ਨੌਕਰਾਣੀ ਨੇ ਫ਼ਰਜ਼ੀ ਦਸਤਾਵੇਜ਼ਾਂ ਨਾਲ ਮਾਲਕ ਦੀ ਦੁਕਾਨ ਵੇਚੀ
ਪੱਤਰ ਪ੍ਰੇਰਕ
ਟੋਹਾਣਾ, 23 ਨਵੰਬਰ
ਇੱਥੇ ਇਕ ਨੌਕਰਾਣੀ ਵੱਲੋਂ ਫ਼ਰਜ਼ੀ ਦਸਤਾਵੇਜ਼ ਬਣਾ ਕੇ ਮਾਲਕ ਦੀ ਦੁਕਾਨ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਜ਼ਾਦ ਨਗਰ ਹਿਸਾਰ ਦੀ ਆਲੀਸ਼ਾਨ ਕੋਠੀ ਵਿੱਚ ਰਹਿੰਦੇ ਸਾਹਿਲ ਚੁੱਘ ਦੀ ਮੌਤ ਤੋਂ ਬਾਅਦ ਉਸ ਦੀ ਨੌਕਰਾਣੀ ਨੇ ਮ੍ਰਿਤਕ ਦੇ ਮੌਤ ਦਾ ਪ੍ਰਮਾਣ ਪੱਤਰ ਦੂਜੀ ਵਾਰ ਮਿਲੀਭੁਗਤ ਕਰਕੇ ਬਣਵਾਇਆ ਜਿਸ ਵਿਚ ਉਸ ਨੂੰ ਪਤਨੀ ਦੱਸਿਆ ਗਿਆ। ਸੋਨਾਮਨੀ ਨੇ ਫਰਜ਼ੀ ਦਸਤਾਵੇਜ਼ਾਂ ਨਾਲ ਮ੍ਰਿਤਕ ਦੀ ਹਿਸਾਰ ਦੇ ਸੁਭਾਸ਼ ਨਗਰ ਮਾਰਕੀਟ ਵਿੱਚ ਕੀਮਤੀ ਦੁਕਾਨ ਵੇਚ ਦਿੱਤੀ। ਧੋਖਾਧੜੀ ਦਾ ਭੇਦ ਉਸ ਸਮੇਂ ਖੁੱਲ੍ਹਿਆ ਜਦੋਂ ਖਰੀਦਦਾਰ ਦੁਕਾਨ ਦਾ ਕਬਜ਼ਾ ਲੈਣ ਪੁਜਾ। ਮ੍ਰਿਤਕ ਦੀ ਭੈਣ ਪ੍ਰਿਆ ਬੈਂਕ ਕਰਮਚਾਰੀ ਨੇ ਐਸਪੀ ਹਿਸਾਰ ਨੂੰ ਸ਼ਿਕਾਇਤ ਕੀਤੀ ਤਾਂ ਧੋਖਾਧੜੀ ਦੀ ਪੋਲ ਖੁੱਲ੍ਹਦੀ ਗਈ। ਪੁਲੀਸ ਜਾਂਚ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਚੁੱਘ ਦੀ ਜਾਇਦਾਦ ਹੜੱਪਣ ਲਈ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਸਨ। ਪੁਲੀਸ ਨੇ ਨੌਕਰਾਣੀ ਸੋਨਾਮਨੀ, ਸਾਬਕਾ ਡਿਪਟੀ ਮੇਅਰ ਹਿਸਾਰ, ਪਟਵਾਰੀ ਤੇ ਉਸ ਸਮੇਂ ਦੇ ਤਹਿਸੀਲਦਾਰ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸਾਬਕਾ ਮੇਅਰ ਨੇ ਦੱਸਿਆ ਕਿ ਜਾਅਲੀ ਦਸਤਾਵੇਜ਼ ਬਣਨ ਤੋਂ ਪਹਿਲਾਂ ਉਸ ਦਾ ਬੈਗ ਗੁੰਮ ਹੋ ਗਿਆ ਸੀ ਜਿਸ ਵਿਚ ਉਸ ਦੀਆਂ ਮੋਹਰਾਂ ਤੇ ਜ਼ਰੂਰੀ ਕਾਗਜ਼ਾਤ ਸਨ। ਮੇਅਰ ਨੇ ਦੱਸਿਆ ਕਿ ਜਾਅਲੀ ਦਸਤਾਵੇਜ਼ ਤਿਆਰ ਕਰਨ ਤੋਂ ਪਹਿਲਾਂ ਉਸ ਨੇ ਸਿਟੀ ਪੁਲੀਸ ਕੋਲ ਬੈਗ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੇ ਦਸਤਖ਼ਤ ਵੀ ਜਾਅਲੀ ਕੀਤੇ ਗਏ ਹਨ। ਪੁਲੀਸ ਜਾਂਚ ਵਿਚ ਕਿਹਾ ਗਿਆ ਕਿ ਮੌਤ ਪ੍ਰਮਾਣ ਪੱਤਰ ਨਗਰ ਪਰਿਸ਼ਦ ਹਾਂਸੀ ਤੋਂ ਦੋ ਵਾਰ ਮਿਲੀਭੁਗਤ ਨਾਲ ਜਾਰੀ ਹੋਇਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਬਿਆਨ ਮੇਲ ਨਾ ਖਾਣ ’ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।