ਸ਼ਿਵ ਵਿਹਾਰ ਖੇਤਰ ਵਿੱਚ ਨੌਕਰਾਣੀ ਨੇ ਫਾਹਾ ਲਿਆ
ਪੱਤਰ ਪ੍ਰੇਰਕ
ਜਲੰਧਰ, 31 ਅਗਸਤ
ਮਾਡਲ ਟਾਊਨ ਇਲਾਕੇ ’ਚ ਕੰਮ ਕਰਨ ਵਾਲੀ 22 ਸਾਲਾ ਘਰੇਲੂ ਨੌਕਰਾਣੀ ਨੇ ਅੱਜ ਸਵੇਰੇ ਸ਼ਿਵ ਵਿਹਾਰ ’ਚ ਸਾਬਕਾ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੀ ਮਾਂ ਦੇ ਘਰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਨਿਕਿਤਾ ਵਰਮਾ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਲਖਨਊ ਦੀ ਰਹਿਣ ਵਾਲੀ ਸੀ ਤੇ ਇੱਥੇ ਜੋ ਸੋਡਲ ਨਗਰ ਵਿੱਚ ਆਪਣੀ ਮਾਸੀ ਨਾਲ ਰਹਿੰਦੀ ਸੀ। ਨਿਕਿਤਾ ਪਿਛਲੇ ਪੰਜ ਸਾਲਾਂ ਤੋਂ ਸਹਿਗਲ ਦੇ ਘਰ ਵਿੱਚ ਨੌਕਰੀ ਕਰਦੀ ਸੀ। ਨਿਕਿਤਾ ਦੀ ਮਾਸੀ ਕ੍ਰਿਸ਼ਨਾ ਵਰਮਾ ਨੂੰ ਸਵੇਰੇ ਉਸ ਦੀ ਭਤੀਜੀ ਦੀ ਫਾਹਾ ਲੈ ਕੇ ਮੌਤ ਹੋਣ ਦੀ ਸੂਚਨਾ ਮਿਲੀ। ਮੌਕੇ ’ਤੇ ਪੁੱਜੀ ਉਸ ਦੀ ਮਾਸੀ ਨੇ ਪੁਲੀਸ ਨੂੰ ਪਾਰਦਰਸ਼ੀ ਢੰਗ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਥਾਣਾ ਡਿਵੀਜ਼ਨ ਨੰਬਰ-7 ਐੱਸਐੱਚਓ ਅਨੂ ਪਾਲਿਆਲ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਬਿਹਾਰ ’ਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦੇ ਮਾਤਾ-ਪਿਤਾ ਆ ਜਾਣਗੇ, ਉਨ੍ਹਾਂ ਦੇ ਬਿਆਨਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਰੋਹਨ ਸਹਿਗਲ ਦੇ ਵਕੀਲ ਹਰਮਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਪਰਿਵਾਰ ਵੱਲੋਂ ਸੀਸੀਟੀਵੀ ਫੁਟੇਜ ਪੁਲੀਸ ਨੂੰ ਸੌਂਪਣ ਸਮੇਤ ਚੱਲ ਰਹੀ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।