ਦੋਹਰੇ ਕਤਲ ਕੇਸ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 22 ਅਕਤੂਬਰ
ਚੱਕੋਵਾਲ ਬ੍ਰਾਹਮਣਾ ਵਿੱਚ ਸਨਿੱਚਰਵਾਰ ਰਾਤ ਪਿਓ-ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲਾ ਮੁੱਖ ਮੁਲਜ਼ਮ ਅੱਜ ਪੁਲੀਸ ਫਾਇਰਿੰਗ ਵਿੱਚ ਜ਼ਖ਼ਮੀ ਹੋ ਗਿਆ। ਦੱਸਣਯੋਗ ਹੈ ਕਿ ਜਦੋਂ ਪੁਲੀਸ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਗ੍ਰਿਫ਼ਤਾਰੀ ਦੇ ਡਰੋਂ ਉਸ ਨੇ ਪੁਲੀਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦਿਆਂ ਪੁਲੀਸ ਨੇ ਵੀ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖ਼ਲ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਸਨਿੱਚਰਵਾਰ ਨੂੰ ਪਿੰਡ ਤਲਵੰਡੀ ਅਰਾਈਆਂ ਦੇ ਰਹਿਣ ਵਾਲੇ ਪਿਓ-ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਾਇਰਿੰਗ ਵਿਚ ਦੋ ਬੱਚੇ ਵੀ ਜ਼ਖਮੀ ਹੋ ਗਏ ਸਨ। ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਹੋਰ ਮੁਲਜ਼ਮ ਨੂੰ ਵੀ ਪੁਲੀਸ ਜਲਦੀ ਗ੍ਰਿਫ਼ਤਾਰ ਕਰ ਕਰ ਲਵੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੋ ਕਤਲ ਕੇਸਾਂ ਵਿੱਚ ਪੰਜ ਗ੍ਰਿਫ਼ਤਾਰ
ਹੁਸ਼ਿਆਰਪੁਰ(ਪੱਤਰ ਪ੍ਰੇਰਕ): ਪੁਲੀਸ ਨੇ ਦੋ ਵੱਖ-ਵੱਖ ਥਾਵਾਂ ’ਤੇ ਹੋਏ ਦੋ ਕਤਲ ਕੇਸਾਂ ’ਚ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੀ 19 ਅਕਤੂਬਰ ਨੂੰ ਦਸ਼ਮੇਸ਼ ਨਗਰ ’ਚ ਹੋਏ ਇਕ ਔਰਤ ਦੇ ਕਤਲ ਦੇ ਸਬੰਧ ’ਚ ਮਾਡਲ ਟਾਊਨ ਪੁਲੀਸ ਨੇ ਸੋਨੂੰ ਸਿੰਘ ਵਾਸੀ ਮੁਹੱਲਾ ਦਸ਼ਮੇਸ਼ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ। ਵਰਣਨਯੋਗ ਹੈ ਕਿ 19 ਅਕਤੂਬਰ ਨੂੰ ਮੁਹੱਲਾ ਦਸ਼ਮੇਸ਼ ਨਗਰ ’ਚ ਕੁੰਡਲਾ ਦੇਵੀ ਨਾਂਅ ਦੀ ਔਰਤ ਦਾ ਕਤਲ ਹੋ ਗਿਆ ਸੀ। ਇਸ ਦੌਰਾਨ ਪੁਲੀਸ ਨੇ ਪਿੰਡ ਕੱਕੋਂ ਵਿੱਚ ਬੀਤੀ 21 ਅਕਤੂਬਰ ਨੂੰ ਹੋਏ ਇਕ ਵਿਅਕਤੀ ਦੇ ਕਤਲ ਦੇ ਸਬੰਧ ’ਚ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਕੱਕੋਂ ਵਿੱਚ ਦੀਪਕ ਸਹਿਗਲ ਦਾ ਕਤਲ ਹੋ ਗਿਆ ਸੀ। ਮੁਲਜ਼ਮਾਂ ਦੀ ਪਛਾਣ ਉਦੈ ਵਾਸੀ ਕਠਾਹ ਜ਼ਿਲ੍ਹਾ ਮੱਤੇਹਾਰੀ, ਬਿਹਾਰ, ਸ਼ਿਵ ਸ਼ੰਕਰ ਵਾਸੀ ਬਸੰਤਪੁਰ, ਬਿਹਾਰ, ਸ਼ਿਆਮ ਕੁਮਾਰ ਵਾਸੀ ਸੁੰਦਰ ਸਰਾਏ, ਬਿਹਾਰ ਅਤੇ ਰਾਮ ਬਾਬੂ ਵਾਸੀ ਕਰਵਾ, ਨੇਪਾਲ ਵਜੋਂ ਹੋਈ। ਇਹ ਸਾਰੇ ਇਸ ਵੇਲੇ ਕੱਕੋਂ ਵਿੱਚ ਰਹਿ ਰਹੇ ਸਨ।