For the best experience, open
https://m.punjabitribuneonline.com
on your mobile browser.
Advertisement

ਭੀਮ ਟਾਂਕ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਮਾਰੀ ਵਿਦੇਸ਼ ਉਡਾਰੀ

07:08 AM Apr 04, 2024 IST
ਭੀਮ ਟਾਂਕ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਮਾਰੀ ਵਿਦੇਸ਼ ਉਡਾਰੀ
Advertisement

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 3 ਅਪਰੈਲ
ਅਬੋਹਰ ਦੇ ਭੀਮ ਟਾਂਕ ਉਰਫ਼ ਭੀਮ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਦਾ ਮੁੱਖ ਦੋਸ਼ੀ ਹਰਪ੍ਰੀਤ ਹੈਰੀ ਦੇ ਫ਼ਰਜ਼ੀ ਪਾਸਪੋਰਟ ’ਤੇ ਦੁਬਈ ਉਡਾਰੀ ਮਾਰੇ ਜਾਣ ਦਾ ਸ਼ੱਕ ਹੈ। ਉਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਗਿਆ ਸੀ। ਉਸ ਦਾ ਬਿਨਾਂ ਤਾਰੀਕ ਵਾਲਾ ਇਕ ਵੀਡੀਓ ਸੁਨੇਹਾ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੀ ਚਿਤਾਵਨੀ ਦੇ ਰਿਹਾ ਹੈ। ਇਸ ਵੀਡੀਓ ਵਿੱਚ ਉਹ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਇਕ ਰੈਲੀ ਕਰ ਕੇ ਦਿਖਾਉਣ ਲਈ ਵੀ ਵੰਗਾਰ ਰਿਹਾ ਹੈ। ਵੀਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਉਸ ਅਤੇ ਉਸ ਦੇ ਸਾਥੀਆਂ ਕੋਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰਬੰਧਾਂ ਦੇ ਟਾਕਰੇ ਲਈ ਲੋੜੀਂਦੀ ਗਿਣਤੀ ਵਿੱਚ ਏਕੇ-56 ਰਾਈਫਲਾਂ ਹਨ। ਉਧਰ ਇਸ ਸਬੰਧ ਵਿੱਚ ਗੱਲ ਕਰਨ ’ਤੇ ਫਾਜ਼ਿਲਕਾ ਦੀ ਐੱਸਐੱਸਪੀ ਪ੍ਰਗਿਆ ਜੈਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਹੈ।
ਪੁਲੀਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਸ਼ਰਾਬ ਕਾਰੋਬਾਰੀ ਅਤੇ ਸਾਬਕਾ ਅਕਾਲੀ ਆਗੂ ਸ਼ਿਵ ਲਾਲ ਡੋਡਾ ਸਣੇ 24 ਵਿਅਕਤੀਆਂ ਨੂੰ ਦਸੰਬਰ 2015 ਵਿੱਚ ਡੋਡਾ ਦੇ ਫਾਰਮ ਹਾਊਸ ਵਿੱਚ ਭੀਮ ਟਾਂਕ ਦੇ ਅੰਗ ਕੱਟ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ। ਹੈਰੀ ਇਸ ਮਾਮਲੇ ਦਾ ਮੁੱਖ ਦੋਸ਼ੀ ਹੈ। ਡੋਡਾ ਦੇ ਸਾਬਕਾ ਮੁਲਾਜ਼ਮ ਭੀਮ ਦਾ ਇਕ-ਇਕ ਅੰਗ ਕੱਟ ਕੇ ਉਸ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਭੀਮ ਨੇ ਘਟਨਾ ਤੋਂ ਕੁਝ ਹਫ਼ਤੇ ਪਹਿਲਾਂ ਹੀ ਡੋਡਾ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸ਼ਰਾਬ ਕਾਰੋਬਾਰੀ ਦੇ ਕੁਝ ਬੰਦਿਆਂ ਦੀ ਕੁੱਟਮਾਰ ਵੀ ਕੀਤੀ ਸੀ। ਭੀਮ ਦੀ ਹੱਤਿਆ ਦੇ ਰੋਸ ਵਜੋਂ ਪੂਰਾ ਅਬੋਹਰ ਸ਼ਹਿਰ ਬੰਦ ਰਿਹਾ ਸੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ-ਭਾਜਪਾ ਦੀ ਸਰਕਾਰ ਹੁੰਦੀ ਸੀ। ਬੇਰਹਿਮੀ ਨਾਲ ਕੀਤੇ ਗਏ ਇਸ ਕਤਲ ਨਾਲ ਸਾਰੇ ਖੇਤਰ ਅਤੇ ਸਿਆਸੀ ਪਾਰਟੀਆਂ ’ਚ ਰੋਸ ਫੈਲ ਗਿਆ ਸੀ, ਖ਼ਾਸ ਕਰ ਕੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦਾ ਵਾਅਦਾ ਕੀਤਾ ਸੀ। ਉਪਰੰਤ, ਫਾਜ਼ਿਲਕਾ ਦੀ ਇਕ ਅਦਾਲਤ ਨੇ ਅਗਸਤ 2019 ਵਿੱਚ ਹੈਰੀ ਤੇ ਹੋਰਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੂਤਰਾਂ ਅਨੁਸਾਰ ਦੋਸ਼ੀਆਂ ਨੇ ਉੱਪਰਲੀ ਅਦਾਲਤ ਵਿੱਚ ਪਹੁੰਚ ਕੀਤੀ ਸੀ। ਹੈਰੀ ਨੂੰ ਹਾਲ ਹੀ ਵਿੱਚ ਪੈਰੋਲ ਮਿਲ ਗਈ ਸੀ। ਹੁਣ ਪੁਲੀਸ ਨੂੰ ਜਾਣਕਾਰੀ ਮਿਲੀ ਹੈ ਕਿ ਹੈਰੀ ਫ਼ਰਜ਼ੀ ਪਾਸਪੋਰਟ ਤੇ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਦੁਬਈ ਉਡਾਰੀ ਮਾਰ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×