ ਲਾਪਤਾ ਵਿਦਿਆਰਥੀਆਂ ਸਬੰਧੀ ਕੇਸ ਦੇ ਮੁੱਖ ਸਾਜ਼ਿਸ਼ਘਾੜੇ ਨੂੰ ਪੁਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ਦੇ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਦੀ ਵਿਸ਼ੇਸ਼ ਜਾਂਚ ਟੀਮ ਨੇ ਬੁੱਧਵਾਰ ਨੂੰ ਮੁੱਖ ਸਾਜਿਸ਼ਘਾੜੇ ਪਾਓਲੁਨਮਾਂਗ (23) ਨੂੰ ਗ੍ਰਿਫ਼ਤਾਰ ਕਰਨ ਮਗਰੋਂ ਗੁਹਾਟੀ ਲਿਆਂਦਾ ਜਿੱਥੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਅਦਾਲਤ ਨੇ ਉਸ ਨੂੰ 16 ਅਕਤੂਬਰ ਤੱਕ ਸੀਬੀਆਈ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੂੰ ਸ਼ੱਕ ਹੈ ਕਿ ਪਾਓਲੁਨਮਾਂਗ ਇਸ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ। ਦੱਸਣਯੋਗ ਹੈ ਕਿ ਫਿਜਾਮ ਹੇਮਨਜੀਤ (20) ਅਤੇ 17 ਸਾਲਾ ਲੜਕੀ ਹਿਜਾਮ ਲਨਿਥੋਇੰਗਬੀ ਬੀਤੀ 6 ਜੁਲਾਈ ਨੂੰ ਲਾਪਤਾ ਹੋ ਗਏ ਸਨ। ਉਨ੍ਹਾਂ ਦੀਆਂ ਲਾਸ਼ਾਂ ਵਾਲੀਆਂ ਤਸਵੀਰਾਂ 25 ਸਤੰਬਰ ਨੂੰ ਸਾਹਮਣੇ ਆਈਆਂ ਸਨ, ਜਿਸ ਮਗਰੋਂ ਵਿਦਿਆਰਥੀਆਂ ਨੇ ਮਨੀਪੁਰ ਵਿੱਚ ਮੁਜ਼ਾਹਰਾ ਕੀਤਾ ਸੀ। ਉਧਰ ਸੁਰੱਖਿਆ ਬਲਾਂ ਨੇ ਪਿਛਲੇ ਚਾਰ ਦਿਨਾਂ ’ਚ ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ 36 ਹਥਿਆਰ ਅਤੇ 300 ਤੋਂ ਵੱਧ ਰੌਂਦ ਬਰਾਮਦ ਕੀਤੇ ਹਨ। -ਪੀਟੀਆਈ