ਖਿੰਗਰਾ ਗੇਟ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 3 ਨਵੰਬਰ
ਕਮਿਸ਼ਨਰੇਟ ਪੁਲੀਸ ਨੇ ਖਿੰਗਰਾ ਗੇਟ ਗੋਲੀ ਕਾਂਡ ਦੇ ਮੁੱਖ ਕਥਿਤ ਦੋਸ਼ੀ ਨੂੰ ਜੁਰਮ ਦੇ 12 ਘੰਟਿਆਂ ਦੇ ਅੰਦਰ- ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਝਗੜੇ ਕਾਰਨ ਸ਼ਨਿਚਰਵਾਰ ਰਾਤ 8:15 ਵਜੇ ਖਿੰਗਰਾ ਗੇਟ ਇਲਾਕੇ ’ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਰਿਸ਼ਭ ਬਾਦਸ਼ਾਹ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਦਕਿ ਈਸ਼ੂ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲੀਸ ਨੇ ਥਾਣਾ ਡਿਵੀਜ਼ਨ 3 ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੇ ਸਾਹਿਲ ਕਪੂਰ ਉਰਫ ਮੰਨੂ ਕਪੂਰ ਢਿੱਲੂ ਵਾਸੀ ਈ.ਡੀ.-74 ਖਿੰਗਰਾ ਗੇਟ ਜਲੰਧਰ, ਸਾਜਨ ਸਹੋਤਾ ਵਾਸੀ ਕਿਸ਼ਨਪੁਰਾ ਜਲੰਧਰ, ਮਾਨਵ ਵਾਸੀ ਭਾਈ ਦਿੱਤ ਸਿੰਘ ਨਗਰ ਜਲੰਧਰ, ਨੰਨੂ ਕਪੂਰ ਵਾਸੀ ਐੱਮ. 54-74 ਖਿੰਗਰਾ ਗੇਟ ਜਲੰਧਰ, ਡਾਕਟਰ ਕੋਹਲੀ ਵਾਸੀ ਖਿੰਗੜਾ ਗੇਟ ਜਲੰਧਰ, ਚਕਸ਼ਤ ਰੰਧਾਵਾ ਵਾਸੀ ਜਲੰਧਰ, ਗੱਗੀ ਵਾਸੀ ਜਲੰਧਰ, ਕਾਕਾ ਚਾਚਾ ਵਾਸੀ ਜਲੰਧਰ ਅਤੇ ਕੁਝ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਸਾਹਿਲ ਕਪੂਰ ਉਰਫ ਮੰਨੂ ਕਪੂਰ ਢਿੱਲੂ ਨੂੰ ਇੱਕ ਦੇਸੀ ਪਿਸਤੌਲ ਅਤੇ ਦੋ ਖਾਲੀ ਖੋਲ੍ਹਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀ ਖਿਲਾਫ਼ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਵਿਚਾਰ ਅਧੀਨ ਹਨ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਵੀ ਛਾਪੇ ਮਾਰੇ ਜਾ ਰਹੇ ਹਨ।
ਪਰਿਵਾਰਕ ਮੈਂਬਰਾਂ ਅਤੇ ਮੁਹੱਲੇ ਵਾਲਿਆਂ ਵੱਲੋਂ ਆਵਾਜਾਈ ਠੱਪ
ਇਸ ਦੌਰਾਨ ਰਿਸ਼ਭ ਬਾਦਸ਼ਾਹ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲੇ ਵਾਲਿਆਂ ਨੇ ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਸਥਿਤ ਢਿੱਲਵਾਂ ਚੌਕ ਵਿੱਚ ਰਾਤ 9 ਵਜੇ ਧਰਨਾ ਦਿੱਤਾ ਤੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਪ੍ਰਦਰਸ਼ਨਕਾਰੀ ਪੰਜਾਬ ਪੁਲੀਸ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਜਾਮ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਖੁਦ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ ਤੇ ਦੱਸਿਆ ਕਿ ਘਟਨਾ ਦੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋਈ।